ਹਿੰਮਤ

ਭਗਵਾਨ ਸਿੰਘ ਤੱਗੜ

  (ਸਮਾਜ ਵੀਕਲੀ)    
ਮੈਂ ਜਮਾਂਦਰੂ ਆਸ਼ਕ ਹਾਂ, ਇਸ ਗੱਲ ਦਾ ਪਤਾ ਮੈਨੂੰ ਉਦੋਂ ਲੱਗਿਆ ਜਦੋਂ ਮਾਂ ਨੇ ਮੇਰੇ ਬਾਰੇ ਆਪਣੀ ਸਹੇਲੀ ਨਾਲ ਹਾਸੇ-ਹਾਸੇ ਵਿਚ ਇਕ ਗੱਲ ਕਹੀ, ਬਈ ਮੈਂ ਪੈਦਾ ਹੁੰਦੇ ਸਾਰ ਹੀ ਦਾਈ ਨੁੰ ਇਸ਼ਾਰੇ ਕਰ ਰਿਹਾ ਸੀ, ਪਰ ਜਵਾਨੀ ਵਿਚ ਆਕੇ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਮਾਂ ਠੀਕ ਹੀ ਕਹਿੰਦੀ ਸੀ।ਜਦੋਂ ਜਵਾਨੀ ਆਉਂਦੀ ਹੈ ਤਾਂ ਉੱਡਣ ਨੂੰ ਦਿਲ ਕਰਦਾ ਹੈ,ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੁੰਦੀ,ਪਰ ਕਈ ਵਾਰੀ ਕੱਚੀ ਉਮਰ ਕਰਕੇ ਚੰਗੀ  ਮਾੜੀ-ਗੱਲ ਦਾ ਪਤਾ ਨਹੀਂ ਹੁੰਦਾ, ਤੇ ਬੰਦਾ ਮਿੱਤਰਾਂ ਦੇ ਦਬਾਅ ਵਿਚ ਆਕੇ ਕਈ ਇਹੋ ਜਿਹੇ ਬੁਰੇ ਕੰਮ ਕਰ ਬੈਠਦਾ ਹੈ ਜਿਸਦਾ ਬੰਦੇ ਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਹੈ ।
ਖੈਰ ਅੱਜ ਤੁਹਾਨੂੰ ਮੈਂ ਆਪਣੀ ਕਹਾਣੀ ਸੁਣਾਉਂਣ ਲੱਗਿਆ ਹਾਂ। ਮੁੰਡੇ ਅਤੇ ਕੂੜੀਆਂ  ਕਾਲਜ ਵਿਚ ਇਕੱਠੇ ਪੜ੍ਹਦੇ ਸਨ ਇਸ ਕਰਕੇ ਕੁੜੀਆਂ ਨੂੰ ਨੇੜਿਉਂ ਦੇਖਣ ਦਾ ਹੋਰ ਵੀ ਮੌਕਾ ਮਿਲ ਗਿਆ ਸੀ,ਉੱਤੋਂ ਨਾਵਲਾਂ, ਅਤੇ ਫਿ਼ਲਮਾਂ ਦਾ ਅਸਰ, ਮੇਰੇ ਵਾਸਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਸੀ ,ਅਤੇ ਸਾਨੂੰ ਕੁੜੀਆਂ ਹੋਰ ਵੀ ਸੋਹਣੀਆਂ ਲੱਗਣ ਲੱਗ ਗਈਆਂ ਸਨ।ਜਿਹੜੀ ਵੀ ਕੁੜੀ ਕੋਲ ਦੀ ਲੰਘਣੀ ਠੰਡਾ ਸਾਹ ਭਰ ਕੇ ਮਨ ਹੀ ਮਨ ਤਰੀਫ਼ ਕਰਨੀ, ਅਤੇ ਸੋਚਣਾ ਹਾਏ ਕਿੰਨੀ ਸੋਹਣੀ ਐਂ, ਜੇ ਇਸ ਨਾਲ ਗੱਲ ਬਣ ਜਾਵੇ ਤਾਂ ਚਾਂਦੀ ਹੀ ਚਾਂਦੀ ਹੈ, ਅਤੇ ਰੱਬ ਦਾ ਧੰਨਵਾਦ ਕਰਦੇ ਹੋਏ ਕਹਿਣਾ ਹੇ ਵਾਹਿਗੁਰੂ ਜਿਹੜਾ ਵੀ ਤੁੰ ਕੰਮ ਕਰਦਾ ਹੈਂ ਬੰਦਿਆਂ ਦੇ ਭਲੇ ਵਾਸਤੇ ਹੀ  ਕਰਦਾ ਹੈਂ ,ਔਰਤਾਂ ਬਣਾਕੇ ਬੰਦਿਆਂ ਵਾਸਤੇ ਤਾਂ ਮੌਜਾਂ ਬਣਾ ਦਿੱਤੀਆਂ। ਮੈਂ ਸੋਚਦਾ ਸੀ ਮੇਰੇ ਵਾਸਤੇ ਤਾਂ ਮੌਜਾਂ ਉਦੋਂ ਹੋਣਗੀਆਂ ਜੇ ਕੋਈ ਕੁੜੀ ਮੇਰੀ ਸਾਥਣ ਬਣਨ ਨੂੰ ਤਿਆਰ ਹੋ ਜਾਵਗੀ ।ਕੂੜੀਆਂ ਦੇ ਮਾਮਲੇ ਵਿਚ ਹਮੇਸ਼ਾਂ ਮੇਰੇ ਸਿਤਾਰੇ ਮੰਦ ਹੀ ਰਹੇ ਸਨ,ਕਿਉਂਕਿ ਮੈਂ ਬਹੁਤਾ ਹੀ ਡਰਪੋਕ ਸੀ ,ਅਤੇ ਛੇਤੀ ਕੀਤੇ ਕਿਸੇ ਕੁੜੀ ਨੂੰ ਬਲਾੳਂੁਣ ਦੀ ਹਿੰਮਤ ਨਹੀਂ ਸੀ ਪੈਂਦੀ  ਕਿਉਂਕਿ ਉਨ੍ਹਾਂ ਦੇ ਸੈਂਡਲਾਂ ਦੀ ਮਾਰ ਤੋਂ  ਡਰ ਲੱਗਦਾ ਸੀ ।ਕਈ ਵਾਰੀ ਹਿੰਮਤ ਕਰਕੇ ਕੂੜੀ ਨੂੰ ਬਲਾਉਂਣ ਬਾਰੇ ਸੋਚਦਾ ਸੀ,ਪਰ ਉਹੀ ਡਰ ਮੇਰੀਆਂ ਅੱਖਾਂ ਦੇ ਮੁਹਰੇ ਆ ਜਾਂਦਾ ਸੀ, ਸੋਚਦਾ ਸੀ ਕੁੜੀ ਨੂੰ ਬਲਾਉਂਣ ਤੋਂ ਬਾਅਦ ਉਸਨੇ ਬੰਦੇ ਇਕੱਠੇ ਕਰ ਲਏ ਤਾਂ ਪਹਿਲ਼ਾਂ ਤਾਂ ਉਨ੍ਹਾਂ ਨੇ ਮੇਰੀ ਚੰਗੀ ਸੇਵਾ ਕਰਨੀ ਐਂ, ਤੇ ਫ਼ੇਰ ਮੂੰਹ ਕਾਲਾ ਕਰਕੇ ਖੋਤੇ ਤੇ ਬੈਠਾਕੇ ਕੱਢਣਗੇ ਜਲੂਸ, ਤੇ ਫੇਰ ਲੈਕੇ ਜਾਣਗੇ ਥਾਣੇ ,ਤੇ ਪੁਲਿਸ ਵਾਲਿਆਂ ਦਾ ਜਿਸ ਨਾਲ ਵਾਹ ਪੈ ਜਾਂਦਾ ਹੈ ਉਹ ਤਾਂ ਫੇਰ  ਕਰੇ ਆਵਦੀ ਮਾਂ ਨੂੰ ਯਾਦ ,  ਪਹਿਲ਼ਾਂ ਤਾਂ ਉਹ ਚੰਗੀ ਸੇਵਾ (ਛਿੱਤਰ ਪਰੇਡ)  ਕਰਨਗੇ ਤੇ ਫੇਰ ਪੈਸੇ ਲਏ ਬਗੈਰ ਛੱਡਣਾ ਨਹੀਂ।
ਮੇਰੇ ਮਿੱਤਰ ਕਈ ਵਾਰੀ ਗੱਲਾਂ ਕਰਦੇ ਸਨ, ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਸਹੇਲੀਆਂ ਹਨ ਅਤੇ ਅਸੀਂ ਨਿੱਤ ਨਵੀਂ ਸਹੇਲੀ ਨਾਲ ਫਿ਼ਲਮ ਦੇਖਣ ਜਾਂ ਕਿਸੇ ਰੈਸਟੋਰੈਂਟ  ਵਿਚ ਖਾਣ-ਪੀਣ ਜਾਂ ਫੇਰ ਸਹੇਲੀ ਨਾਲ ਸੈਰ ਸਪਾਟੇ ਨੂੰ ਚਲੇ ਜਾਈਦਾ ਹੈ।ਮਨ ਵਿਚ ਬੜਾ ਦੁਖੀ ਹੋਣਾ ਕਿ ਮੇਰੇ ਇਹ ਦੋਸਤ ਕਿਵੇਂ ਕੁੜੀਆਂ ਫਸਾ ਲੈਂਦੇ ਹਨ,ਮੈਂ ੳਨ੍ਹਾਂ ਨੂੰ ਕੁੜੀਆਂ ਨਾਲ ਤੱਕ ਕੇ ਆਪਣੇ ਆਪ ਤੇ ਲਾਹਨਤਾਂ ਵੀ ਪਾਉਂਦਾ ਸੀ ਅਤੇ ਸੋਚਦਾ ਸੀ ਪਾਗਲਾ ਆਪਣੀ ਜਵਾਨੀ ਦੇ ਦਿਨ ਇਵੇਂ ਹੀ ਗਵਾਈ ਜਾਨੈ, ਹਿੰਮਤ ਕਰਕੇ ਕਿਸੇ ਕੁੜੀ ਨੂੰ ਬਣਾਲੈ ਸਹੇਲੀ, ਮਰਨ ਤੋਂ ਮਗਰੋਂ ਧਰਮਰਾਜ (ਯਮਰਾਜ) ਨੇ ਲੇਖਾ ਜੋਖਾ ਕਰਕੇ ਪਤਾ ਕਰ ਲੈਣੈ, ਅਤੇ ਕਹਿਣਾ ਹੈ ਕੀ ਗੱਲ ਛੜਾ ਹੀ ਆ ਗਿਆ ਹੈਂ,ਮੈਂ ਫੇਰ ਯਮਰਾਜ ਨੂੰ ਕੀ ਜਵਾਬ ਦੇਵਾਂਗਾ॥
ਇਕ ਵਾਰੀ ਦੀ ਗੱਲ ਮੈਂ ਤੇ ਮੇਰੇ ਮਿੱੱਤਰ ਇਕ ਰੈਸਟੋਰੈਂਟ ਵਿਚ ਬੈਠੇ ਚਾਹ ਪੀ ਰਹੇ ਸੀ,ਜਵਾਨੀ ਦੇ ਦਿਨਾਂ ਵਿਚ ਸਾਡੇ ਕੋਲ ਦੋ ਹੀ ਗੱਲਾਂ ਹੁੰਦੀਆਂ ਸਨ ਫਿ਼ਲਮਾਂ ਦੀਆਂ ਤੇ ਜਾਂ ਫੇਰ ਕੁੜੀਆਂ ਦੀਆਂ।ਸਭ ਆਪਣੀਆਂ ਸਹੇਲੀਆਂ ਦੇ ਨਾਂ ਦੱਸਕੇ ਮੇਰੇ ਕੋਲੋਂ ਪੁੱਛਣ ਲੱਗੇ,” ਤੇਰੀ ਸਹੇਲੀ ਦਾ ਕੀ ਨਾਂ ਹੈ, ਕੋਈ ਬਣਾਈ ਸਹੇਲੀ ਜਾਂ ਨਹੀਂ,ਜੇ ਹਾਲੇ ਤੱਕ ਵੀ ਕੋਈ ਕੁੜੀ ਨੂੰ ਸਹੇਲੀ ਨਹੀਂ ਬਣਾਇਆ ਤਾਂ ਬੁੱਢੇ ਹੋਏ ਤਾਂ ਕਿਸੇ ਕੁੜੀ ਨੇ ਤੇਰੇ ਨੇੜੇ ਨਹੀਂ ਲੱਗਣਾ।” ਤੇ ਮੈਂ ਉਨ੍ਹਾਂ ਦੀ ਗੱਲ ਅਣਸੁਣੀ ਕਰਕੇ ਬਾਹਰ ਝਾਕ ਰਿਹਾ ਸੀ । ਜਦੋਂ ਪਹਿਲੇ ਮਿੱਤਰ ਦੀ ਗੱਲ ਦਾ ਜਵਾਬ ਨਾ ਦੇ ਹੋਇਆ,ਤਾਂ ਦੂਜਾ ਮਿੱਤਰ ਕਹਿਣ ਲੱਿਗਆ ,” ਯਾਰ ਜਾਣ ਦਿਉ ਕਿਉਂ ਵਿਚਾਰੇ ਨੂੰ ਤੰਗ ਕਰੀ ਜਾਨਾ ਹੈਂ, ਇਹ ਇਹੋ ਜਿਹੇ ਕੰਮ ਨਹੀਂ ਕਰਦਾ,ਇਹ ਤਾਂ ਨਿਰਾ ਸਾਧ ਹੈ ਸਾਧ।” ਤੇ ਉਸ ਮਿੱਤਰ ਦੀ ਗੱਲ ਮੇਰੇ ਛੁਰੀ ਵਾਂਗ ਵੱਜੀ । ਜੋਸ਼ ਵਿਚ ਆਕੇ ਮੈਂ ਉਨ੍ਹਾਂ ਨੂੰ ਕਿਹਾ,” “ਇਸ ਗੱਲ ਵੱਲ ਤਾਂ ਮੈਂ ਕਦੇ ਧਿਆਨ ਹੀ ਨਹੀਂ ਸੀ  ਦਿੱਤਾ ,ਕੁੜੀਆਂ ਦਾ ਕੀ ਹੈ ਕਹੋਂ ਤਾਂ ਦਸ ਕੁੜੀਆਂ ਤੁਹਾਡੇ ਸਾਹਮਣੇ ਲਿਆਕੇ ਖੜੀਆਂ ਕਰ ਦਿਆਂ।” ਤੇ ਅੱਗੋਂ ਮਿੱਤਰ ਹੱਸਕੇ ਕਹਿਣ ਲੱਗੇ “ਤੈਨੂੰ ਇਕ ਮਹੀਨੇ ਦੀ ਮੋਹਲਤ ਦਿੰਦੇ ਹਾਂ ਦਸ ਕੁੜੀਆਂ ਨੂੰ ਛੱਡ ਤੂੰ ਸਾਨੂੰ ਇਕ ਕੂੜੀ ਨੂੰ ਸਹੇਲੀ ਬਣਾਕੇ ਦਿਖਾਦੇ, ਤੇ ਇਸੇ ਰੈਸਟੋਰੈਂਟ ਵਿਚ ਆਕੇ ਅਸੀਂ ਸਾਰੇ ਇਕੱਠੇ ਚਾਹ ਪੀਵਾਂਗੇ ਜੇ ਤੂੰ ਆਪਣੀ ਸਹੇਲੀ ਨੂੰ ਇੱਥੇ ਲੈਕੇ ਆ ਗਿਆ ਤਾਂ ਅਸੀਂ ਮੰਨ ਜਾਵਾਂਗੇ ।” ਤੇ ਜੋਸ਼ ਵਿਚ ਆਕੇ ਮੈਂ ਉਨ੍ਹਾਂ ਦੀ ਸ਼ਰਤ ਮੰਜੂਰ ਕਰ ਲਈ।
ਉਸ ਰਾਤ ਮੈਂ ਸੌਂ ਨਾ ਸਕਿਆ ਤੇ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੈਂ ਉਨ੍ਹਾਂ ਨੂੰ ਕਹਿ ਤਾਂ ਆਇਆ ਹਾਂ ਪਰ ਇਹ ਕੰਮ ਹੋਵੇਗਾ ਕਿਸ ਤਰ੍ਹਾਂ। ਜਦੋਂ ਮੈਂ ਇਹ ਗੱਲ ਆਪਣੇ ਮਿੱਤਰ ਬੱਬਰ ਸਿੰਘ ਮਝਧਾਰ ਨੂੰ ਦੱਸੀ ਤਾਂ ਉਸਨੇ ਕਿਹਾ, “ ਬੱਸ ਇੰਨੀ ਗੱਲ ਤੋਂ ਘਬਰਾ ਗਿਆ ਹੈਂ,ਜੇ ਤੂੰ ਰੈਸਟੋਰੈਂਟ ਵਿਚ ਜਾਕੇ ਕੁੜੀ ਨਾਲ ਚਾਹ ਹੀ ਪੀਣੀ ਐਂ ,ਤਾਂ ਭਿਜਵਾ ਦਿੰਦਾ ਹਾਂ ਕੂੜੀ ਤੇਰੇ ਨਾਲ ਮੈਨੂੰ ਬਥੇਰੀਆਂ ਕੂੜੀਆਂ ਜਾਣ ਦੀਆਂ ਹਨ।” ਤੇ ਮੈਂ ਆਵਦੇ ਦੋਸਤ ਬੱਬਰ ਸਿੰਘ ਮਝਧਾਰ ਨੂੰ ਕਿਹਾ ,”ਮੈਂ ਤਾ ਆਪ ਹੀ ਹਿੰਮਤ ਕਰਕੇ ਕੂੜੀ ਫਸਾਉਣਾ ਚਾਹੂੰਦਾ ਹਾਂ, ਤੂੰ ਕੋਈ ਚੰਗਾ ਜਿਹਾ ਤਰੀਕਾ ਦੱਸ, ਜਿਸ ਨਾਲ ਕੂੜੀ ਫਸ ਜਾਵੇ ਤੇ ਮੈਂ ਵੀ ਆਪਣੇ ਮਿੱਤਰਾਂ ਦੇ ਬਰਾਬਰ ਖੜਾ ਹੋ ਸਕਾਂ ।”
ਮੈਨੂੰ ਉਹ ਕਹਿਣ ਲੱਿਗਆ ,”ਦੇਖ ਬਾਈ ਦਲਿੱਦਰ ਸਿਹਾਂ ਆਪਾਂ ਤਾਂ ਜਾਂਦੀ ਕੁੜੀ ਦੀ ਬਾਂਹ ਪਕੜ ਲਈਦੀ ਹੈ, ਉਦੋਂ ਤੱਕ ਨਹੀਂ ਛੱਡੀਦੀ ਜਦੋਂ ਤੱਕ ਉਹ ਹਾਂ ਨਹੀਂ ਕਰ ਦਿੰਦੀ।”
ਉਸ ਮਿੱਤਰ ਦੀ ਸਲਾਹ ਨਾਲ ਉਸੇ ਦਿਨ ਤੋਂ ਆਪਣੇ ਨਿਸ਼ਾਨੇ ਤੱਕ ਪਹੁੰਚਣ ਵਾਸਤੇ ਸਾਈਕਲ ਤੇ ਚੜ੍ਹਕੇ ਗਲੀਆਂ ਦੇ ਚੱਕਰ ਲਗਾਉਂਣ ਲੱਗ ਗਿਆ।ਘਰਾਂ ਦੇ ਬਾਹਰ ਖੜੀਆਂ ਬੁੜ੍ਹੀਆਂ ਮੇਰੇ ਵੱਲ ਇਉਂ ਕੋੜ-ਕੌੜ ਝਾਕਦੀਆਂ ਸਨ ਜਿਵੇਂ ਮੈਂ ਉਨ੍ਹਾਂ ਦੀਆਂ ਵਾਲੀਆਂ ਲਾਹੁਣ ਆਇਆ ਹਾਂ ।ਕਈ ਦਿਨ ਚੱਕਰ ਲਗਾਉਂਣ ਤੋਂ ਬਾਅਦ ਵੀ ਸਫ਼ਲ ਨਾ ਹੋਇਆ ਅਤੇ ਮਿੱਤਰਾਂ ਨਾਲ ਲਗਾਈ ਹੋਈ ਸ਼ਰਤ ਦੇ ਦਿਨ ਵੀ ਨੇੜੇ ਆ ਰਹੇ ਨ।ਪਹਿਲਾਂ ਤਾਂ ਸੋਚਿਆ ਮਨਾ ਮੰਨ ਲੈ ਹਾਰ ,ਮੇਰੇ ਮਿੱਤਰ ਇੰਨਾ ਹੀ ਕਹਿ ਦੇਣਗੇ ਕਿ ਮੈਂ ਡਰਪੋਕ ਹਾਂ, ਮੇਰੇ ਵਿਚ ਕਿਸੇ ਕੁੜੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੈ,ਪਰ ਫੇ਼ਰ ਖਿ਼ਆਲ ਆਇਆ ਕਿ ਇਕ ਵਾਰੀ ਕੋਸਿ਼ਸ ਤਾਂ ਜਰੂਰ ਕਰਨੀ ਹੈ ਹਿੰਮਤ ਨਹੀਂ ਹਾਰਨੀ ਚਾਹਦੀ।ਕਈ ਵਾਰੀ ਸੋਚਦਾ ਸੀ ਚੰਗੀ ਨੀਅਤ ਨਾਲ ਭਾਵੇਂ ਕਿਸੇ ਵੀ ਕੁੜੀ ਨੂੰ ਬੁਲਾ ਲਉ ਕੁਝ ਨਹੀਂ ਹੁੰਦਾ, ਪਰ ਭੈੜੀ ਨਜਰ ਨਾਲ ਬੁਲਾਉਂਣ ਲੱਿਗਆਂ ਸ਼ਰੀਰ ਕੰਬਣ ਕਿਉਂ ਲੱਗ ਜਾਂਦਾ ਹੈ ।ਜਦੋਂ ਮੇਰੀ ਸਾਰੀ ਨੱਠ-ਭੱਜ ਬੇਕਾਰ ਹੋ ਗਈ ਤਾਂ ਮੈਂ ਫ਼ੇਰ ਆਪਣੇ ਮਿੱਤਰ ਬੱਬਰ ਸਿੰਘ ਮਝਧਾਰ ਕੋਲ ਜਾਕੇ ਮਿੱਨਤਾਂ ਕਰਨ ਲੱਗ ਗਿਆ। ਮੈਨੂੰ ਉਹ ਕਹਿਣ ਲੱਿਗਆ ,” ਤੂੰ ਡਰ ਨਾ ਕੋਈ ਕੁੜੀ ਨਿਗਾਹ ਵਿਚ ਰੱਖ ਤੇ ਮੈਂ ਤੇਰਾ ਪੂਰਾ ਸਾਥ ਦੇਵਾਂਗਾ।” ਮੈਂ ਕੁਝ ਆਪਣੀ ਹਿੰਮਤ ਨਾਲ ਤੇ ਕੁਝ ਆਪਣੇ ਮਿੱਤਰ ਬੱਬਰ ਸਿੰਘ ਮਝਧਾਰ ਦੇ ਦਿੱਤੇ ਹੋਏ ਹੌਸਲੇ ਨਾਲ ਕਈ ਦਿਨਾਂ ਦੀ ਮਿਹਨਤ ਨਾਲ ਇਕ ਕੂੜੀ ਦੇਖ ਲਈ ,ਜਿਹੜੀ ਪਿਛਲੇ ਮਹੀਨੇ ਹੀ ਸਾਡੀ ਗਲੀ ਵਿਚ ਆਈ ਸੀ, ਕਿਉਂਕਿ ਉਸਦੇ ਪਿਉ ਦੀ ਬਦਲੀ ਹੋ ਗਈ ਸੀ । ਕੂੜੀ ਦੇ ਪਰਿਵਾਰ ਦੇ ਚਾਰ ਮੈੰਬਰ ਸਨ ਕੂੜੀ ਦਾ ਭਰਾ ਅਤੇ ਮਾਂ-ਪਿਉ ਅਤੇ ਉਹ ਆਪ ।ਸੋਚਿਆਂ ਕੁੜੀ ਦੇ ਭਰਾ ਨੂੰ ਅਸੀਂ ਦੋਨੋਂ ਸੰਭਾਲ ਹੀ ਸਕਦੇ ਹਾਂ, ਇਕ ਕਹਾਵਤ ਹੈ “ਮੀਆਂ ਬੀਵੀ ਰਾਜੀ ਤੋ ਕਿਆ ਕਰੇਗਾ ਭਾਈ ਜੀ (ਕਾਜੀ) ਅਤੇ ਜੇ ਕੁੜੀ ਹੀ ਮੰਨ ਗਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ । ਮੈਂ ਕੁਝ ਦਿਨਾਂ ਵਿਚ ਕੂੜੀ ਦੇ ਸਾਰੇ ਬਾਇਉ ਡੇਟੇ ਦਾ ਪਤਾ ਕਰ ਲਿਆ॥ਇਕ ਜਗ੍ਹਾ ਵੀ ਚੁਣ ਲਈ ਸੀ ਜਿਹੜੀ ਕਾਲਜ ਦੇ ਪਿਛਲੇ ਪਾਸੇ ਸੀ ਇਹ ਇਕ ਨਵੇਕਲੀ ਜਗ੍ਹਾ ਸੀ ਜਿੱਥੇ ਬਹੁਤ ਸਾਰੇ  ਦਰਖਤ, ਝਾੜੀਆਂ ਅਤੇ ਕੁਝ ਟੋਏ ਵੀ ਸਨ।ਮਿਥੀ ਤਰੀਕ ਵਾਲੇ ਦਿਨ ਮੈਂ ਨਹਾ- ਧੋਕੇ ਨਵਾਂ ਸੂਟ ਪਾਇਆ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਰੱਬਾ ਤੇਰਾ ਭਗਤ ਇਕ ਵਡੀ ਮਾਰ ਤੇ ਚੱਲਿਆ ਹੈ  ਕੰਮ ਸਫ਼ਲ ਕਰੀਂ, ਤੈਨੂੰ ਸਵਾ ਰੁਪਏ ਦਾ ਪ੍ਰਸ਼ਾਦ ਚੜਾ੍ਹਵਾਂਗਾ,ਇਹ ਕਹਿਕੇ ਰੱਬ ਨੂੰ ਵੀ ਰਿਸਵਤ ਦੇਣ ਵਾਸਤੇ ਕਹਿ ਦਿੱਤਾ।ਜਦੋਂ ਘਰ ਦਿਆਂ ਨੇ ਪਾਏ ਹੋਏ ਨਵੇਂ ਸੂਟ ਬਾਰੇ ਪੁੱਿਛਆ ਤਾਂ ਮੈਂ  ਕਾਲਜ ਵਿਚ ਹੋ ਰਹੇ ਫ਼ਕਸ਼ਨ ਦਾ ਬਹਾਨਾ  ਬਣਾ ਦਿੱਤਾ।ਇਕ ਵਾਰੀ ਤਾਂ ਸੋਚਿਆ ਸ਼ਰਮ ਕਰ ਰੱਬ ਅੱਗੇ  ਇਸ ਭੈੜੀ ਗੱਲ ਪਿੱਛੇ ਅਰਦਾਸ ਕਰ ਰਿਹਾ ਹੈਂ ।ਪਰ ਫੇਰ ਖਿ਼ਆਲ ਆਇਆ ਵਿਸ਼ਵਾਮਿੱਤਰ ਐਡੇ ਵੱਡੇ ਰਿਸ਼ੀ ਸਨ ਮੇਨਕਾ ਪਰੀ ਨੂੰ ਦੇਖਕੇ ਪਿਘਲ ਗਏ ਸਨ ਤੇ ਮੈਂ ਕਿਸ ਖੇਤ ਦੀ ਗਾਜਰ (ਮੂਲੀ ) ਹਾਂ।
ਮੈਂ ਹਾਲੇ ਅਤਰ ਫੁਲੇਲ ਲਗਾਕੇ ਹਟਿਆ ਹੀ ਸੀ ਤੇ ਮੇਰਾ ਮਿੱਤਰ ਬੱਬਰ ਸਿੰਘ ਮਝਧਾਰ ਆਕੇ ਕਹਿਣ ਲੱਗਿਆ” ਬਾਈ ਦਲਿਦੱਰ ਸਿਹਾਂ ਆਹ ਤਾਂ  ਕਪੱੜੇ ਪਾਉਣ ਵਾਲੀ ਕਮਾਲ ਕਰ ਦਿੱਤੀ, ਇਉਂ ਲਗਦਾ ਹੈ ਜਿਵੇਂ ਤੂੰ ਨੌਕਰੀ ਦੀ ਭਾਲ ਵਿਚ ਚਲਿੱਆ ਹੈਂ।”ਮੈਂ ਆਪਣੇ ਮਿੱਤਰ ਨੂੰ ਹੱਸਕੇ ਕਿਹਾ, “ ਨੌਕਰੀ ਦੀ ਭਾਲ ਵਿਚ ਨਹੀਂ ਛੋਕਰੀ ਦੀ ਭਾਲ ਵਿਚ ਚੱਿਲਆ ਹਾਂ।”
ਤਿਆਰ ਹੋਕੇ ਅਸੀਂ ਕੁੜੀ ਦੇ ਘਰ ਦੀ ਗਲੀ ਦੀ ਨੁੱਕੜ ਤੇ ਆਕੇ ਕੂੜੀ ਦੇ ਘਰੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗ ਗਏ।ਜਿਵੇਂ ਹੀ ਕੁੜੀ ਬਾਹਰ ਆਈ ਉਸਨੂੰ ਤੱਕਦੇ ਸਾਰ ਹੀ ਮੈਨੂੰ ਤਾਂ ਪਸੀਨਾ ਆਉਣ ਲੱਗ ਗਿਆ, ਅਤੇ ਸ਼਼ਰੀਰ ਕੰਬਣ ਲੱਗ ਗਿਆ, ਅਤੇ ਇਉਂ ਲੱਿਗਆ ਕਿ ਜਿਵੇਂ ਸਿਰ ਨੂੰ  ਬੁਖਾਰ ਚੜ੍ਹਦਾ ਜਾਂਦਾ ਹੈ।ਰੁਮਾਲ ਕੱਢ ਕੇ ਮੈਂ ਕੰਬਦੇ ਹੱਥਾਂ ਨਾਲ ਆਪਣੇ ਮੂੰਹ ਤੋਂ ਪਸੀਨਾ ਪੂੰਝਿਆ।ਮੇੇਰੇ ਮਿੱਤਰ ਦੇ ਹਿੰਮਤ ਵਧਾਉਂਣ ਤੋਂ ਬਾਅਦ ਅਸੀਂ ਕੁੜੀ ਦੇ ਪਿੱਛੇ ਚੱਲ ਪਏ ,ਨਾਲ ਆਸੇ-ਪਾਸੇ ਕਿਸੇ ਆਉਣ ਵਾਲੇ ਖਤਰੇ ਵੱਲ ਵੀ ਤੱਕ ਲੈਂਦੇ ਸੀ ।ਸੋਚਿਆ ਇਸਦਾ ਭਰਾ ਜਾਂ ਹੋਰ ਕੋਈ ਰਿਸ਼ਤੇਦਾਰ ਆ ਗਿਆ ਤਾਂ  ਉਸਨੇ ਤਾਂ ਮਾਰ-ਮਾਰ ਸਾਡੇ ਇੱਥੇ ਹੀ ਫੁਲਕੇ ਪਕਾ ਦੇਣੇ ਹਨ ।ਖੈਰ ਚਲਦੇ ਚਲਦੇ ਅਸੀਂ ਉਸ ਚੁਣੀ ਹੋਈ ਨਵੇਕਲੀ ਜਗ੍ਹਾ ਤੇ ਪਹੰਚ ਗਏ ।ਮੇਰਾ ਮਿੱਤਰ ਬੱਬਰ ਸਿੰਘ ਮਝਧਾਰ ਕਹਿਣ ਲੱਗਿਆ, “ ਦਲਿੱਦਰ ਸਿਹਾਂ ਦੇਖਦਾ ਕੀ ਹੈਂ  ਅੱਗੇ ਹੋਕੇ ਪਕੜ ਲੈ ਕੁੜੀ ਦੀ ਬਾਂਹ।” ਆਪ ਤਾਂ ਉਹ ਪਿੱਛੇ ਖੜਾ ਰਿਹਾ ਤੇ ਮੈਨੂੰ ਅੱਗੇ ਧੱਕ ਦਿੱਤਾ ,ਮੇਰੇ ਮਿੱਤਰ ਦੇ ਬਾਰ ਬਾਰ ਕਹਿਣ ਤੇ ਡਰਦੇ-ਡਰਦੇ ਮੈਂ ਉਸ ਕੁੜੀ ਨੂੰ ਕਿਹਾ,”ਹੈਲੋ ਸੋਹਣਿਉਂ ਕੀ ਹਾਲ —?ਮੈਂ ਗੱਲ ਹਾਲੇ ਪੂਰੀ ਨਹੀਂ ਸੀ ਕੀਤੀ ਉਹ ਪਿੱਛੇ ਮੁੜਕੇ ਗੱਸੇ ਨਾਲ ਅੱਖਾਂ ਟੱਡਕੇ ਮੇਰੇ ਵੱਲ ਝਾਕੀ ਤਾਂ ਮੈਨੂੰ ਤਾਂ ਉਹ ਚੰਡੀ ਦਾ ਰੂਪ ਲੱਗੀ ।ਮੈਂ ਬੜੀ ਮੁਸ਼ਕਲ ਨਾਲ ਡਿਗਦਾ -ਡਿਗਦਾ ਬਚਿਆ।ਪਿੱਛੇ ਖੜਾ ਮੇਰਾ ਉਹ ਮਿੱਤਰ ਹੱਲਾ-ਸ਼ੇਰੀ ਦੇਈ ਜਾਂਦਾ ਸੀ ਅਤੇ ਕਹੀ ਜਾਂਦਾ ਸੀ ਹੁਣ ਨੂੰ ਤਾਂ ਮੈਂ ਵੀਹ ਕੂੜੀਆਂ ਫ਼ਸਾ ਲੈਣੀਆਂ ਸਨ ,ਤੈਨੂੰ ਹੋ ਕੀ ਗਿਆ ਹੈ,ਇੰਨਾ ਕਿਉਂ ਡਰਦਾ ਹੈਂ, ਕੂੜੀ ਹੀ ਹੈ ਕੋਈ ਚੁੜੇਲ ਤਾਂ ਨਹੀਂ,ਨਾਲੇ ਮੈਂ ਤੇਰੇ ਨਾਲ ਹਾਂ ਫੇਰ ਕਾਹਤੋਂ ਡਰਦਾ ਹੈਂ,ਦੇਖਦਾ ਕੀ ਹੈਂ ਪੈਜਾ ਕੁੜੀ ਨੂੰ ।” ਮੈਂ ਤਾਂ ਦਿਲ ਛੱਡੀ ਬੈਠਾ ਸੀ ਪਰ ਮਿੱਤਰਾਂ ਨਾਲ ਕੀਤਾ ਹੋਇਆ ਵਾਅਦਾ ਯਾਦ ਆਉਂਣ ਤੋਂ ਬਾਅਦ ਲੱਤਾਂ ਘਸੀਟਦੇ ਹੋਏ ਅੱਗੇ ਵਧਿਆ। ਮੈਂ ਜਿਉਂ ਹੀ ਉਸਦੇ ਨੇੜੇ ਆਇਆ ਤਾਂ ਉਸ ਕੁੜੀ ਨੇ  ਪਿੱਛੇ  ਪਰਤ ਕੇ ਕਿਹਾ ,” ਤੁਹਾਨੂੰ ਲੋਕਾਂ ਨੂੰ ਸ਼ਰਮ ਹਯਾ ਹੈ ਕਿ ਨਹੀਂ ਕੋਈ, ਇਹ ਗੱਲ ਆਪਣੀ ਮਾਂ-ਭੈਣ ਨੂੰ ਕਹਿ ਜਾਕੇ ।” ਇਹ ਕਹਿਕੇ ਉਹ ਕਾਹਲੀ ਕਾਹਲੀ ਨਾਲ ਅੱਗੇ ਚੱਲ ਪਈ ਅਤੇ ਕਦੇ ਕਦੇ ਉਹ ਪਿੱਛੇ ਮੁੜਕੇ ਵੀ ਦੇਖ ਲੈਂਦੀ ਸੀ ।
ਉਸਦੀ ਇਹ ਗੱਲ ਸੁਣਕੇ ਸੱਚ ਪੱੁਛੋ ਤਾਂ ਮੇਰੀਆਂ ਤਾਂ ਲੱਤਾਂ ਜਵਾਬ ਦੇ ਗਈਆਂ ਸਨ,ਜਬਾਨ ਤਾਲੂਏ ਨਾਲ ਲੱਗ ਗਈ ਸੀ, ਗਲਾ ਮੇਰਾ ਸੁੱਕ ਗਿਆ ਸੀ ।ਪਰ ਮਿੱਤਰਾਂ ਦੀ ਸ਼ਰਤ ਮੈਨੂੰ ਰਹਿ ਰਹਿ ਕੇ ਯਾਦ ਆ ਰਹੀ ਸੀ,  ਸੋਚਿਆ ਜੇ ਕੁੜੀ ਨਾ ਫਸਾਈ ਤਾਂ  ਮਿੱਤਰਾਂ ਦੇ ਸਾਹਮਣੇ ਕਿੰਨੀ ਹੇਠੀ ਹੋਵੇਗੀ। ਪਿੱਛੇ ਖੜਾ ਮੇਰਾ ਮਿੱਤਰ ਮੈਨੂੰ ਲਾਹਨਤਾਂ ਪਾ ਰਿਹਾ ਸੀ ਅਤੇ ਕਹਿ ਰਿਹਾ ਸੀ,ਕੁੜੀਆਂ ਇਸੇ ਤਰ੍ਹਾਂ ਪਹਿਲਾਂ ਗਾਲ੍ਹਾਂ ਕੱਢਦੀਆਂ ਹੁੰਦੀਆਂ ਹਨ,ਇਸ ਗੱਲ ਦੀ ਤੂੰ ਕੋਈ ਪਰਵਾਹ ਨਾ ਕਰ ਇਸਤੋਂ ਚੰਗਾ ਮੌਕਾ ਫੇਰ ਨਹੀਂ ਮਿਲਣਾ।”ਮੈ ਸੋਚਿਆ ਮੇਰਾ ਮਿੱਤਰ ਵੀ ਕੀ ਯਾਦ ਰੱਖੇਗਾ ਮੈਂ ਅੱਜ ਕੁੜੀ ਦੀ ਬਾਂਹ ਪਕੜ ਕੇ ਦਿਖਾਵਾਂਗਾ।ਅਤੇ ਆਪਣੇ ਬਚੇ-ਖੁਚੇ ਸਾਹ ਇਕੱਠੇ ਕਰਕੇ ਹਿਮੰਤ ਕਰਕੇ ਅੱਗੇ ਵਧਿਅ ਤਾਂ ਉਸਦਾ  ਭਰਾ ਮੈਨੂੰ ਯਮਰਾਜ  ਦੇ ਰੂਪ ਵਿਚ ਮੇਰੇ ਵੱਲ ਆਉਂਦਾ ਦਿਿਸਆ ।ਉਸਨੂੰ ਤੱਕਣ ਤੋਂ ਬਾਅਦ ਮੇਰੇ ਤਾਂ ਸੱਤੂ ਵਿਕ ਗਏ ਹੁਣ ਮੈਨੂੰ ਕੁਝ ਨਹੀਂ ਸੀ ਸੁਝਦਾ ।ਮੇਰੀ ਇਹ ਹਾਲਤ ਤੱਕ ਕੇ ਮੈਨੂੰ ਬੱਬਰ ਸਿੰਘ ਮਝਧਾਰ ਕਹਿਣ ਲੱਿਗਆ ਜਿਹੋ ਜਿਹਾ ਨਾਂ ਹੈ ਉਹੋ ਜਿਹਾ ਤੂੰ ਹੈਂ ਰਿਹਾ ਨਾ ਫੇਰ ਦਲਿੱਦਰ ਦਾ ਦਲਿੱਦਰ,  “ਡਰਦਾ ਕਿਉਂ ਹੈ ਮੈਂ ਤੇਰੇ ਨਾਲ ਹਾਂ,ਅੱਵਲ ਤਾਂ ਸਾਨੂੰ ਦੋਹਾਂ ਨੂੰ ਕੁਝ ਕਹਿਣ ਦੀ ਹਿੰਮਤ ਹੀ ਨਹੀਂ ਕਰੇਗਾ ਅਤੇ ਜੇ ਕੁਝ ਕਹਿਣ ਲੱਿਗਆ ਤਾਂ ਉਹ ਕੱਲਾ ਤੇ ਆਪਾਂ ਦੋ ਜਣੇ, ਜੜ ਦਿਆਂਗੇ ਉਹਦੇ ਕੰਨਾ ਦੇ ਵਿਚਾਲੇ ਦੋ ਚਾਰ।”  ਉਸਦੇ ਭਰਾ ਦੀ ਸਿਹਤ ਦੇਖਕੇ ਮੇਰੀ ਤਾਂ ਹਿੰਮਤ ਜਵਾਬ ਦੇ ਗਈ ਸੀ, ਪਰ ਮੇਰੇ ਮਿੱਤਰ ਦੇ ਦਿੱਤੇ ਹੋਏ ਹੌਸਲੇ ਨਾਲ ਮੈਂ ਉੱਥੇ ਡਟਿਆ ਰਿਹਾ। ਕੂੜੀ ਨੇ ਆਵਦੇ ਭਰਾ ਨੂੰ ਸ਼ਾਇਦ  ਸਾਰੀ ਗੱਲ  ਦੱਸ ਦਿੱਤੀ  ਸੀ ਇਸੇ ਕਰਕੇ ਹੀ ਉਸਦਾ ਭਲਵਾਨਾ ਵਰਗਾ ਅਤੇ ਛੇ ਫੱੁਟ ਲੰਮੇ ਕਦ ਦਾ  ਭਰਾ ਹਨੇਰੀ ਵਾਂਗ ਮੇਰੇ ਵੱਲ ਵਧਿਆਂ ਆ ਰਿਹਾ ਸੀ।ਮੈਂ ਅੱਖਾਂ ਬੰਦ ਕਰਕੇ ਆਪਣੇ ਬਚਾਅ ਵਾਸਤੇ ਰੱਬ ਅੱਗੇ ਅਰਦਾਸ ਕਰਨ ਲੱਗ ਗਿਆ,ਜਦੋਂ ਅੱਖਾਂ ਖੌਲੀ੍ਹਆਂ ਤਾਂ ਕੂੜੀ ਅਤੇ ਉਸਦਾ ਭਰਾ ਮੇਰੇ ਸਾਹਮਣੇ ਖੜੇ ਸਨ, ਪਿੱਛੇ ਨਿਗਾਹ ਮਾਰੀ ਤਾਂ ਮੇਰੇ ਮਿੱਤਰ ਬੱਬਰ ਸਿੰਘ ਮਝਧਾਰ ਦਾ ਪਤਾ ਹੀ ਨਹੀਂ ਲੱਿਗਆ ਕਦੋਂ ਪੱਤਰਾ ਵਾਚ ਗਿਆ ਸੀ। ਉਸਨੂੰ ਉੱਥੇ ਨਾ ਤੱਕ ਕੇ ਮੇਰੇ ਤਾਂ ਹੱਥ ਪੈਰ ਠੰਡੇ ਹੋ ਗਏ ।ਸੋਚਿਆ ਲੈ ਦਲਿਦੱਰ ਸਿਹਾ ਤੂੰ ਤਾਂ ਫਸਾਲੈ ਕੁੜੀ ਮਾਰਨ ਲਗਿੱਆ ਇਨ੍ਹਾਂ ਨੇ ਥਾਂ -ਕੁਥਾਂ ਨਹੀਂ ਦੇਖਣੀ।  ਬੱਬਰ ਸਿੰਘ ਮਝਧਾਰ ਦਾ ਪਤਾ ਹੀ ਨਹੀਂ  ਕਿੱਥੇ ਚਲਾ ਗਿਆ,  ਮਿੱਤਰ ਕਾਹਦਾ ਸੀ ਦੁਸ਼ਮਨ ਸੀ ਦੁਸ਼ਮਨ, ਵੱਡਾ ਬਹਾਦਰ ਬਣਿਆਂ ਫਿਰਦਾ ਸੀ ਕਹਿੰਦਾ ਡਰ ਨਾ ਮੈਂ ਤੇਰੇ ਨਾਲ ਹਾਂ॥ ਹੁਣ ਕੀ ਕਰਾਂ ਮਾਫ਼ੀ ਨਾ ਮੰਗ ਲਵਾਂ।ਮੈਂ ਹਾਲੇ ਮਾਫ਼ੀ ਮੰਗਣ ਵਾਸਤੇ ਸੋਚ ਹੀ ਰਿਹਾ ਸੀ ਉਸਨੇ ਮੈਨੂ ਕੁੱਟਣਾ ਸ਼ੁਰੂ ਕਰ ਦਿੱਤਾ,ਯਕੀਨ ਜਾਣੋ ਉਸਦਾ ਇਕ-ਇਕ ਮੁੱਕਾ ਹਥੌੜੇ ਵਾਗ ਵੱਜਦਾ ਸੀ,ਮੈਨੂੰ ਤਾਂ ਭੰਬਰਤਾਰੇ ਦਿਸਣ ਲੱਗ ਗਏ ,ਨੱਕ ਅਤੇ ਮੰੂਹ ਵਿੱਚੋਂ ਖੁਨ ਵਗਣ ਲੱਗ ਗਿਆ ,ਅਤੇ ਮੈਨੂੰ ਉਸਨੇ ਧਰਤੀ ਤੇ ਚੁੱਕ ਕੇ ਮਾਰਿਆ ਅਤੇ ਉਹ ਜਦੋਂ ਮੇਰੇ ਉੱਤੇ ਡਿੱਗਿਆ ਤਾਂ ਇਉਂ ਜਾਪਿਆ ਜਿਵੇਂ ਮੇਰੇ ਉੱਤੇ ਹਾਥੀ ਡਿੱਗ ਪਿਆ ਹੈ।ਮੇਰਾ ਸ਼ਰੀਰ ਮਿੱਟੀ ਨਾਲ ਭਰ ਗਿਆ ਸੀ ਕੱਪੜੇ ਮੇਰੇ ਲੀਰੋ ਲੀਰ ਹੋ ਗਏ ਅਤੇ ਨਵੇਂ ਸੂਟ ਦਾ ਤਾਂ ਰਿਹਾ ਹੀ ਕੱਖ ਨਹੀਂ ਸੀ  ਉਸਨੇ ਕੁੱਟ ਕੁੱਟ ਮੇਰਾ ਮਜਨੂੰ ਵਰਗਾ ਹਾਲ ਬਣਾ ਦਿੱਤਾ ਸੀ, ਹੁਣ ਮੈਨੂੰ ਕੋਈ ਨਹੀਂ ਸੀ ਪਛਾਣ ਸਕਦਾ ਕਿ ਮੈਂ ਕੌਣ ਹਾਂ।ਹੋਰ ਮਾਰ ਤੋਂ ਬਚਣ ਦਾ ਮਾਰਾ ਬਚੀ ਖੁਚੀ ਹਿੰਮਤ ਇਕੱਠੀ ਕਰਕੇ  ਮੈਂ ਕਿਹਾ  “ਭੈਣ ਜੀ ਮੇਰੀ ਤੌਬਾ ,ਇਸ ਵਾਰੀ ਮੈਨੂੰ ਮਾਫ਼ ਕਰ ਦਿਉ ਅੱਗੇ ਤੋਂ ਇਹੋ ਜਿਹੀ ਗਲਤੀ ਕਦੇ ਨਹੀਂ ਕਰਾਂਗਾ ।” ਮੇਰੀ ਇਸ ਗੱਲ ਤੋਂ ਕੂੜੀ ਨੂੰ ਸ਼ਾਇਦ ਮੇਰੇ ਤੇ ਤਰਸ ਆ ਗਿਆ ਸੀ, ਜਾਂ ਫੇਰ ਉਸਨੇ ਸੋਚਿਆ ਉਸਦੇ ਭਰਾ ਨੇ ਇਕ ਦੋ ਹੋਰ ਮੁੱਕੇ ਮਾਰੇ ਤਾਂ ਕਿਤੇ ਮੈਂ ਅਕਾਲ ਚਲਾਨਾ ਹੀ ਨਾ ਕਰ ਜਾਵਾਂ।ਇਸ ਕਰਕੇ ਆਪਣੇ ਭਰਾ ਨੂੰ ਕਹਿਣ ਲੱਗੀ ,”ਵੀਰ ਜੀ ਮੈਨੂੰ ਪਤਾ ਹੈ ਕਿ ਇਹ ਕਈ ਦਿਨਾਂ ਤੋਂ ਮੇਰੇ ਪਿੱਛੇ ਪਿਆ ਹੋਇਆ ਹੈ ਹੁਣ ਜੇ ਮਾਫ਼ੀ ਮੰਗਦਾ ਹੈ ਤਾਂ ਇਸਨੂੰ ਬਕਸ ਼ਦਿਊ ਤੁਹਾਡੀ ਮਾਰ ਖਾਕੇ ਕਿਤੇ ਇਹ ਮਰ ਹੀ ਨਾ ਜਾਵੇ ਸਾਡੇ ਵਾਸਤੇ ਹੋਰ ਮੁਸੀਬਤ ਖੜੀ ਹੋ ਜਾਵੇਗੀ।”
ਆਪਣੀ ਭੈਣ ਦਾ ਕਿਹਾ ਮੰਨਕੇ ਉਸਦੇ ਭਰਾ ਨੇ  ਮੈਨੂੰ  ਖਬਰਦਾਰ ਕਰਦੇ ਕਿਹਾ, “ਸ਼ਰਮ ਕਰ  ਜਿਸਦੇ ਪਿੱਛੇ ਤੂੰ ਬੁਰੀ ਨਜਰ ਨਾਲ ਫਿਰਦਾ ਸੀ ਉਸਨੇ ਹੀ ਅੱਜ ਤੈਨੂੰ ਬਚਾਇਆ ਹੈ ਨਹੀਂ ਤਾਂ ਪਹਿਲਾਂ ਮੈਂ ਤੇਰੀ ਤੌਣੀ ਲਾਹੁਣੀ ਸੀ ਤੇ ਫੇਰ  ਤੈਨੂੰ ਲੈਕੇ ਜਾਣਾ ਸੀ ਥਾਣੇ, ਥਾਣੇ ਵਾਲੇ ਤਾਂ  ਕੁੱਟ-ਕੁੱਟ ਬੰਦੇ ਦੀ ਬੁਰਕੀ-ਬੁਰਕੀ  ਕਰ ਦਿੰਦੇ ਹਨ ਤੇ ਫੇਰ ਪੈਸੇ ਲਏ ਬਗੈਰ  ਛੱਡਦੇ ਨਹੀਂ।ਜੇ ਫੈਰ ਤੁੰ ਕਦੇ ਮੇਰੀ ਭੈਣ ਵੱਲ ਅੱਖ ਵੀ ਚੁੱਕ ਕੇ ਦੇਖੀ ਤਾਂ  ਦੇਖ ਲੈ ਫੇਰ ਮਾਰ ਮਾਰ ਦੁੰਬਾ  ਬਣਾ ਦੇਵਾਂਗਾ ਸਾ–ਲਾ ਆਸ਼ਕੀ ਦਾ।” ਇਹ ਕਹਿਕੇ ਦੋਨੋਂ ਜਣੇ ਪਤਾ ਨਹੀਂ ਕਦੋਂ ਚਲੇ ਗਏ ਤੇ ਮੈਂ ੳੱੁਥੇ ਪਿਆ  ਪਿਆ ਸੋਚ ਰਿਹਾ ਸੀ ,ਲੈ ਹੁਣ ਦੁੰਬਾ ਬਣਾਉਂਣ ਵਾਲੀ  ਕੋਈ ਕਸਰ ਛੱਡੀ ਹੈ, ਤੇ ਅੱਗੇ ਤੋਂ ਮੈਂ ਤੌਬਾ ਕਰ ਲਈ ।ਸੱਚ ਪੁੱਛੋ ਤਾਂ ਪੁਲਿਸ ਦੇ ਡਰ ਤੋਂ, ਲੋਕਾਂ ਦੀ ਮਾਰ ਤੋ ਅਤੇ ਘਰ ਦਿਆਂ ਦੀ ਇੱਜਤ ਦਾ ਖਿ਼ਆਲ ਕਰਦੇ ਹੋਏ ਮੇਰੀ ਤਾਂ ਸਾਰੀ ਹਿੰਮਤ ਜਵਾਬ ਦੇ ਗਈ ਸੀ।ਮੈਂ ਔਖੇ- ਸੋਖੇ ਹੋਕੇ  ਉੱਥੋਂ ੳੱੁਠਿਆ ਅਤੇ ਰਾਤ ਦੇ ਹਨੇਰੇ ਵਿਚ ਘਰ ਪਹੁੰਚਿਆ, ਅਤੇ  ਘਰਦਿਆਂ ਤੋਂ ਚੋਰੀ ਕਪੜੇ ਬਦਲੇ ਤੇ ਬਗੈਰ ਖਾਧੇ ਪੀਤੇ ਸੌਂ ਗਿਆ। ਕੁੜੀ ਦੇ ਭਰਾ ਨੇ ਕੁੱਟ ਮਾਰ ਕਰਕੇ ਮੇਰੇ ਸਾਰੇ ਇੰਜਰ-ਪਿੰਜਰ ਹਿਲਾ ਦਿੱਤੇ ਸਨ, ਮੇਰਾ ਸਾਰਾ ਸ਼ਰੀਰ ਹੀ ਦੁਖੀ ਜਾਂਦਾ ਸੀ, ਅਤੇ  ਕਈ ਦਿਨ ਟਕੋਰ ਕਰਦਾ ਰਿਹਾ ।ਮੈਨੂੰ ਬਾਅਦ ਵਿਚ ਪਤਾ ਲੱਿਗਆ ਬੱਬਰ ਸਿੰਘ ਮਝਧਾਰ ਨੇ  ਡਰਦੇ ਮਾਰੇ ਨੇ ਕਦੇ ਕੋਈ ਕੂੜੀ ਨਹੀਂ ਸੀ  ਫਸਾਈ ਕੂੜੀਆਂ ਦੇ ਚੱਕਰ ਵਿਚ  ਕਈ ਵਾਰੀ ਕੁੱਟ ਵੀ ਖਾ ਚੁੱਕਿਆ ਹੈ, ਅਤੇ ਇਕ ਦੋ ਵਾਰੀ ਥਾਣੇਦਾਰ ਦੇ ਦਰਸ਼ਨ ਵੀ ਕਰ ਆਇਆ ਹੈ ।ਹਰ ਬੰਦੇ ਨੂੰ ਗੱਲਾਂ ਤਾਂ ਸ਼ੇਖ ਼ਚਿੱਲੀਆਂ ਵਾਲੀਆਂ ਕਰਦਾ ਹੈ ਤੇ ਹੱਲਾ ਸ਼ੇਰੀ ਦੇਕੇ ਲੋਕਾਂ ਨੂੰ ਫਸਾਕੇ ਮਝਧਾਰ ਵਿਚ ਛੱਡਕੇ ਭੱਜ ਜਾਂਦਾ ਹੈ, ਇਸ ਕਰਕੇ ਲੋਕ  ਇਸਨੂੰ  ਮਝਧਾਰ ਕਹਿਣ ਲੱਗ ਗਏ ਹਨ । ਡਰਦੇ ਮਾਰੇ ਨੇ ਮੈਂ ਵੀ ਫੇਰ  ਕਦੇ ਕਿਸੇ ਕੁੜੀ ਨੂੰ ਬਲਾਉਂਣ ਦੀ ਹਿੰਮਤ ਨਹੀਂ ਸੀ  ਕੀਤੀ।

Bhagwan Singh Tagar

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਨਸ਼ੇੜੀ ਨੇ ਗੁਆਂਢੀਆਂ ਦੇ ਘਰ ਨੂੰ  ਨਸ਼ੇ ਦੀ ਓਵਰਡੋਜ਼ ‘ਚ ਲਗਾਈ ਅੱਗ
Next articleਪੰਜਾਬ ਦੇ ਵੋਟਰ ਲੋਕਤੰਤਰ ਦੀ ਮਜਬੂਤੀ ਲਈ ਵੱਧ ਚੜ ਕੇ ਬਿਨਾਂ ਕਿਸੇ ਡਰ ਤੇ ਭੈਅ ਤੋਂ ਵੋਟ ਕਰਨ-ਵਿਨੋਦ ਭਾਰਦਵਾਜ, ਗੁਰਮੇਲ ਸਿੰਘ ਗਰੇਵਾਲ ਤੇ ਮਨਵੀਰ ਢਿੱਲੋਂ