ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) : ਬੀਤੇ ਦਿਨੀਂ ਸਥਾਨਕ ਜੁਮਲਾ ਮਾਲਕਿਨ ਸਕੂਲ ਹੰਡਿਆਇਆ ਰੋਡ ਵਿੱਖੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਅਤੇ ਇਸਤ੍ਰੀ ਜਾਗਿ੍ਰਤੀ ਮੰਚ ਪੰਜਾਬ ਵਲੋਂ ਕੌਮੀ ਮਹਿਲਾ ਦਿਵਸ ਮਨਾਇਆ ਗਿਆ। ਇਸ ਵਿੱਚ ਸੰਸਾਰ ਪੱਧਰ ਤੇ ਔਰਤ ਦੀ ਸਥਿਤੀ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਔਰਤਾਂ ਸਾਹਮਣੇ ਆ ਰਹੀਆਂ ਚੁਣੋਤੀਆਂ ’ਤੇ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਇਸਤ੍ਰੀ ਜਾਗਿ੍ਰਤੀ ਮੰਚ ਦੇ ਮੀਤ ਪ੍ਰਧਾਨ ਚਰਨਜੀਤ ਕੌਰ ਜਨਰਲ ਸਕੱਤਰ ਅਮਨਦੀਪ ਕੌਰ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੇ ਪ੍ਰਧਾਨ ਅੰਜਨਾ ਮੈਨਨ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਨੇ ਵੀ ਇਸ ਸਮੇਂ ਭਾਰਤ ਵਿੱਚ ਵੱਧ ਰਹੇ ਲਿੰਗਕ ਅਸਮਾਨਤਾ ਦੇ ਮੁੱਦੇ ਉੱਪਰ ਗੱਲਬਾਤ ਕੀਤੀ।
ਵੱਖ-ਵੱਖ ਹਾਜ਼ਰ ਔਰਤਾਂ ਨੇ ਇਸ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਔਰਤਾਂ ਦੀ ਸਥਿਤੀ ਬਹੁਤ ਹੀ ਨਾਜੁਕ ਦੌਰ ਵਿਚੋਂ ਗੁਜਰ ਰਹੀ ਹੈ। ਸਮਾਜ ਵਿੱਚ ਬਰਾਬਰ ਦੀ ਭੂਮਿਕਾ ਨਿਭਾਉਣ ਦੇ ਬਾਵਜ਼ੂਦ ਔਰਤ ਨੂੰ ਦੂਜੇ ਦਰਜੇ ਦੇ ਨਾਗਰਿਕ ਹੀ ਮੰਨਿਆ ਜਾਂਦਾ ਹੈ। ਮੋਦੀ ਦੀ ਫ਼ਾਸੀਵਾਦੀ ਸਰਕਾਰ ਦੁਆਰਾ ਔਰਤਾਂ ਦੇ ਹਿਤੈਸ਼ੀ ਹੋਣ ਤੇ ਲਗਾਤਾਰ ਵਿਖਾਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਦੀਆਂ ਸਜਾਵਾਂ ਮੁਆਫ਼ ਕਰਨਾ ਦੋਸ਼ੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕਰਨਾ ਉਨਾਵ ਰੇਪ ਕਾਂਡ ਦੇ ਦੋਸ਼ੀਆਂ ਅਤੇ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਤੇ ਛੱਡਣਾ ਰਾਥਰਸ ਗੈਂਗਰੇਪ ਕੇਸ ਵਿੱਚ ਤਿੰਨ ਜਾਣਿਆਂ ਨੂੰ ਦੇਸ਼ ਮੁਕਤ ਕਰਨਾ ਆਦਿ ਮੋਦੀ ਸਰਕਾਰ ਦੀਆਂ ਔਰਤਾਂ ਪ੍ਰਤੀ ਅਸਲੀ ਸੋਚ ਨੂੰ ਉਜਾਗਰ ਕਰਦੀ ਹੈ। ਮੋਦੀ ਸਰਕਾਰ ਦਾ ਬਲਾਤਕਾਰੀਆਂ ਦੇ ਇਸ ਤਰ੍ਹਾਂ ਹੱਕ ਵਿੱਚ ਆਉਣ ਨਾਲ ਦੇਸ਼ ਵਿੱਚ ਔਰਤਾਂ ਖ਼ਿਲਾਫ਼ ਵੱਧ ਰਹੀਆਂ ਘਟਨਾਵਾਂ ਵਿੱਚ ਅਹਿਮ ਯੋਗਦਾਨ ਹੈ। ਲੜਕੀਆਂ ਨੂੰ ਉੁਚ ਸਿੱਖਿਆ ਤੋਂ ਨਿਯਮਤ ਤਨਖਾਹ ਦੇ ਮੌਕੇ ਤੋਂ ਵਾਂਝੇ ਰੱਖਣਾ ਆਪਣੀ ਮਰਜ਼ੀ ਨਾਲ ਵਿਆਹ ਕਰਨ ਹੱਕ ਨਾ ਦੇਣਾ ਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਹੋਣ ਦੀ ਸੋਚ ਨੂੰ ਹੋਰ ਪੱਕਿਆਂ ਕਰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਸੁਖਪਾਲ ਕੌਰ ਬਾਠ ਉਰਵਸੀ ਗੁਪਤਾ ਸਰਬਜੀਤ ਕੌਰ ਗਮਦੂਰ ਕੌਰ ਪਾਲ ਕੌਰ ਰਾਜਿੰਦਰ ਕੌਰ ਕੋਮਲਦੀਪ ਕੌਰ ਅਤੇ ਗੁਰਪ੍ਰੀਤ ਕੌਰ ਆਦਿ ਹਾਜਰ ਸਨ।