” ਸੱਭਿਆਚਾਰਕ ਗੀਤਾਂ ਦਾ ਰਚੇਤਾ ਇੰਦਰਜੀਤ ਹਸਨਪੁਰੀ” 

(ਸਮਾਜ ਵੀਕਲੀ)-ਕੁਝ ਗੀਤ ਇੰਨੇ ਮਕਬੂਲ ਹੋ ਜਾਂਦੇ ਹਨ ਕਿ ਉਹ ਗੀਤਕਾਰ ਅਤੇ ਗਾਇਕਾ ਲਈ ਤਖ਼ੱਲਸ ਬਣ ਜਾਂਦੇ ਹਨ ਜਿਨ੍ਹਾਂ ਚੋਂ ਇੰਦਰਜੀਤ ਹਸਨਪੁਰੀ ਦਾ ਵੀ “ਗੜਵਾ ਚਾਂਦੀ ਦਾ” ਤਖ਼ੱਲਸ ਬਣ ਗਿਆ। ਇਸ ਗੀਤ ਨੇ ਹਸਨਪੁਰੀ ਨੂੰ ਤਾਂ ਗੀਤਕਾਰੀ ਦੇ ਅਸਮਾਨ ’ਤੇ ਪਹੁੰਚਾਇਆ ਹੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਪ੍ਰਸਿੱਧੀ ਨੂੰ ਵੀ ਕਿਤੇ ਦੀ ਕਿਤੇ ਪੁਚਾ ਦਿੱਤਾ ਸੀ। ਇਸੇ ਗੀਤ ਦੀ ਬਦੌਲਤ ਹੀ ਹਸਨਪੁਰੀ ਦੀ ਅੰਤਰਰਾਸ਼ਟਰੀ ਪਛਾਣ ਬਣੀ ।
ਜੇ ਮੁੰਡੇਆਂ ਸਾਡੀ ਤੋਰ ਤੂ ਦੇਖਣੀ
ਗੜਵਾ ਲੈਦੇ ਚਾਂਦੀ ਦਾ
ਲੱਕ ਹੀਲੇ ਮਜਾਜਣ ਜਾਂਦੀ ਦਾ
ਅਸੀ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ
ਅੱਗ ਲੌਣਾ ਗਢਵਾ ਚਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ।
ਹਸਨਪੁਰੀ ਦੇ ਘਰ ਦੇ ਮੁੱਖ ਦਰਵਾਜ਼ੇ ’ਤੇ ਲਿਖਿਆ ‘ਗੜਵਾ ਚਾਂਦੀ ਦਾ’ ਵੀ ਉਸਦੀ ਵੱਖਰੀ ਪਛਾਣ ਬਣਾ ਰਿਹਾ ਹੈ । ਇੰਦਰਜੀਤ ਹਸਨਪੁਰੀ ਦਾ ਜਨਮ 20 ਅਗਸਤ 1932 ਨੂੰ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਵਿੱਚ  ਹੋਇਆ। ਇੰਦਰਜੀਤ ਹਸਨਪੁਰੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਅੰਤਾਂ ਦੇ ਸੰਘਰਸ਼ ਲੇਖੇ ਲਾਇਆ। ਪੇਂਟਰ ਦੇ ਕੰਮ ਵਿੱਚੋਂ ਉਨ੍ਹਾਂ ਰੋਟੀ ਲੱਭੀ। ਇਹ ਕੰਮ ਕਰਦਿਆਂ ਵੀ ਉਹ ਸੋਚਾਂ ਵਿੱਚ ਉੱਠਦੇ ਗੀਤਾਂ ’ਚ ਰੰਗ ਜ਼ਿਆਦਾ ਭਰਦੇ ਰਹੇ। ਫੇਰ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਜਦੋਂ ਗਾਇਕਾ ਨੇ ਆਪਣੀ ਅਵਾਜ ਵਿੱਚ ਗਾਇਆ ਤਾਂ ਹਸਨਪੁਰੀ ਇੱਕ ਪ੍ਰਸਿੱਧ ਗੀਤਕਾਰ ਵਜੋਂ ਮਕਬੂਲ ਹੋਏ।
‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ’, ‘ਢਾਈ ਦਿਨ ਨਾ ਜਵਾਨੀ ਨਾਲ਼ ਚਲਦੀ ਕੁੜਤੀ ਮਲਮਲ ਦੀ’, ‘ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ’, ‘ਘੁੰਡ ਕੱਢ ਕੇ ਖ਼ੈਰ ਨਾ ਪਾਈਏ’ ਸਮੇਤ ਦਰਜਨਾਂ ਹੋਰ ਗੀਤਾਂ ਦੇ ਬੋਲ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਇੰਦਰਜੀਤ ਹਸਨਪੁਰੀ ਪੰਜਾਬੀ ਗੀਤਕਾਰੀ ਦਾ ਚਮਕਦਾ ਸਿਤਾਰਾ ਸੀ। ਉਨ੍ਹਾਂ ਨੇ ਰਿਕਾਰਡਾਂ ਵਾਲੇ ਦੌਰ ਵਿੱਚ ਸੰਗੀਤ ਕੰਪਨੀਆਂ ਦੀਆਂ ਝੋਲੀਆਂ ਭਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਹਸਨਪੁਰੀ ਉਦੋਂ ਦਸ ਕੁ ਸਾਲਾਂ ਦਾ ਸੀ, ਜਦੋਂ ਉਸ ਦੇ ਸਿਰ ਤੋਂ ਪਿਤਾ ਜਸਵੰਤ ਸਿੰਘ ਦਾ ਆਸਰਾ ਲਹਿ ਗਿਆ। ਰੋਜ਼ੀ ਰੋਟੀ ਦੇ ਜੁਗਾੜ ਲਈ ਉਸ ਨੂੰ ਬੜੇ ਪਾਪੜ ਵੇਲਣੇ ਪਏ। ਉਹ ਆਪਣੇ ਤਾਏ ਕੋਲ ਦਿੱਲੀ ਚਲਾ ਗਿਆ। ਉੱਥੇ ਕਾਫ਼ੀ ਸਮਾਂ ਉਨ੍ਹਾਂ ਨਾਲ ਠੇਕੇਦਾਰੀ ਦਾ ਕੰਮ ਕੀਤਾ। ਰੋਜ਼ੀ ਲਈ ਭਾਵੇਂ ਬਹੁਤ ਕੁੱਝ ਕਰਨਾ ਪੈ ਰਿਹਾ ਸੀ, ਪਰ ਉਨ੍ਹਾਂ ਦੀ ਅਸਲ ਸੁਰਤੀ ਸੱਭਿਆਚਾਰਕ ਖਿੱਤੇ ਨਾਲ ਜੁੜੀ ਹੋਈ ਸੀ।
1960 ਵਿੱਚ ਹਸਨਪੁਰੀ ਨੇ ਪਹਿਲੀ ਵਾਰ ਮਾਇਆ ਨਗਰੀ ਮੁੰਬਈ ਵਿੱਚ ਪੈਰ ਧਰਿਆ। ਇੱਥੇ ਉਸ ਦਾ ਬੜੇ ਗੀਤਕਾਰਾਂ, ਅਦਾਕਾਰਾਂ ਨਾਲ ਮੇਲ ਹੋਇਆ। ਉਸ ਦੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਸੀ। ਉਸ ਨੇ ਇੱਥੇ ਪਹਿਲੀ ਵਾਰ ‘ਨਹੀਂ ਰੀਸਾਂ ਪੰਜਾਬ ਦੀਆਂ’ ਫਿਲਮ ਲਈ ਗੀਤ ਲਿਖੇ, ਜਿਹੜੇ ਮੁਹੰਮਦ ਰਫ਼ੀ ਤੇ ਆਸ਼ਾ ਭੌਂਸਲੇ ਨੇ ਗਾਏ। ਇਨ੍ਹਾਂ ਗੀਤਾਂ ਨੇ ਉਸ ਨੂੰ ਅਜਿਹੀ ਸ਼ੋਹਰਤ ਦਿੱਤੀ ਕਿ ਫ਼ਿਲਮ ਨਗਰੀ ਵਿੱਚ ਉਸ ਦੀ ਪਛਾਣ ਹੋਰ ਤੋਂ ਹੋਰ ਗੂੜ੍ਹੀ ਹੁੰਦੀ ਗਈ।
ਹਸਨਪੁਰੀ ਇਸ ਗੱਲੋਂ ਖ਼ੁਸ਼ਕਿਸਮਤ ਰਿਹਾ ਕਿ ਉਸ ਨੂੰ ਸਮਕਾਲੀ ਗੀਤਕਾਰਾਂ ਵਾਂਗ ਅੰਤਲੇ ਵੇਲ਼ੇ ਦੁੱਖਾਂ-ਭੁੱਖਾਂ ਨਾਲ ਲੜਨਾ ਨਹੀ ਪਿਆ। ਉਸ ਦੀ ਕਲਮ ਨੇ ਉਸ ਨੂੰ ਬੇਪਨਾਹ ਸ਼ੋਹਰਤ ਦਿੱਤੀ।
ਇੱਕ ਅੰਦਾਜ਼ੇ ਮੁਤਾਬਕ ਹਸਨਪੁਰੀ ਦੇ ਢਾਈ ਕੁ ਹਜ਼ਾਰ ਗੀਤ ਰਿਕਾਰਡ ਹੋਏ, ਜਿਨ੍ਹਾਂ ਵਿੱਚ ਨਵੇਂ ਗਾਇਕ ਘੱਟ ਤੇ ਉਨ੍ਹਾ ਦੇ ਸਮਕਾਲੀ ਗਾਇਕ ਵੱਧ ਸਨ। ਉਨ੍ਹਾਂ ਦੇ ਗੀਤਾਂ ਨੂੰ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਆਸ਼ਾ ਭੌਂਸਲੇ, ਕੇ.ਦੀਪ-ਜਗਮੋਹਣ ਕੌਰ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਚਾਂਦੀ ਰਾਮ ਚਾਂਦੀ, ਬਖ਼ਸ਼ੀ ਰਾਮ, ਸਵਰਨ ਲਤਾ, ਸੁਰਿੰਦਰ ਸ਼ਿੰਦਾ, ਪਾਲੀ ਦੇਤਵਾਲੀਆ ਤੇ ਦਰਜਨਾਂ ਹੋਰ ਗਾਇਕਾਂ ਨੇ ਗਾਇਆ। ਉਨ੍ਹਾ ਦਰਜਨ ਤੋਂ ਵੱਧ ਫ਼ਿਲਮਾਂ ਦੇ ਗੀਤ ਲਿਖੇ। ਕਈ ਫਿਲਮਾਂ ਖ਼ੁਦ ਵੀ ਬਣਾਈਆਂ ਤੇ ਸਾਰੇ ਖੇਤਰਾਂ ਵਿੱਚ ਇੱਕੋ ਜਿੰਨੇ ਵਿਚਰਨ ਕਰਕੇ ਉਨ੍ਹਾ ਨੂੰ ਜਿੱਥੇ ਉੱਚ ਕੋਟੀ ਦੇ ਗੀਤਕਾਰ ਮੰਨਿਆ ਜਾਂਦਾ ਸੀ, ਉਥੇ ਸਫਲ ਫਿਲਮਸਾਜ਼ ਤੇ ਵਿਦਵਾਨ ਕਵੀ ਵਜੋਂ ਵੀ ਉਨ੍ਹਾਂ ਦੀ ਪਛਾਣ ਬਣੀ ਹੋਈ ਸੀ। ‘ਮਨ ਜੀਤੇ ਜਗ ਜੀਤ’, ‘ਦੁੱਖ ਭੰਜਨ ਤੇਰਾ ਨਾਮ’, ‘ਧਰਮਜੀਤ’, ‘ਯਮਲਾ ਜੱਟ’, ‘ਮਾਂ ਦਾ ਲਾਡਲਾ’ ਅਤੇ ‘ਚੋਰਾਂ ਨੂੰ ਮੋਰ’ ਫਿਲਮਾਂ ਲਈ ਉਨ੍ਹਾਂ ਗੀਤ ਲਿਖੇ। 1975 ਵਿੱਚ ਉਨ੍ਹਾ ਖੁਦ ‘ਤੇਰੀ ਮੇਰੀ ਇੱਕ ਜ਼ਿੰਦੜੀ’ ਫਿਲਮ ਦਾ ਨਿਰਮਾਣ ਕੀਤਾ, 1977 ਵਿੱਚ ਉਨ੍ਹਾਂ ‘ਦਾਜ’ ਫਿਲਮ ਬਣਾਈ ਤੇ 1979 ਵਿੱਚ ‘ਸੁਖੀ ਪਰਿਵਾਰ’ ਫਿਲਮ ਤਿਆਰ ਕੀਤੀ।
ਹਸਨਪੁਰੀ ਹੁਰਾਂ ਦਰਜਨ ਦੇ ਕਰੀਬ ਗੀਤਾਂ ਦੀਆਂ ਪੁਸਤਕਾਂ ਪਾਠਕਾਂ ਦੀ ਝੋਲ਼ੀ ਪਾਈਆਂ, ਜਿਨ੍ਹਾਂ ਵਿੱਚ ‘ਔਸੀਆਂ’, ‘ਜ਼ਿੰਦਗੀ ਦੇ ਗੀਤ’, ‘ਸਮੇਂ ਦੀ ਆਵਾਜ਼’, ‘ਜੋਬਨ ਨਵਾਂ ਨਕੋਰ’, ‘ਰੂਪ ਤੇਰਾ ਰੱਬ ਵਰਗਾ’, ‘ਮੇਰੀ ਜਿਹੀ ਕੋਈ ਜੱਟੀ ਨਾ’, ‘ਗੀਤ ਮੇਰੇ ਮੀਤ’, ‘ਕਿੱਥੇ ਗਏ ਉਹ ਦਿਨ ਅਸਲਮ’ ਅਤੇ ‘ਮੋਤੀਆਂ ਦੇ ਬਾਗ਼’ ਅਦਿ ਸਨ। ਉਨ੍ਹਾਂ ਨੇ ਕੁੱਝ ਕਵਿਤਾਵਾਂ ਵੀ ਲਿਖੀਆਂ ਜੋ ਕਾਫੀ ਮਕਬੂਲ ਹੋਈਆਂ।
ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿੱਚ ਵੀ ਭਗਵਾਨ
ਇਕ ਵੀ ਘਰ ਨਾ ਜਿਹਨਾਂ ਕੋਲੇ਼
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ।
ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਪਖੰਡਵਾਦ ਤੇ ਵੀ ਤੰਜ ਕੀਤਾ ਹੈ।
ਮੈਂ ਤਾਂ ਬੇਬੇ ਸਾਧ ਬਣੂੰਗਾ
ਨਾ ਬਣਨਾ ਪਟਵਾਰੀ, ਮੁਨਸ਼ੀ
ਨਾ ਚੁਕਣੀ ਨੇਤਾ ਦੀ ਝੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ
ਮੈਂ ਤਾਂ ਬੇਬੇ ਸਾਧ …….
ਅਖੀਰ 8 ਅਕਤੂਬਰ 2009 ਨੂੰ ਲੁਧਿਆਣਾ ਵਿਖੇ ਪੰਜਾਬੀ ਬੋਲੀ ਨੂੰ ਸਾਫ ਸੁਥਰੀ ਗਾਇਕੀ ਦੇਣ ਵਾਲੇ ਇੰਦਰਜੀਤ ਹਸਨਪੁਰੀ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਵੱਲੋਂ ਲਿਖੇ ਗੀਤ ਹਮੇਸ਼ਾਂ ਅਮਰ ਰਹਿਣਗੇ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ੁਸਲਖ਼ਾਨਿਆਂ ਤੋਂ ਬੀਚਾਂ ਤਕ ਔਰਤ ਦਾ ਸਫ਼ਰ
Next articleਬਾਬਿਆਂ ਤੋਂ ਬਚੋ