ਹੁਣ ਨੀ ਲੱਗਦੇ ਦਾਤੀ ਨੂੰ ਘੁੰਗਰੂ

ਬਲਵੀਰ ਸਿੰਘ ਬਾਸੀਆਂ

(ਸਮਾੲਜ ਵੀਕਲੀ):

ਪਹਿਲੇ ਸਮਿਆਂ ਵਿੱਚ ਜਿਵੇਂ-ਜਿਵੇਂ ਵਿਸਾਖੀ ਨੇੜੇ ਆਉਂਦੀ ਸੀ,ਤਿਵੇਂ-ਤਿਵੇਂ ਕਣਕ ਦੀ ਵਾਢੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਂਦੀਆਂ ਸਨ। ਕਿਉਂਕਿ ਕਣਕ ਦੀ ਵਾਢੀ ਦਾ ਸਬੰਧ ਵਿਸਾਖੀ ਨਾਲ ਜੁੜਿਆ ਹੋਇਆ ਹੈ। ਪਹਿਲੇ ਸਮਿਆਂ ਵਿੱਚ ਵਿਸਾਖੀ ਵਾਲੇ ਦਿਨ ਕਣਕ ਨੂੰ ਦਾਤੀ ਪਾਉਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ। ਇਸ ਦਿਨ ਕਣਕ ਦੀ ਰਸਮੀ ਵਾਢੀ ਦੀ ਸ਼ੁਰੂਆਤ ਹੋ ਜਾਂਦੀ ਸੀ।ਪਿੰਡ ਦੇ ਹਰ ਬੱਚੇ-ਬੁੱਢੇ,ਨੌਜਵਾਨ -ਮੁਟਿਆਰ ਨੂੰ ਕਣਕ ਦੀ ਵਾਢੀ ਦਾ ਚਾਅ ਹੁੰਦਾ ਸੀ। ਇਸ ਕੰਮ ਵਿੱਚ ਪਿੰਡ ਦੇ ਹਰ ਪਰਿਵਾਰ ਦੇ ਹਰ ਜੀਅ ਦਾ ਪੂਰਾ ਭਰਵਾਂ ਯੋਗਦਾਨ ਹੁੰਦਾ ਸੀ। ਚਾਹੇ ਉਹ ਬੱਚਿਆਂ ਦੁਆਰਾ ਵੱਡਿਆਂ ਨੂੰ ਪਾਣੀ ਪਿਲਾਉਣ ਜਾਂ ਸ਼ਾਮ ਨੂੰ ਭਰੀਆਂ ਬੰਨ੍ਹਣ ਵੇਲੇ ਅੱਗੇ-ਅੱਗੇ ਰੱਸੀਆਂ ਵਿਛਾਉਣ ਦਾ। ਇਸੇ ਤਰ੍ਹਾਂ ਹੀ ਘਰ ਦੀਆਂ ਸੁਆਣੀਆਂ ਦੁਆਰਾ ਘਰਾਂ ਦਾ ਕੰਮ ਨਿਬੇੜ ਖੇਤਾਂ ਵਿੱਚ ਹਾੜੀ ਵੱਢਦੇ ਟੱਬਰ ਲਈ ਰੋਟੀ/ਚਾਹ ਲੈ ਕੇ ਜਾਣ ਤੇ ਉੱਥੇ ਜਾ ਕੇ ਕੰਮ ਵਿੱਚ ਮੱਦਦ ਕਰਨ ਦਾ ਹੁੰਦਾ ਸੀ।

ਹਾੜੀ ਦੇ ਦਿਨਾਂ ਵਿੱਚ ਖੇਤਾਂ ਵਿੱਚ ਰੌਣਕਾਂ ਤੇ ਘਰਾਂ ਵਿੱਚ ਵਿਰਾਨੀ ਛਾਈ ਹੁੰਦੀ ਸੀ। ਸਾਰਾ ਪਿੰਡ ਹੀ ਜਿਵੇਂ ਖੇਤਾਂ ਵਿੱਚ ਨੱਚ ਰਿਹਾ ਪ੍ਰਤੀਤ ਹੁੰਦਾ ਸੀ। ਖੇਤਾਂ ਵਿੱਚ ਹੀ ਤਰਖਾਣਾ ਕੰਮ ਕਰਦੇ ਲੋਕ ਦਾਤੀਆਂ ਦੇ ਦੰਦੇ ਕੱਢਣ ਲਈ ਪਹੁੰਚਦੇ ਸਨ ।ਹੁਣ ਵਾਂਗ ਕਿਸੇ ਦਾ ਗੋਡਾ-ਮੋਢਾ ਨਹੀਂ ਸੀ ਦੁਖਦਾ ਤੇ ਨਾਂ ਹੀ ਕਿਸੇ ਨੂੰ ਆਪ ਸਹੇੜੀਆਂ ਬਿਮਾਰੀਆਂ ਸੂਗਰ,ਬੀ ਪੀ ਜਾਂ ਸਰਵਾਈਕਲ ਵਗੈਰਾ ਹੁੰਦਾ ਸੀ ।ਘਰਾਂ ਵਿੱਚ ਵਿਹਲੇ ਬੈਠਣ ਵਾਲਿਆਂ ਨੂੰ ਨਿਕੰਮੇ ਤੇ ਬਿਮਾਰ ਗਰਦਾਨਿਆ ਜਾਂਦਾ ਸੀ। ਹਾੜੀ ਦੇ ਦਿਨਾਂ ਵਿੱਚ ਖੇਤਾਂ ਵਿੱਚ ਲੋਕ ਲੁੱਡੀਆਂ ਪਾਉਂਦੇ ਪ੍ਰਤੀਤ ਹੁੰਦੇ। ਸਮਾਜ ਦੀ ਭਾਈਚਾਰਕ ਸਾਂਝ ਇਹਨਾਂ ਦਿਨਾਂ ਵਿੱਚ ਦੁੱਗਣੀ-ਤਿੱਗਣੀ ਹੋ ਜਾਂਦੀ,ਜਦੋਂ ਸ਼ਾਮ ਨੂੰ ਸਾਰੇ ਜਣੇ ਹਾੜੀ ਦੀ ਗਰਦ ਲਾਹੁਣ ਲਈ ਪਾਣੀ ਨਾਲ ਗੁੜ ਖਾਂਦੇ ਜਾਂ ਗੁੜ ਵਾਲੀ ਵਰਤਦੇ।

ਜਿਵੇਂ-ਜਿਵੇਂ ਮਸ਼ੀਨੀ ਯੁੱਗ ਅੱਗੇ ਦੀ ਅੱਗੇ ਤੁਰਿਆ ਤਾਂ ਇਹ ਗੱਲਾਂ ਬੀਤੇ ਦੀਆਂ ਜਾਪਣ ਲੱਗੀਆਂ। ਬੇਸ਼ੱਕ ਮੈਂ ਵੀ ਆਪਣੇ ਸਮੇਂ ਵਿੱਚ ਫਲ਼ਿਆਂ ਨਾਲ ਗਹਾਈ ਹੁੰਦੀ ਨਹੀਂ ਵੇਖੀ ਪਰ ਹਾੜੀ ਜਰੂਰ ਵੱਢੀ ਹੈ ਤੇ ਡਰੰਮੀ ਥਰੈਸ਼ਰ ਨੂੰ ਹੜੰਬੇ ਥਰੈਸ਼ਰ ਚ ਬਦਲਦਿਆਂ ਦੇਖਿਆ ਹੈ। ਕੰਬਾਇਨਾਂ ਉਦੋਂ ਟਾਵੀਆਂ-ਟਾਵੀਆਂ ਹੀ ਆਈਆਂ ਸਨ। ਪਰ ਅੱਜ ਦੇ ਮਸ਼ੀਨੀਕਰਨ ਨੇ ਸਾਰਾ ਕੁਝ ਬਦਲ ਦਿੱਤਾ ਹੈ। ਜਿੱਥੇ ਗਲੋਬਲ ਵਾਰਮਿੰਗ ਨਾਲ ਨਿੱਤ ਬਦਲਦੇ ਮੌਸਮ ਨੇ ਹਾੜੀ-ਸਾਉਣੀ ਦੇ ਸੀਜਨ ਵਿੱਚ ਤੇਜੀ ਲਿਆਂਦੀ ਹੈ,ਉੱਥੇ ਪਿੜ ਸਾਂਭਣ ਵਿੱਚ ਵੀ ਬਹੁਤ ਬਦਲਾਅ ਆ ਗਏ ਹਨ। ਜਿੱਥੇ ਪਹਿਲਾਂ ਕਹਿੰਦੇ ਸੀ ਹੜੰਬਾ ਥਰੈਸ਼ਰ ਦਿਨ ਵਿੱਚ ਕਈ-ਕਈ ਕਿੱਲੇ ਕਣਕ ਕੱਢ ਕੇ ਅਹੁ ਮਾਰਦਾ ਸੀ ,ਅੱਜ ਕੰਬਾਇਨਾਂ ਨੇ ਉਸ ਤੋਂ ਵੀ ਸੁਖਾਲਾ ਕਰ ਦਿੱਤਾ ਹੈ।

ਸ਼ਾਮ ਨੂੰ ਪਤਾ ਨਹੀਂ ਕਿੰਨੇ ਕੁ ਕਿੱਲਿਆਂ ਦੀ ਕਟਾਈ ਕਰ ਕੇ ਬੰਦੇ ਨੂੰ ਘੰਟਿਆਂ ਵਿਚ ਹੀ ਵਿਹਲੇ ਕਰ ਦਿੰਦੀ ਹੈ। ਮਸ਼ੀਨੀਕਰਨ ਨਾਲ ਜਿੱਥੇ ਕੰਮਕਾਜ ਸੁਖਾਲਾ ਹੋਇਆ ਹੈ,ਉੱਥੇ ਕਿਤੇ ਨਾਂ ਕਿਤੇ ਸਾਡੀ ਸਮਾਜਿਕ -ਭਾਈਚਾਰਕ ਸਾਂਝ ਤੇ ਵੀ ਅਸਰ ਪਿਆ ਹੈ। ਇਹ ਕਾਫੀ ਹੱਦ ਤੱਕ ਖਤਮ ਹੋਈ ਹੈ। ਸਰਕਾਰਾਂ ਦੁਆਰਾ ਮੁਫਤ ਦਿੱਤੀਆਂ ਜਾਂਦੀਆਂ ਸਹੂਲਤਾਂ ਨੇ ਲੋਕਾਂ ਨੂੰ ਵਿਹਲੜ ਤੇ ਨਿਕੰਮੇ ਬਣਾ ਛੱਡਿਆ ਹੈ। ਹੁਣ ਕਿਸੇ ਨੂੰ ਹਾੜੀ ਵੱਢਣ ਦਾ ਕੋਈ ਚਾਅ ਨਹੀਂ ਹੈ ਤੇ ਨਾਂ ਹੀ ਬਿਮਾਰੀਆਂ ਨੇ ਲੋਕਾਂ ਨੂੰ ਹਾੜੀ ਵੱਢਣ ਜੋਗੇ ਛੱਡਿਆ ਹੈ। ਬਹੁਤਾ ਕੰਮ ਅਸੀਂ ਪਰਵਾਸੀ ਮਜਦੂਰਾਂ ਤੇ ਛੱਡ ਦਿੱਤਾ ਹੈ। ਹਾੜੀ ਮੌਕੇ ਹੁੰਦੀ ਹੱਟੀ-ਭੱਠੀ ਦੀ ਸਾਂਝ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ। ਹੁਣ ਕੋਈ ਨਵੀਂ ਵਿਆਹੀ ਵੀ ਨੀ ਕਹਿੰਦੀ,
“ਹਾੜੀ ਵੱਢੂੰਗੀ ਬਰਾਬਰ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ।”

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਫੇਅਰਵੈੱਲ ਪਾਰਟੀ ਦਾ ਆਯੋਜਨ
Next articleIPL 2022: Williamson’s measured fifty seals 8-wicket win for Hyderabad over Gujarat