
ਮੁੰਬਈ/ਨਵੀਂ ਦਿੱਲੀ (ਸਮਾਜ ਵੀਕਲੀ): ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਾਹਰੁਖ ਖ਼ਾਨ ਦੇ ਪੁੱਤ ਨਾਲ ਸਬੰਧਤ ਵਿਵਾਦਤ ਡਰੱਗਜ਼ ਕੇਸ ਦੀ ਜਾਂਚ ਆਪਣੀ ਦਿੱਲੀ ਆਧਾਰਿਤ ੲੇਜੰਸੀ ਨੂੰ ਸੌਂਪ ਦਿੱਤੀ ਹੈ। ਐੱਨਸੀਬੀ ਨੇ ਏਜੰਸੀ ਦੇ ਮੁੰਬਈ ਜ਼ੋਨਲ ਯੂਨਿਟ ਦੇ ਅਧਿਕਾਰੀ ਸਮੀਰ ਵਾਨਖੇੜੇ ਨੂੰ ਇਸ ਕੇਸ ਤੋਂ ਲਾਂਭੇ ਕਰ ਦਿੱਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਵਿਵਾਦਿਤ ਕਰੂਜ਼ ਡਰੱਗਜ਼ ਕੇਸ ਵਿੱਚ ਆਰੀਅਨ ਖਾਨ ਸਣੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰ-ਪੱਛਮ ਖੇਤਰ) ਮੁਥਾ ਅਸ਼ੋਕ ਜੈਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ,‘ਇਹ ਕਾਰਵਾਈ ਪ੍ਰਸ਼ਾਸਕੀ ਪੱਧਰ ’ਤੇ ਕੀਤੀ ਗਈ ਹੈ ਅਤੇ ਇਨ੍ਹਾਂ ਛੇ ਮੁਲਜ਼ਮਾਂ ਦਾ ‘ਵਿਸ਼ਾਲ ਤੇ ਅੰਤਰ-ਰਾਜੀ ਪ੍ਰਭਾਵ’ ਹੋਣ ਕਾਰਨ ਇਸ ਕੇਸ ਦਾ ਦਿੱਲੀ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦੇ ਤਬਾਦਲਿਆਂ ਦੇ ਆਦੇਸ਼ ਐੱਨਸੀਬੀ ਦੇ ਡਾਇਰੈਕਟਰ ਜਨਰਲ ਐੱਸ.ਐਨ. ਪ੍ਰਧਾਨ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਨਿੱਜੀ ਤੇ ਨੌਕਰੀ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਾਨਖੇੜੇ ਇਸ ਏਜੰਸੀ ਦੇ ਜ਼ੋਨਲ ਡਾਇਰੈਕਟਰ ਬਣੇ ਰਹਿਣਗੇ। ਦੂਜੇ ਪਾਸੇ ਵਾਨਖੇੜੇ, ਮੋਟੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਵਿਭਾਗੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਐੱਨਸੀਬੀ (ਅਪਰੇਸ਼ਨਜ਼) ਦੀ ਟੀਮ, ਮੁੰਬਈ ਵਿੱਚ ਰਹਿ ਕੇ ਇਨ੍ਹਾਂ ਕੇਸਾਂ ਦੀ ਜਾਂਚ ਅੱਗੇ ਤੋਰੇਗੀ। ਜੈਨ ਨੇ ਮੁੰਬਈ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਕ ਪ੍ਰਸ਼ਾਸਕੀ ਫ਼ੈਸਲਾ ਹੈ ਅਤੇ ਦਿੱਲੀ ਐਨਸੀਬੀ ਦੀ ਟੀਮ ਛੇ ਕੇਸਾਂ ਦੀ ਜਾਂਚ ਲਈ ਸ਼ਨਿੱਚਰਵਾਰ ਨੂੰ ਮੁੰਬਈ ਪੁੱਜੇਗੀ।
ਵਾਨਖੇੜੇ ਨੂੰ ਆਰੀਅਨ ਕੇਸ ਤੋਂ ਹਟਾਇਆ: ਮਲਿਕ:ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਸਮੀਰ ਵਾਨਖੇੜੇ ਨੂੰ ਆਰੀਅਨ ਖਾਨ ਸਣੇ ਪੰਜ ਕੇਸਾਂ ਤੋਂ ਲਾਂਭੇ ਕਰ ਦਿੱਤਾ ਗਿਆ ਹੈੇ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਅਜੇ ਸਿਸਟਮ ਦੀ ਸਫਾਈ ਲਈ ਬਹੁਤ ਕੁਝ ਕਰਨ ਵਾਲਾ ਹੈ ਅਤੇ ਉਹ ਇਹ ਕਰ ਕੇ ਹਟਣਗੇ। ਦੂਜੇ ਪਾਸੇ ਵਾਨਖੇੜੇ ਨੇ ਇਸ ਦਾਅਵੇ ਨੂੰ ਮੂਰਖਤਾਪੂਰਨ ਕਰਾਰ ਦਿੰਦਿਆਂ ਕਿਹਾ ਕਿ ਉਹ ਐੱਨਸੀਬੀ ਟੀਮਾਂ ਨਾਲ ਰਲ ਕੇ ਕੰਮ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly