(ਸਮਾਜ ਵੀਕਲੀ)
ਤਾਜ ਬੁੱਕਲ ਵਿਚ ਸੀ ਜਾਂ
ਪਿੱਠ ਪਿੱਛੇ ਮੇਰੇ।
ਗਵਾਹੀ ਪਿਆਰ ਦੀ ਸੀ,
ਜਾਂ ਦਿਲ ਦੀ ਮੇਰੇ।
ਇਬਾਦਤ ਉਸ ਦੀ ਸੀ ਜਾਂ
ਕਰਮ ਮੇਰੇ।
ਦੀਦਾਰ ਤਾਜ ਦਾ ਸੀ ਜਾਂ
ਤਾਜ ਦਿਲ ਵਿਚ ਮੇਰੇ।
ਕਿੰਨਿਆਂ ਹੱਥਾਂ ਦੀ ਮਿਹਨਤ !
ਕਰਮ ਕਿਸ ਕਿਸ ਦਾ ਸੀ ?
ਬੱਠਲ,ਤੇਸੇ,ਕਹੀਆਂ ਵੀ ਸਨ,
ਦਿਲ ਵਿਚ ਮੇਰੇ।
ਉਪਾਸ਼ਕ ਉਹ ਵੀ ਸਨ,
ਉਪਾਸ਼ਕ ਮੈਂ ਵੀ ਸਾਂ।
ਉਹਨਾਂ ਦੇ ਹੱਥ ਕੱਟੇ ਸੀ,
ਹੱਥ ਜੁੜ ਗਏ ਸੀ ਮੇਰੇ।
ਜਮੁਨਾ ਵੀ ਸ਼ਾਂਤ ਸੀ,
ਪੱਥਰ ਵੀ,
ਕੁਮਲਾਏ ਜਿਹੇ ਲੱਗੇ।
ਘਾਹ ਵਿਚ ਤੁਰਦਿਆਂ ਜਦੋਂ,
ਪੈਰ ਧਸ ਗਏ ਸੀ ਮੇਰੇ।
ਮੁਮਤਾਜ਼ ਪੁੱਛ ਰਹੀ ਸੀ,
ਕਿਸ ਤਰ੍ਹਾਂ ਲੱਗਿਆ ਤਾਜ !
ਵਾਹ ! ਕਹਿਣ ਦੀ ਥਾਂ,
ਆਹ ! ਨਿਕਲੀ,
ਬੁੱਲ੍ਹਾਂ ‘ਚੋਂ ਮੇਰੇ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly