(ਸਮਾਜ ਵੀਕਲੀ) ਬਾਹਵਾਂ ਦੇ ਕਾਲਵੀਂ ਲੈ ਕੇ ਮੁਹੱਬਤੀ ਨਿੱਘ ਦੇਣ ਵਾਲਾ ਅਮਰੀਕ ਤਲਵੰਡੀ ਸੱਭਿਆਚਾਰ ਕਲਾਵਾਂ ਦਾ ਸਾਂਝਾ ਸੁਮੇਲ ਹੈ। ਉਹ ਲੰਮੇ ਅਰਸੇ ਤੋਂ ਸਾਹਿਤ ਦੇ ਖੇਤਰ ਦੇ ਨਾਲ ਨਾਲ ਗੀਤਕਾਰੀ ਵਿਚ ਵੀ ਆਪਣਾ ਵਡਮੁੱਲਾ ਪਾਉਂਦਾ ਆ ਰਿਹਾ ਹੈ। ਉੱਚਾ ਲੰਮਾ ਤੇ ਮਿਲਵਰਤੀ-ਹੱਸਮੁੱਖੀ ਸੁਭਾਅ ਵਾਲਾ ਅਮਰੀਕ ਤਲਵੰਡੀ ਪੇਸ਼ੇ ਵਜੋਂ ਅਧਿਆਪਕ ਰਹਿ ਚੁੱਕਾ ਹੈ।ਬੱਚਿਆਂ ਦਾ ਸੁਨਹਿਰੀ ਭਵਿੱਖ ਰੁਸ਼ਨਾਉਣ ਵਾਲਾ ਅਮਰੀਕ ਤਲਵੰਡੀ ਆਪਣੀ ਸੱਭਿਅਚਾਰਕ ਸ਼ਬਦਾਵਲੀ ਦੇ ਨਾਲ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਸੱਭਿਅਤਾ ਦਾ ਤਾਜ਼ ਸਜਾ ਰਿਹਾ ਹੈ। ਛੋਟੀ ਉਮਰੇ ਕਲਮ ਦਾ ਸਫ਼ਰ ਸ਼ੁਰੂ ਕਰਨ ਵਾਲੇ ਸਭਿਆਚਾਰਕ ਗੀਤਾਂ ਤੇ ਸਰਬਾਂਗੀ ਕਲਮਕਾਰ ਅਮਰੀਕ ਸਿੰਘ ਤਲਵੰਡੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਕਲਾਂ (ਨੇੜੇ ਸਵੱਦੀ ਕਲਾਂ) ਪਿਤਾ ਸ੍ਰ.ਸਰਦਾਰ ਪਾਲ ਸਿੰਘ ਧਨੋਆ ਅਤੇ ਮਾਤਾ ਬਸੰਤ ਕੌਰ ਦੇ ਗ੍ਰਹਿ ਵਿਖੇ 12 ਦਸੰਬਰ 1949-50 ਨੂੰ ਹੋਇਆ। ਮੁੱਢਲੀ ਸਿੱਖਿਆ ਦੀ ਪੜ੍ਹਾਈ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਵਾਲੇ ਅਮਰੀਕ ਤਲਵੰਡੀ ਨੇ ਦਸਵੀਂ ਦੀ ਸਿੱਖਿਆ ਸਵੱਦੀ ਕਲਾਂ ਤੋਂ ਪਾਸ ਕਰਕੇ ਜਗਰਾਉਂ ਤੋਂ ਜੇ.ਬੀ.ਟੀ. ਕਰਨ ਉਪਰੰਤ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਾਸ ਕੀਤੀ।ਗਿਆਨੀ ਦੀ ਪ੍ਰੀਖਿਆ ਕਰਨ ਤੋਂ ਬਾਅਦ ਉਸ ਨੇ ਰਾਏਕੋਟ ਵਿਖੇ ਦਸਮੇਸ਼ ਹਾਈ ਸਕੂਲ (ਟਾਹਲੀ ਸਾਹਿਬ) ਪੰਜਾਬੀ ਆਧਿਆਪਕ ਦੇ ਤੌਰ ’ਤੇ ਪੜ੍ਹਾਉਣਾ ਸ਼ੁਰੂ ਕੀਤਾ। ਸਕੂਲ ਚ ਪੜ੍ਹਾਉਂਦਿਆਂ ਸਮੇਂ ਉਸ ਨੂੰ ਸਰਕਾਰੀ ਨੌਕਰੀ ਜੀਰਾ ਵਿਖੇ ਮਿਲੀ। ਰਾਮ ਨਾਥ ਮੁਸਾਫ਼ਰ ਦੀ ਲਿਖਤ ਤੋਂ ਪ੍ਰਭਾਵਿਤ ਅਮਰੀਕ ਤਲਵੰਡੀ ਨੂੰ ਲਿਖਣ ਦੀ ਚੇਟਕ ਗੁਰਦੇਵ ਸਿੰਘ ਮਾਨ,ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ, ਇੰਦਰਜੀਤ ਹਸਨਪੁਰੀ, ਦੇਵ ਥਰੀਕੇ ਵਾਲਾ ਵਰਗੇ ਮਹਾਨ ਨਾਮਵਰ ਗੀਤਕਾਰਾਂ ਤੋਂ ਲੱਗੀ ਤੇ ਉਸ ਨੇ ਜ਼ੀਰੇ ਸਕੂਲ ਚ ਪੜ੍ਹਾਉਂਦਿਆਂ ਸਮੇਂ ਸਾਹਿਤਕ ਕਵਿਤਾਵਾਂ ਦੇ ਨਾਲ ਨਾਲ ਗੀਤ ਸਿਰਜਣਾ ਵੀ ਸ਼ੁਰੂ ਕੀਤੀ। ਜ਼ੀਰੇ ਵਿਖੇ ਉਸ ਨੇ ਸਾਹਿਤ ਸਭਾ ਦਾ ਗਠਨ ਕੀਤਾ ਜਿਸ ਦਾ ਉਹ 16 ਸਾਲ ਪ੍ਰਧਾਨ ਰਿਹਾ ਅਤੇ ਉਸ ਦੀ ਸਰਪ੍ਰਸਤੀ ਹੇਠ ਕਈ ਨਵੀਆਂ ਕਲਮਾਂ ਨੇ ਜਨਮ ਲਿਆ। ਜਿਨ੍ਹਾਂ ਦੀ ਰਚਨਾਵਾਂ ਛਪਵਾ ਕੇ ਪਾਠਕਾਂ ਸਾਹਮਣੇ ਲਿਆਂਦੀਆਂ। 1975 ਵਿੱਚ ਉਸ ਨੇ ਆਪਣੇ ਗੀਤਾਂ ਦੀ ਪਹਿਲੀ ਪੁਸਤਕ ”ਕੁਆਰੇ ਬੋਲ” ਪ੍ਰਕਾਸ਼ਿਤ ਕਰਵਾਈ।ਗੀਤਕਾਰੀ ਚ ਪ੍ਰਪੱਕਤਾ ਹਾਸਲ ਕਰਨ ਵਾਲੇ ਅਮਰੀਕ ਤਲਵੰਡੀ ਦਾ ਲਿਖਿਆ ਪਹਿਲਾ ਗੀਤ ਪੰਜਾਬੀ ਗਾਇਕੀ ਦੇ ਧਾਕੜ ਸ਼ੇਰ ਗਵੱਈਏ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਜਿਸ ਦੇ ਬੋਲ ਸਨ:
”ਪਹਾੜ ਜਿੱਡੇ ਲਾਰੇ ਹੀਰੇ ਰੱਖੇ ਤੂੰ ਕੁਆਰੇ
ਚੜ੍ਹ ਖੇੜਿਆਂ ਦੀ ਡੋਲੀ
ਨੀਂ ਤੂੰ ਭੁੱਲ ਗਈ ਏਂ ਸਾਰੇ”।
ਗੀਤ ਦੀ ਮਿਲੀ ਸਫਲਤਾ ਤੋਂ ਬਾਅਦ ਅਮਰੀਕ ਤਲਵੰਡੀ ਨੇ ਹੌਸਲਾ ਕਰਕੇ ਇੱਕ ਹੋਰ ਪੰਜਾਬੀ ਦੇ ਸ਼ਾਹਸਵਾਰ ਉੱਘੇ ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਅੱਠ ਗੀਤਾਂ ਦੀ ਧਾਰਮਿਕ ਕੈਸਿਟ
” ਚੜ੍ਹਿਆ ਸੋਧਣ ਧਰਤ ਲੁਕਾਈ’’ ਨਾਂ ਦੀ ਰਿਲੀਜ਼ ਕਰਵਾਈ ਜੋਂ ਅਮਰੀਕ ਦੇ ਨਾਂ ਨੂੰ ਗੀਤਕਾਰੀ ਦੇ ਖੇਤਰ ਵਿਚ ਸਫਲਤਾਪੂਰਵਕ ਸਫ਼ਲ ਬਣਾਉਣ ਵਿੱਚ ਮੋਹਰੀ ਰਹੀ ਅਤੇ ਅਮਰੀਕ ਤਲਵੰਡੀ ਲੇਖਕ ਬਣ ਗੀਤਕਾਰੀ ਤੇ ਸਾਹਿਤ ਦੇ ਖੇਤਰ ਵਿਚ ਨਾਮਣਾ ਲੱਗਾ।ਉਸ ਦੇ ਲਿਖੇ ਗੀਤਾਂ ਨੂੰ ਸਮੇਂ ਦੇ ਪ੍ਰਸਿੱਧ ਅਨੇਕਾਂ ਗਾਇਕਾਂ/ਗਾਇਕਾਵਾਂ ਨੇ ਆਵਾਜ਼ ਦਿੱਤੀ ਜਿਵੇਂ ਕਿ:-ਦਿਲਸ਼ਾਦ ਅਖ਼ਤਰ,ਰੰਜਨਾ,ਸਿਮਰਨ ਸੰਮੀ,ਪਾਲੀ ਦੇਵਤਵਾਲੀਆ, ਹਰਭਜਨ ਮਾਨ, ਰਮੇਸ਼ ਗਲਾਡੀ, ਮਿੱਠਾ ਬਡਾਲਵੀ, ਸਤਪਾਲ ਕਿੰਗਰਾ,ਦਲੇਰ ਪੰਜਾਬੀ, ਸੁਰਜੀਤ ਜੱਗਾ (ਮਾਣਕ ਸੁਰਜੀਤ) ਰਾਜਾ ਮਹਿਬੂਬ ਵਰਗੇ ਹੋਰ ਕਲਾਕਾਰ। ਅਮਰੀਕ ਸਿੰਘ ਤਲਵੰਡੀ ਨੇ ਆਪਣੀ ਗੀਤਕਾਰੀ ਦੇ ਨਾਲ ਹੁਣ ਤੱਕ ਅਨੇਕਾਂ ਬਾਲ-ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਨ੍ਹਾਂ ਵਿਚ ਮੇਰੇ ਖਿਡੌਣੇ (1999)’, ‘ਬਾਲਾਂ ਦੇ ਬੋਲ (2001)’, ‘ਕਾਵਿ ਪਹਾੜੇ (2003)’, ‘ਮੇਰਾ ਬਸਤਾ (2004)’, ‘ਘਰ ਦੀ ਰੌਣਕ (2006)’, ‘ਸਾਡੇ ਗੁਰੂ (2007)’, ‘ਸਾਡੇ ਦੇਸ਼ ਭਗਤ (2007)’, ‘ਸਾਡਾ ਸਕੂਲ (2008)’, ‘ਹੀਰੇ ਪੁੱਤਰ ਮਾਵਾਂ ਦੇ (2008)’, ‘ਸਾਡੇ ਅਧਿਆਪਕ (2009)’, ‘ਫੁੱਲਾਂ ਵਰਗੇ ਬੱਚੇ (2010)’, ‘ਸੂਝਵਾਨ ਉਸਤਾਦ (2011)’, ‘ਮੇਰੀ ਪਤੰਗ (2011)’, ‘ਕਾਵਿ ਸੁਨੇਹੜੇ (2011)’, ‘ਮਾਵਾਂ ਦੇ ਖਿਡੌਣੇ (2012)’, ‘ਬਾਲਾਂ ਦੀ ਟੋਲੀ (2013)’, ‘ਆਪਣਾ ਵਿਰਸਾ (2013)’, ‘ਖਿੜਦੇ ਫੁੱਲ (2014)’, ‘ਆਜਾ ਤੂੰ ਸਕੂਲੇ (2014)’ ਆਦਿ ਸ਼ਾਮਿਲ ਹਨ ਜੋਂ ਵਿਦਿਆਰਥੀ ਜੀਵਨ ਦਾ ਰਾਹ ਰੁਸ਼ਨਾਉਂਦੀਆਂ ਹਨ। ਅਮਰੀਕ ਤਲਵੰਡੀ ਸਾਹਿਤਕ ਵੰਨਗੀ ਦਾ ਉਹ ਲੇਖਕ ਹੈ ਜਿਸ ਨੇ ਹਰ ਵਿਸ਼ੇ ’ਤੇ ਲਿਖਿਆ ਹੈ। ਜੇ ਅਸੀਂ ਉਸ ਦੀ ਮਿੰਨੀ ਕਹਾਣੀਆਂ ਦੀ ਲੇਖਣੀ ਤੇ ਝਾਤ ਮਾਰੀਏ ਤਾਂ ਉਸ ਵਿੱਚ ਉਹ ਆਪਣੇ ਨਾਂ ਦੀ ਮੁਹਾਰਤ ਰੱਖਦਾ ਹੈ ਜਿਵੇਂ ਕਿ:-ਖਰੀਆਂ-ਖਰੀਆਂ (2004)’, ‘ਘੋੜੇ ਵਾਲਾ ਚੌਂਕ (2009)’ ਅਤੇ ‘ਮਾਂ ਦਾ ਮਰਨਾ (2014) ਪੁਸਤਕਾਂ ਨੂੰ ਪਾਠਕਾਂ ਵਲੋਂ ਖੂਬ ਭਰਵੇਂ ਪਿਆਰ ਨਾਲ ਸਲਾਹਿਆ ਗਿਆ ਹੈ। ਪੰਜਾਬੀ ਵਿਧਾ ਦੇ ਬਹੁਪਰਤੀ ਲੇਖਕ ਅਮਰੀਕ ਤਲਵੰਡੀ ਬਾਲ ਸਾਹਿਤ ,ਕਵਿਤਾਵਾਂ, ਮਿੰਨੀ ਕਹਾਣੀ ਅਤੇ ਗੀਤ ਸੰਗ੍ਰਹਿ ਸਮੇਤ ਹੁਣ ਤੱਕ ਛੱਤੀ ਦੇ ਕਰੀਬ ਪੁਸਤਕਾਂ ਛਪਾ ਚੁੱਕੇ ਹਨ ਜੋਂ ਉਸ ਦੀ ਕਲਮ ਦੀ ਕਾਬਲੇ-ਏ-ਤਰੀਫ ਹਨ। ਅਜੋਕੀ ਗਾਇਕੀ ਦੇ ਸਮੇਂ ਵੀ ਅਮਰੀਕ ਤਲਵੰਡੀ ਦੀ ਕਲਮ ਅਸ਼ਲੀਲਤਾ ਦੀਆਂ ਲੀਹਾਂ ਤੋਂ ਹੱਟ ਕੇ ਸੱਭਿਆਚਾਰਕ ਗੀਤਾਂ ਦੀਆਂ ਪੈੜਾਂ ਪਾਉਂਦੀ ਹੋਈ ਪੂਰੀ ਦ੍ਰਿੜਤਾ ਨਾਲ ਚੱਲ ਰਹੀ ਹੈ।ਅਮਰੀਕ ਤਲਵੰਡੀ ਗੀਤਕਾਰੀ ਤੇ ਸਾਹਿਤ ਦੇ ਖੇਤਰ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਹੈ। ਉਹ ਸਾਹਿਤਕ ਸਭਾਵਾਂ ਅਤੇ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਤੇ ਵਧ ਰਹੇ ਪ੍ਰਦੂਸ਼ਣ ਤੋਂ ਚਿੰਤਿਤ ਹੋ ਅਲੱਗ ਅਲੱਗ ਵਿਧੀਆਂ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਪੌਣ ਪਾਣੀ ਅਤੇ ਵਾਤਾਵਰਨ ਨੂੰ ਪ੍ਰਦੂਦਿਸ਼ ਹੋਣ ਤੋਂ ਬਚਾਉਣ ਲਈ ਜਾਗਰੂਕ ਕਰਦਾ ਹੈ। ਸਾਫ਼-ਸੁਥਰੇ ਸਭਿਆਚਾਰਕ ਗੀਤ ਅਤੇ ਨਿਰੋਲ ਸਾਹਿਤ ਪੰਜਾਬੀ ਸਰੋਤੇ ਦੀ ਝੋਲੀ ਪਾਉਣ ਵਾਲੇ ਅਮਰੀਕ ਤਲਵੰਡੀ ਤੇ ਬਠਿੰਡਾ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਦੇ ਇੱਕ ਵਿਦਿਆਰਥੀ ਵਲੋਂ ਉਸਦੇ ਲਿਖੇ ਗੀਤਾਂ ਦੀ ਪੁਸਤਕ ‘ਬੋਲ ਪੰਜਾਬ ਦੇ’ ਉੱਪਰ ਐੱਮਫਿਲ ਕੀਤੀ ਗਈ ਹੈ। ਅਧਿਆਪਨ ਦੇ ਖੇਤਰ ਵਿੱਚ ਉਸ ਦੀਆਂ ਅਣਥੱਕ ਤੇ ਦੁਰਲੱਭ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 1988 ਵਿੱਚ ਸਟੇਟ ਐਵਾਰਡ ਅਤੇ ਦੇਸ਼ ਦੇ ਤੱਤਕਾਲੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਵੱਲੋਂ 1993 ਵਿੱਚ ਰਾਸ਼ਟਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਦੇ ਨਿਰੋਲ ਬਾਲ ਸਾਹਿਤ ਦੀ ਕਦਰ ਪਾਉਂਦਿਆਂ ਸਾਲ 2014 ਵਿਚ ਸ਼੍ਰੋਮਣੀ ਬਾਲ ਸਾਹਿਤ ਲੇਖਕ ਵਜੋਂ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਹੈ ।ਵਿੱਦਿਅਕ,ਸਾਹਿਤਕ ਅਤੇ ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਅਪਣਾ ਵਡਮੁੱਲਾ ਤੇ ਵੱਡਾ ਯੋਗਦਾਨ ਪਾਉਣ ਵਾਲਾ ਅਮਰੀਕ ਤਲਵੰਡੀ ਅੱਜ ਕੱਲ੍ਹ ਗੀਤਕਾਰੀ ਸਭਾ ਪੰਜਾਬ ਦੇ ਸਰਪ੍ਰਸਤ ਵਜੋਂ ਕਾਰਜਸ਼ੀਲ ਹਨ। ਪ੍ਰਮਾਤਮਾ ਕਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀਆਂ ਕਦਰਾਂ ਕੀਮਤਾਂ ਦੀ ਝਲਕ ਦਿਖਾਉਣ ਵਾਲੇ ਅਮਰੀਕ ਤਲਵੰਡੀ ਦੀ ਕਲਮ ਸੱਭਿਆਚਾਰ ਦੇ ਖੇਤਰ ਵਿਚ ਸਾਹਿਤਕ ਵਿਧਾਵਾਂ ਦੀ ਨੁਮਾਇੰਦਗੀ ਕਰਦੀ ਹੋਈ ਚਿਰ ਸਥਾਈ ਤੱਕ ਚੱਲਦੀ ਰਹੇ।
====================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880
ਸੱਭਿਆਚਾਰਕ ਵਿਧਾਵਾਂ ਦਾ ਸਾਂਝਾ ਸੁਮੇਲ:-ਅਮਰੀਕ ਤਲਵੰਡੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



