ਭਵਿੱਖ ਦੀਆਂ ਚੁਣੌਤੀਆਂ ਦੇ ਆਧਾਰ ’ਤੇ ਬਣਾਈ ਜਾਵੇ ਜੰਗੀ ਰਣਨੀਤੀ: ਵੋਹਰਾ

ਚੰਡੀਗੜ੍ਹ (ਸਮਾਜ ਵੀਕਲੀ): 1971 ਦੀ ਭਾਰਤ-ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ’ਤੇ ਆਧਾਰਿਤ ਪੰਜਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2021 ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵਰਚੁਅਲੀ ਕੀਤਾ। ਉਨ੍ਹਾਂ ਫੈਸਟੀਵਲ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਨਾਂ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਹਾਜ਼ਰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਐੱਨਐੱਨ ਵੋਹਰਾ ਨੇ ਕਿਹਾ ਕਿ ਫੈਸਟੀਵਲ ਰਾਹੀਂ ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਸ਼ਹੀਦ ਹੋਏ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਦੇ ਸਮਕਾਲੀ ਖਤਰਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਿਟਰੇਚਰ ਫੈਸਟੀਵਲ ਦਾ ਵਿਸ਼ੇਸ਼ ਹਿੱਸਾ ਫ਼ੌਜ ਬਾਰੇ ਲਿਖੀਆਂ ਕਿਤਾਬਾਂ, ਰਣਨੀਤੀ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਹੈ। ਇਸ ਦੌਰਾਨ ਹੁੰਦੀ ਬਹਿਸ ’ਚ ਇਸ ਖਿੱਤੇ ਦੀ ਸੁਰੱਖਿਆ ਦੀ ਰਣਨੀਤੀ ਬਾਰੇ ਤੇ ਭਵਿੱਖ ’ਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਚਾਰ-ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਯਾਦ ਕੀਤਾ ਕਿ 1971 ਦੀ ਜੰਗ ਨੂੰ ਵੀ ਇਸ ਸਾਲ 50 ਵਰ੍ਹੇ ਹੋ ਗਏ ਹਨ।

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਜ਼ੋਰ ਦੇ ਕੇ ਕਿਹਾ ਕਿ ਜੰਗ ਜਾਨਲੇਵਾ ਹੁੰਦੀ ਹੈ ਤੇ ਮਾਹਿਰਾਂ ਨੂੰ ਜੰਗੀ ਰਣਨੀਤੀ ਮੌਜੂਦਾ ਤੇ ਭਵਿੱਖੀ ਚੁਣੌਤੀਆਂ ਨੂੰ ਦੇਖ ਕੇ ਬਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਖ਼ਤਰੇ ਖੇਤਰ ਤੇ ਉਸ ਤੋਂ ਪਾਰ ਬਣ ਰਹੇ ਹਨ, ਉਸ ਹਿਸਾਬ ਨਾਲ ਰੱਖਿਆ ਸੇਵਾਵਾਂ ਨੂੰ ਤਿਆਰ ਕਰਨ ਦੀ ਲੋੜ ਹੈ। ਵੋਹਰਾ ਨੇ ਕਿਹਾ ਕਿ ਜੰਗ ਮੌਤ ਤੇ ਜ਼ਿੰਦਗੀ ਦਾ ਸਵਾਲ ਹੁੰਦੀ ਹੈ, ਇਹ ਮੁਲਕਾਂ ਤੇ ਅਧਿਕਾਰੀਆਂ, ਜੰਗ ਲੜਨ ਵਾਲਿਆਂ ਲਈ ਵੀ ਸਨਮਾਨ ਦਾ ਸਵਾਲ ਬਣ ਜਾਂਦੀ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਲੜਦੇ ਹਨ। ਸ੍ਰੀ ਵੋਹਰਾ ਨੇ ਵੀ ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਤੇ ਹੋਰਨਾਂ ਸ਼ਹੀਦ ਹੋਏ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਉਨ੍ਹਾਂ ਜੰਮੂ-ਕਸ਼ਮੀਰ ਦੇ ਰਾਜਪਾਲ ਹੁੰਦਿਆਂ ਜਨਰਲ ਰਾਵਤ ਨਾਲ ਕੰਮ ਕਰਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਪਹਿਲਾਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਇਸ ਸਾਹਿਤ ਮੇਲੇ ਰਾਹੀਂ ਭਾਰਤੀ ਫ਼ੌਜ ਵੱਲੋਂ ਬਹਾਦਰੀ ਨਾਲ ਲੜੀ ਗਈ 1971 ਦੀ ਜੰਗਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਾਇਆ ਜਾਵੇਗਾ। ਇਸ ਨਾਲ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ। ਰਾਜਪਾਲ ਨੇ ਕਿਹਾ ਕਿ ਇਸ ਵੇਲੇ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਧੀਕ ਡੀਜੀਪੀ ਦੇ ਛੁੱਟੀ ’ਤੇ ਜਾਣ ਦਾ ਕੋਈ ਅਸਰ ਨਹੀਂ: ਰੰਧਾਵਾ
Next articleਬੀਐੱਸਐੱਫ ਨੂੰ ਵਧ ਅਧਿਕਾਰਾਂ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਪੰਜਾਬ ਸਰਕਾਰ