(ਸਮਾਜ ਵੀਕਲੀ)
ਇੱਕ ਵਾਰੀ ਇੱਕ ਕਾਂ ਨੂੰ ਬੱਚਿਓ,
ਤੇਹ ਨੇ ਬਹੁਤ ਸਤਾਇਆ।
ਪਾਣੀ ਲੱਭਣ ਖ਼ਾਤਰ ਉਸ ਨੇ,
ਟਿੱਲ ਸੀ ਪੂਰਾ ਲਾਇਆ।
ਥੱਕਿਆ,ਅੰਤ ਅਰਾਮ ਕਰਨ ਲਈ ,
ਇੱਕ ਰੁੱਖ ‘ਤੇ ਜਾ ਬੈਠਾ।
ਨਜ਼ਰ ਜਦੋਂ ਉਸ ਹੇਠਾਂ ਮਾਰੀ,
ਘੜਾ ਪਿਆ ਇੱਕ ਡਿੱਠਾ।
ਬੇਸਬਰੀ ਨਾਲ਼ ਘੜੇ ‘ਤੇ ਬਹਿ ਕੇ,
ਝਾਕਿਆ ਹੇਠਾਂ ਤਾਣੀ।
ਪਾਣੀ ਥੋੜ੍ਹਾ ਦੇਖ ਕੇ ਜਾਪਿਆ,
ਇਸ ਤੱਕ ਚੁੰਝ ਨਹੀਂ ਜਾਣੀ।
ਕਾਂ ਸੀ, ਬੱਚਿਓ! ਬੜਾ ਸਿਆਣਾ,
ਸੋਚਿਆ, ਜੁਗਤ ਲੜਾਈਏ।
ਕਰ ਕੇ ਢੰਗ ਕੋਈ ਇਹ ਪਾਣੀ,
ਉੱਪਰ ਤੱਕ ਲਿਆਈਏ।
ਸੋਚ ਕੇ ਨਜ਼ਰ ਦੁੜਾਈ ਉਸ,
ਕੁਝ ਕੰਕਰ ਨਜ਼ਰੀਂ ਆਏ।
ਬੜੀ ਰੀਝ ਨਾਲ਼ ਇੱਕ-ਇੱਕ ਕਰ ਕੇ,
ਚੁੱਕ ਉਸ ਘੜੇ ‘ਚ ਪਾਏ।
ਕੁਝ ਚਿਰ ਪਿੱਛੋਂ ਘੜੇ ਦਾ ਪਾਣੀ,
ਉੱਪਰ ਤੱਕ ਆ ਚੜ੍ਹਿਆ।
ਕਾਂ ਨੇ ਰੱਜ ਕੇ ਪਾਣੀ ਪੀਤਾ,
ਰਸਤਾ ਆਪਣਾ ਫੜਿਆ।
ਬੱਚਿਓ, ਇਸ ਤੋਂ ਮਿਲਦੀ ਸਿੱਖਿਆ,
ਢੇਰੀ ਕਦੇ ਨਾ ਢਾਹੀਏ,
ਹਿੰਮਤ ਅਤੇ ਸਿਆਣਪ ਦੇ ਨਾਲ਼,
ਮੰਜ਼ਲ ਆਪਣੀ ਪਾਈਏ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly