ਗ਼ੁਸਲਖ਼ਾਨਿਆਂ ਤੋਂ ਬੀਚਾਂ ਤਕ ਔਰਤ ਦਾ ਸਫ਼ਰ

ਸਰਬਜੀਤ ਸੋਹੀ
(ਸਮਾਜ ਵੀਕਲੀ)-ਸਾਡੀ ਸਮਾਜਿਕ ਬਣਤਰ ਵਿਚ ਮਰਦਾਵੀਆਂ ਧਾਰਨਾਵਾਂ ਦੀ ਪਕੜ ਐਨੀ ਕੁ ਮਜ਼ਬੂਤ ਹੈ ਕਿ ਜਿਸ ਔਰਤ ਨੇ ਵੀ ਇਹਨਾਂ ਨੂੰ ਬਦਲਣ ਲਈ ਪਹਿਲਕਦਮੀ ਕੀਤੀ, ਜਿਸ ਨੇ ਵੀ ਪਰੰਪਰਾਗਤ ਸਮੀਕਰਨਾਂ ਨੂੰ ਚੁਣੌਤੀ ਦਿੱਤੀ, ਉਸ ਨੂੰ ਬਹੁਤ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੱਛਮ ਵਿਚ ਥੀਏਟਰ, ਲਿਟਰੇਚਰ ਅਤੇ ਵਿਗਿਆਨ ਨੇ ਔਰਤ ਵਰਗ ਨੂੰ ਨਾਬਰੀ ਅਤੇ ਨਿਡਰਤਾ ਦੀ ਐਸੀ ਜਾਗ ਲਾਈ ਕਿ ਸੌ ਕੁ ਸਾਲਾਂ ਵਿਚ ਉਨ੍ਹਾਂ ਨੇ ਪਿਤਰਕੀ ਸੱਤਾ ਦੀਆਂ ਜ਼ੰਜੀਰਾਂ ਚਕਨਾਚੂਰ ਕਰਕੇ ਰੱਖ ਦਿੱਤੀਆਂ। ਪੈਰਿਸ ਦੀ 1870 ਦੀ ਕ੍ਰਾਂਤੀ ਤੋਂ ਬਾਅਦ ਨਾਰੀ ਮੁਕਤੀ ਅਤੇ ਬਰਾਬਰੀ ਦੀ ਆਵਾਜ਼ ਪੂਰੀ ਦੁਨੀਆ ਵਿਚ ਫੈਲਦੀ ਗਈ। ਸਮਾਜਵਾਦੀ ਵਿਚਾਰਾਂ ਨੇ ਇਸ ਹੋਲੀ ਹੋਲੀ ਚੱਲਦੀ ਨਾਰੀਵਾਦੀ ਸਮੀਰ ਨੂੰ ਜ਼ਬਰਦਸਤ ਸੁਨਾਮੀ ਬਣਾ ਦਿੱਤਾ। ਪੱਛਮ ਦੇ ਪ੍ਰਗਤੀਵਾਦੀ ਲੇਖਕਾਂ ਦੀਆਂ ਲਿਖਤਾਂ ਦਾ ਇਸ ਲਹਿਰ ਨੂੰ ਚੰਡਣ ਵਿਚ ਬਹੁਤ ਯੋਗਦਾਨ ਹੈ। ਆਸਟਰੇਲੀਆ ਦਾ ਸਮਾਜ ਵੀ ਉਨ੍ਹਾਂ ਦਿਨਾਂ ਵਿਚ ਬ੍ਰਿਟਿਸ਼ ਬਸਤੀਵਾਦ ਤਹਿਤ ਔਰਤਾਂ ਪ੍ਰਤੀ ਪਿਛਾਖੜ ਸੋਚ ਵਾਲਾ ਹੀ ਸੀ। ਪੂਰੇ ਦੇਸ਼ ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਚਾਹੇ 1902 ਦੇ ਐਕਟ ਨਾਲ ਮਿਲ ਗਿਆ ਸੀ, ਪਰ ਬਹੁਤ ਸਾਰੇ ਖੇਤਰਾਂ ਵਿਚ ਔਰਤਾਂ ਲਈ ਨਾਬਰਾਬਰੀ ਵਾਲੇ ਕਾਨੂੰਨ ਅਤੇ ਅਣਮਨੁੱਖੀ ਪਰੰਪਰਾ ਬਾਦਸਤੂਰ ਜਾਰੀ ਸਨ।
—ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ 6 ਜੁਲਾਈ 1886 ਨੂੰ ਜਨਮੀ ਐਨਿਟ ਕੈਲਰਮੈਨ (Annette Kellerman) ਜਨਮ ਤੋਂ ਹੀ ਲੱਤਾਂ ਤੋਂ ਬਹੁਤ ਕਮਜ਼ੋਰ ਸੀ। ਉਹ ਚੰਗੀ ਤਰਾਂ ਚਲ ਫਿਰ ਵੀ ਨਹੀਂ ਸਕਦੀ ਸੀ। ਉਸ ਦੇ ਮਾਪਿਆਂ ਨੇ ਉਸ ਦੀ ਲੱਤਾਂ ਦੀ ਸਮਰੱਥਾ ਵਧਾਉਣ ਲਈ ਉਸ ਨੂੰ 6 ਸਾਲ ਦੀ ਉਮਰ ਵਿਚ ਇਕ ਤੈਰਾਕੀ ਸਕੂਲ ਵਿਚ ਦਾਖਲ ਕਰਵਾ ਦਿੱਤਾ। 13 ਸਾਲ ਦੀ ਉਮਰ ਵਿਚ ਉਹਦੀਆਂ ਲੱਤਾਂ ਬਿਲਕੁਲ ਤੰਦਰੁਸਤ ਹੋ ਗਈਆਂ। ਮਹਿਜ਼ 15 ਸਾਲ ਦੀ ਉਮਰ ਵਿਚ ਹਰ ਤਰਾਂ ਦੀ ਤੈਰਾਕੀ ਵਿਚ ਨਿਪੁੰਨ ਤੈਰਾਕ ਬਣ ਗਈ। ਮੁਕਾਬਲਿਆਂ ਵਿਚ ਉਹ ਔਰਤਾਂ ਤਾਂ ਕੀ ਮਰਦਾਂ ਨੂੰ ਵੀ ਮਾਤ ਪਾਉਂਦੀ ਸੀ। ਉਸ ਨੇ ਕਈ ਨਵੇਂ ਰਿਕਾਰਡ ਸਥਾਪਿਤ ਕੀਤੇ। ਉਹ ਮੱਛੀਆਂ ਨਾਲ ਤੈਰਦੀ ਹੋਈ ਆਕਰਸ਼ਨ ਦਾ ਕੇਂਦਰ ਹੁੰਦੀ ਸੀ। ਉਸ ਨੇ 1907 ਵਿਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਦੁਨੀਆ ਦਾ ਪਹਿਲਾ under water Ballet ਕਰਕੇ ਦਿਖਾਇਆ ਜੋ ਕਿ ਅੱਜ ਆਧੁਨਿਕ Isadora Duncan ਦੇ ਜਲ ਨਾਚ ਦਾ ਆਧਾਰ ਹੈ। ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲ਼ੀਆਂ ਪਹਿਲੀਆਂ ਔਰਤਾਂ ਵਿੱਚੋਂ ਉਹ ਇਕ ਸੀ। ਉਸਦੀ ਯੂਰਪੀਅਨ ਫੇਰੀ ਨੇ ਪੂਰੇ ਵਿਸ਼ਵ ਵਿਚ ਉਸਦੀ ਪ੍ਰਤਿਭਾ ਦੀ ਧੁੰਮ ਮਚਾ ਦਿੱਤੀ।
—ਵੀਹਵੀਂ ਸਦੀ ਦੇ ਆਰੰਭ ਵਿਚ ਔਰਤਾਂ ਤੈਰਾਕੀ ਵਿਚ ਮਰਦਾਂ ਵਾਂਗ ਹੀ ਪਤਲੂਨ ਪਾਇਆ ਕਰਦੀਆਂ ਸਨ। ਉਸ ਨੇ One Piece ਸਵਿਮ ਸੂਟ ਪਹਿਲੀ ਵਾਰ ਤੈਰਾਕੀ ਵਿਚ ਪਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ, ਜੋ ਕਿ 1960 ਤੱਕ ਤੈਰਾਕ ਔਰਤਾਂ ਦੀ ਪਹਿਲੀ ਪਸੰਦ ਬਣਿਆ ਰਿਹਾ। ਆਪਣੀ ਅਮਰੀਕਨ ਫੇਰੀ ਦੌਰਾਨ Massachusetts ਦੇ Revere Beach ਤੇ ਜਦੋਂ ਉਹ ਮਾਡਰਨ ਸ਼ੈਲੀ ਵਾਲਾ ਸਵਿਮ ਸੂਟ ਪਾ ਕੇ ਗਈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਇਹ ਉਸ ਵੇਲੇ ਕਾਨੂੰਨ ਅਨੁਸਾਰ ਅਸ਼ਲੀਲ ਅਤੇ ਅਸਮਾਜਿਕ ਪਹਿਰਾਵਾ ਸੀ। ਉਸ ਦਾ ਇਹ ਬਿੰਦਾਸ ਕਦਮ ਸਦੀਆਂ ਤੋਂ ਚੱਲਦੇ ਆ ਰਹੇ ਪਿਤਰੀ ਨਜ਼ਰੀਏ ਨੂੰ ਸਿੱਧੀ ਚੁਣੌਤੀ ਵੀ ਸੀ। ਉਸ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ, ਪਰ ਇਸ ਨਾਲ ਪੂਰੇ ਵਿਸ਼ਵ ਵਿਚ ਐਨਿਟ ਕੈਲਰਮਾਨ ਦਾ ਨਾਮ ਗੂੰਜ ਉੱਠਿਆ। ਅੱਜ ਐਨਿਟ ਕੈਲਰਮਾਨ ਵੱਲੋਂ ਈਜਾਦ ਕੀਤਾ ਹੋਇਆ ਤੈਰਾਕੀ ਸੂਟ ਪੂਰੀ ਦੁਨੀਆ ਵਿਚ ਔਰਤਾਂ ਮਾਣ ਅਤੇ ਖੁੱਲ ਨਾਲ ਪਾਉਂਦੀਆਂ ਹਨ।
—ਕੈਲਰਮਾਨ ਦਾ ਸਮੁੱਚਾ ਜੀਵਨ ਹੀ ਨਾਰੀ ਗੌਰਵ ਅਤੇ ਬਰਾਬਰਤਾ ਲਈ ਇਕ ਤੋਂ ਬਾਅਦ ਇਕ ਦਲੇਰਾਨਾ ਕਦਮ ਪੁੱਟਣ ਦਾ ਗਵਾਹ ਹੈ। ਉਸਦੀਆਂ ਸਿਹਤ ਅਤੇ ਤੈਰਾਕੀ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਅੱਜ ਵੀ ਓਨੀਆਂ ਮਕਬੂਲ ਅਤੇ ਸਾਰਥਿਕ ਹਨ। ਸੰਨ੍ਹ 1911 ਤੋਂ ਲੈ ਕੇ 1925 ਤੱਕ ਉਸ ਨੇ ਕਈ ਹਾਲੀਵੁੱਡ ਦੀਆਂ ਫਿਲਮਾਂ ਵਿਚ ਕੰਮ ਕੀਤਾ। ਉਸ ਦੀ ਫ਼ਿਲਮ The Daughter of Gods ਦੁਨੀਆ ਦੀ ਪਹਿਲੀ ਫ਼ਿਲਮ ਸੀ, ਜਿਸ ਵਿਚ ਕਿਸੇ ਟਾਪ ਦੀ ਹੀਰੋਇਨ ਨੇ ਪਹਿਲੀ ਵਾਰ ਪੂਰਾ ਨਿਊਡ ਸੀਨ ਦਿੱਤਾ ਸੀ। ਉਸ ਦੀਆਂ ਸਾਰੀਆਂ ਫਿਲਮਾਂ ਵਿੱਚੋਂ ਇਕ ਫ਼ਿਲਮ Prizma Color, Venus of the South Seas ਹੀ ਵਰਤਮਾਨ ਵਿਚ ਮੌਜੂਦ ਹੈ, ਜਿਸ ਦੀ ਪੁਨਰ-ਸੰਭਾਲ ਹੋ ਸਕੀ ਹੈ। ਬਾਕੀ ਸਭ Lost films ਦੀ ਸੂਚੀ ਵਿਚ ਸ਼ਾਮਿਲ ਹਨ ਜੋ ਬਚਾਈਆਂ ਨਹੀਂ ਜਾ ਸਕੀਆਂ। ਐਨਿਟ ਕੈਲਰਮਾਨ ਤੇ ਉਸਦਾ ਪਤੀ James Sullivan ਜੋ ਕਿ ਉਸ ਦਾ ਮੈਨਜਰ ਵੀ ਸੀ, ਉਸ ਨਾਲ ਉਹ ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਵਿਖੇ ਰਹਿਣ ਲੱਗ ਪਈ ਸੀ। ਸੰਨ੍ਹ 1970 ਵਿਚ ਉਹ ਦੋਵੇਂ ਜਾਣੇ ਆਸਟਰੇਲੀਆ ਵਾਪਸ ਆ ਗਏ ਅਤੇ ਕਵੀਨਜਲੈਂਡ ਦੇ ਸ਼ਹਿਰ ਗੋਲ਼ਡ ਕੋਸਟ ਵਿਚ ਰਹਿਣ ਲੱਗ ਪਏ। 1974 ਵਿਚ ਉਸ ਦੇ ਮਾਣਮੱਤੇ ਕੈਰੀਅਰ ਸਦਕਾ ਉਸ ਦਾ ਨਾਮ International Swimming Hall of Fame at Fort Lauderdale, Florida  ਵਿਚ ਦਰਜ ਕੀਤਾ ਗਿਆ। ਗੋਲ਼ਡ ਕੋਸਟ ਰਹਿੰਦਿਆਂ ਹੀ ਸੰਨ੍ਹ 6 ਨਵੰਬਰ 1975 ਨੂੰ 88 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਆਖਰੀ ਇੱਛਾ ਅਨੁਸਾਰ ਉਸਦੀਆਂ ਅਸਥੀਆਂ ਨੂੰ ਆਸਟਰੇਲੀਆ ਦੀ ਖ਼ੂਬਸੂਰਤ ਸਮੁੰਦਰੀ ਧਰੋਹਰ Great Barrier Reef ਵਿਚ ਖਿਲਾਰ ਦਿੱਤਾ ਗਿਆ।
—ਐਨਿਟ ਕੈਲਰਮਾਨ ਦਾ ਜੀਵਨ ਸਮੁੱਚੇ ਵਿਸ਼ਵ ਦੀਆਂ ਔਰਤਾਂ ਲਈ ਪ੍ਰੇਰਨਾਮਈ ਹੈ, ਸੰਨ੍ਹ 1952 ਵਿਚ ਉਸ ਦੀ Biopic ਬਣੀ ਸੀ, ਜਿਸ ਵਿਚ Esther Williams ਨੇ ਉਸ ਦੀ ਭੂਮਿਕਾ ਨਿਭਾਈ ਸੀ। ਆਪਣੀ ਉਮਰ ਦੇ ਅੰਤਿਮ ਦੌਰ ਵਿਚ 72 ਸਾਲ ਦੀ ਉਮਰ ਵਿਚ ਉਸ ਨੇ Surfers Paradise ਦੇ Chevron Pool ਵਿਚ ਆਪਣਾ ਆਖਰੀ ਤੈਰਾਕੀ ਸ਼ੈਸਨ ਕੀਤਾ ਸੀ, ਜਿਸ ਦੀ ਕਿ ਵੀਡੀਓਗਰਾਫ਼ੀ ਕੀਤੀ ਗਈ ਸੀ। ਸੰਨ੍ਹ 1977 ਵਿਚ ਉਸ ਮਹਾਨ ਨਾਇਕਾ ਦੇ ਸਨਮਾਨ ਵਿਚ ਗੋਲ਼ਡ ਕੋਸਟ ਵਿਚ Mermaid Beach ਦੀ Markeri Street ਵਿਚ ਇਕ ਪਾਰਕ ਉਸਦੇ ਨਾਮ ਕੀਤਾ ਗਿਆ ਸੀ। ਐਨਿਟ ਕੈਲਰਮੈਨ ਜਿਸ ਨੇ ਕਿ ਇਕ ਵਿਕਲਾਂਗ ਬੱਚੀ ਤੋਂ ਵਿਸ਼ਵ ਦੀ ਪ੍ਰਸਿੱਧ ਤੈਰਾਕ ਬਣਨ ਦਾ ਮੁਕਾਮ ਹਾਸਲ ਕੀਤਾ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਸ ਸ਼ਾਨਾਮੱਤੇ ਸਫ਼ਰ ਵਿਚ ਉਸ ਨੇ ਤੈਰਾਕੀ ਦੇ ਰਿਕਾਰਡ ਹੀ ਨਹੀਂ, ਪਿਤਰੀ ਢਾਂਚੇ ਦੀਆਂ ਕੜੀਆਂ, ਵਰਜਨਾਵਾਂ ਦੀਆਂ ਬੇੜੀਆਂ ਅਤੇ ਸਮਾਜ ਦੀਆਂ ਮਰਦਾਨੀਆਂ ਧਾਰਨਾਵਾਂ ਨੂੰ ਵੀ ਤੋੜਿਆ ਹੈ। ਇਸ ਲਈ ਉਸ ਬਹਾਦਰ ਔਰਤ ਨੂੰ ਸਜਦਾ ਕਰਨਾ ਬਣਦਾ ਹੈ।
—ਗ਼ੁਸਲਖ਼ਾਨਿਆਂ ਤੋਂ ਬੀਚਾਂ ਦੀ ਖ਼ੂਬਸੂਰਤੀ ਤੱਕ ਪਹੁੰਚਣ ਲਈ ਔਰਤ ਬਹੁਤ ਸੰਘਰਸ਼ ਵਿਚ ਦੀ ਲੰਘੀ ਹੈ। ਇਸ ਲਈ ਉਸ ਨੂੰ ਪਿਤਰਕੀ ਸੱਤਾ ਨਾਲ ਬੜੇ ਭੇੜ ਕਰਨੇ ਪਏ ਹਨ, ਸਾਡੇ ਗ੍ਰੰਥਾਂ ਵਿਚ ਲਿਖੀ ਇਕ ਸਤਰ ਨੂੰ ਕਰੋੜਾਂ ਵਾਰ ਦੁਹਰਾਉਣ ਤੋਂ ਬਾਅਦ ਵੀ ਸਾਡਾ ਸਮਾਜ ਸਾਢੇ ਪੰਜ ਸੌ ਸਦੀਆਂ ਮਗਰੋਂ ਵੀ ਮਾਨਸਿਕ ਤੌਰ ਤੇ ਉੱਥੇ ਹੀ ਖੜਾ ਹੈ। ਜਦ ਕਿ ਆਸਟਰੇਲੀਆ ਦੀਆਂ ਬੀਚਾਂ ਤੇ ਅੱਜ ਸੂਰਜ ਇਸ਼ਨਾਨ ਕਰਦੀਆਂ ਅਰਧ ਨਗਨ ਔਰਤਾਂ ਵੱਲ ਕੋਈ ਧਿਆਨ ਵੀ ਨਹੀਂ ਮਾਰਦਾ। ਇਥੇ ਤਾਂ ਹੁਣ ਟਾਇਲਟ ਵੀ Unisex ਪ੍ਰਚਲਿਤ ਹੋ ਰਹੇ ਹਨ, ਜਦ ਕਿ ਅਸੀਂ ਜ਼ਨਾਨੀਆਂ ਨੂੰ ਪੌਣਾਂ ਵਿਚ ਹੱਕ ਕੇ ਵਾੜਣ ਨੂੰ ਹੀ ਨਾਰੀ ਸੁਰੱਖਿਆ ਸਮਝਦੇ ਪਏ ਹਾਂ। ਜੇਕਰ ਧਾਰਮਿਕ ਸਥਾਨਾਂ ਦੇ ਸਰੋਵਰਾਂ ਵਿਚ ਨਹਾਉਂਦਿਆਂ ਵੀ ਅਸੀਂ ਆਪਣੇ ਮਨ ਤੇ ਕੰਟਰੋਲ ਨਹੀਂ ਰੱਖ ਸਕਦੇ, ਜੇਕਰ ਮੁਕੱਦਸ ਅਸਥਾਨਾਂ ਤੇ ਵੀ ਸਾਡਾ ਕਾਮ ਭੜਕ ਸਕਦਾ ਹੈ ਤਾਂ ਕਮੀ ਔਰਤਾਂ ਵਿਚ ਨਹੀਂ, ਸਾਡੇ ਸਮਾਜ ਦੀ ਮਾਨਸਿਕਤਾ ਵਿਚ ਹੈ। ਔਰਤ ਦਾ ਸਤਿਕਾਰ ਅਤੇ ਸਨਮਾਨ ਪੂਰਨ ਪਹਿਰਾਵਿਆਂ ਦੀ ਓਟ ਵਿਚ ਹੀ ਨਹੀਂ, ਸਗੋਂ ਹਰ ਰੂਪ ਵਿਚ ਹੀ ਹੋਣਾ ਚਾਹੀਦਾ ਹੈ।
ਸਰਬਜੀਤ ਸਿੰਘ
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਕਲ ਦੇ ਸੱਪ 
Next article   ” ਸੱਭਿਆਚਾਰਕ ਗੀਤਾਂ ਦਾ ਰਚੇਤਾ ਇੰਦਰਜੀਤ ਹਸਨਪੁਰੀ”