(ਸਮਾਜ ਵੀਕਲੀ)- ਪਿੰਡ ਦੇ ਸਿਵਿਆਂ ਵਿੱਚ ਲੋਕਾਂ ਦੀ ਭੀੜ ਨੇ ਇਕ ਨੌਜਵਾਨ ਦੀ ਲਾਸ਼ ਨੂੰ ਲਿਆ ਸੁੱਟਿਆ ਤੇ ਉਥੇ ਕੰਮ ਕਰਦੇ ਦੋ ਬਜ਼ੁਰਗਾਂ ਜਗਤੇ ਅਤੇ ਭਗਤੇ ਨੂੰ ਅੰਤਮ ਕਿਰਿਆਵਾਂ ਕਰਨ ਦਾ ਹੁਕਮ ਦਿੰਦਿਆਂ , ਜੈਕਾਰੇ ਲਾਉਂਦੇ ਚਲੇ ਗਏ ।
ਜਗਤਾ ਤੇ ਭਗਤਾ ਮਾਰੇ ਗਏ ਉਸ ਮੁੰਡੇ ਦੀ ਗ਼ਲਤੀ ਬਾਰੇ ਸਭ ਕੁਝ ਜਾਣਦੇ ਸਨ। ਮੁੰਡੇ ਨੂੰ ਦਾਗ ਲਾਉਣ ਦੀਆਂ ਤਿਆਰੀਆਂ ਦੌਰਾਨ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ।
ਜਗਤਾ ਬੋਲਿਆ, “ਲੋਕਾਂ ਦੇ ਹਜੂਮ ਨੇ ਉਸ ਨੂੰ ਕੋਹ ਕੋਹ ਕੇ ਮਾਰ ਸੁੱਟਿਆ ਕਿਉਂ ਜੋ ਇਸ ਮੁੰਡੇ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਸੀ”।
ਭਗਤੇ ਨੇ ਆਪਣੀ ਦਲੀਲ ਦਿੰਦਿਆਂ ਆਖਿਆ, “ਜਗਤਿਆ ਲੋਕਾਂ ਦੀ ਭੀੜ ਨੇ ਇਹ ਗੱਲ ਨਹੀਂ ਸੋਚੀ ਬਈ ਦੋਸ਼ੀ ਨੂੰ ਮਾਰਨ ਨਾਲ ਇਸ ਪਿੱਛੇ ਕੰਮ ਕਰਦੀਆਂ ਵੰਡ ਪਾਊ ਤਾਕਤਾਂ ਦੀ ਲੜੀ ਟੁੱਟ ਜਾਊ ਤੇ ਇਹ ਵੀ ਨੀ ਪਤਾ ਲੱਗੂ ਕਿ ਇਹੋ ਜਿਹੇ ਕਾਰਨਾਮੇ ਕੌਣ ਕਰਵਾਉਂਦੇ ਨੇ “।
ਭਗਤੇ ਨੇ ਸਿਆਣਪ ਭਰੇ ਲਹਿਜੇ ਵਿੱਚ ਗੱਲ ਅੱਗੇ ਤੋਰਦਿਆਂ ਕਿਹਾ , ” ਭਾਈ ਜਗਤਿਆ,ਜਦੋਂ ਸੰਸਾਰ ਭਰ ਵਿਚ ਕਿਸੇ ਖਾਸ ਧਰਮ ਦੀ ਵਡਿਆਈ ਹੋਣ ਲੱਗ ਜਾਵੇ ਫਿਰ ਫ਼ਿਰਕੂ ਤਾਕਤਾਂ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਲੋਕਾਂ ਜਾਂ ਧਰਮ ਦਾ ਅਕਸ ਵਧੀਆ ਬਣਿਆ ਰਹੇ”
ਬੱਸ ਫਿਰ ਇਹੋ ਜਿਹੀਆਂ ਕੋਝੀਆਂ ਚਾਲਾਂ ਨੂੰ ਅੰਜਾਮ ਦਿੰਦੇ ਨੇ ਇਹ ਫਿਰਕੂ ਲੋਕ।
ਪਰ ਹਜੂਮ ਇਹ ਗੱਲਾਂ ਨਹੀਂ ਸਮਝਦਾ । ਹਜੂਮ ਤਾਂ ਹਮੇਸ਼ਾਂ ਭਾਵਨਾਵਾਂ ਤੋਂ ਕੰਮ ਲੈਂਦਾ , ਦਿਮਾਗ ਤੋਂ ਨਹੀਂ ,ਆਪਣੇ ਹੀ ਫ਼ੈਸਲੇ ‘ਤੇ ਸਹੀ ਪਾਉਂਦਾ , ਕਾਨੂੰਨ ਹੱਥਾਂ ਵਿੱਚ ਲੈ ਕੇ ਦਿੱਤੀ ਮੌਤ ਦੀ ਸਜ਼ਾ ਦਾ ਲੋਕਾਂ ਉੱਪਰ ਕਿੰਨਾ ਮਾੜਾ ਅਸਰ ਪੈਣਾ ,ਉਸ ਬਾਰੇ ਹਜੂਮ ਕਦੇ ਨਹੀਂ ਸੋਚਦਾ ।
ਵੇਖੀਂ ਹੁਣ ਤੂੰ , ਇਸ ਮੁੰਡੇ ਨੂੰ ਮਾਰ ਕੇ ਦੇਸ਼ ਵਿਦੇਸ਼ ਵਿੱਚ ਇਸ ਧਰਮ ਨੂੰ ਮੰਨਣ ਵਾਲਿਆਂ ਬਾਰੇ ਲੋਕਾਂ ਦੀ ਸੋਚ ਤੇ ਰਲਿਆ -ਮਿਲਿਆ ਅਸਰ ਪਊਗਾ ।
ਵੇਖ ਲੈ ! ਲੋਕਾਂ ਹੱਥੋਂ ਮਰਿਆ ਦੋਸ਼ੀ ਮੁੰਡਾ ਫ਼ਿਰਕਾਪ੍ਰਸਤ ਤਾਕਤਾਂ ਦੇ ਇਸ਼ਾਰਿਆਂ ‘ਤੇ ਧਰਮ ਦੇ ਪੈਰੋਕਾਰਾਂ ਦੇ ਅਕਸ ਨੂੰ ਢਾਹ ਲਾਉਣ ਵਿੱਚ ਆਪਣੀ ਖੇਡ, ਖੇਡ ਗਿਆ।
ਪਰ ਹਜੂਮ ਇਨ੍ਹਾਂ ਕੋਝੀਆਂ ਫਿਰਕੂ ਚਾਲਾਂ ਤੋਂ ਨਾ ਵਾਕਫ਼ ਹੀ ਰਿਹਾ।
ਹੁਣ ਤੂੰ ਹੀ ਦੱਸ ਜਗਤਿਆ ਕੌਣ ਜਿੱਤਿਆ ਤੇ ਕੌਣ ਹਾਰਿਆ ?
ਹਜੂਮ ਕਿ ਫ਼ਿਰਕੂ ਤਾਕਤਾਂ?
ਮਾਸਟਰ ਹਰਭਿੰਦਰ ਮੁੱਲਾਂਪੁਰ
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly