ਗਾਂਧੀਨਗਰ (ਸਮਾਜ ਵੀਕਲੀ) : ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਆਰਥਿਕ ਵਿਕਾਸ ਦਾ ਸਹਿਕਾਰੀ ਮਾਡਲ ਹੀ ਭਾਰਤ ਦੀ 130 ਕਰੋੜ ਆਬਾਦੀ ਦਾ ਸਮੁੱਚਾ ਵਿਕਾਸ ਹਾਸਲ ਕਰਨ ’ਚ ਲਾਹੇਵੰਦ ਸਾਬਿਤ ਹੋਵੇਗਾ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਸ਼ਾਹ ਨੇ ਕਿਹਾ ਕਿ ਸਹਿਕਾਰੀ ਮਾਡਲ ’ਚ ਹਰ ਕਿਸੇ ਨੂੰ ਖੁਸ਼ਹਾਲ ਬਣਾਉਣ ਦੀ ਸਮਰੱਥਾ ਹੈ ਅਤੇ ਅਮੁੂਲ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਮੁਲਕ ਦੀ 130 ਕਰੋੜ ਆਬਾਦੀ ਲਈ ਸਹਿਕਾਰੀ ਮਾਡਲ ਨੂੰ ਸਭ ਤੋਂ ਵਧੀਆ ਆਰਥਿਕ ਮਾਡਲ ਦੱਸਿਆ ਸੀ।
ਸ਼ਾਹ ਨੇ ਕਿਹਾ ਕਿ ਸਾਰਿਆਂ ਦਾ ਵਿਕਾਸ ਕਰਨਾ ਅਤੇ 130 ਕਰੋੜ ਦੀ ਆਬਾਦੀ ਵਾਲੇ ਮੁਲਕ ’ਚ ਇਸ ਨੂੰ ਅੱਗੇ ਲੈ ਕੇ ਜਾਣਾ ਇਕ ਮੁਸ਼ਕਲ ਕੰਮ ਹੈ ਜਦਕਿ ਭਾਰਤ ਤੋਂ ਘੱਟ ਆਬਾਦੀ ਵਾਲੇ ਮੁਲਕਾਂ ਲਈ ਕਈ ਹੋਰ ਆਰਥਿਕ ਮਾਡਲ ਕੰਮ ਕਰਦੇ ਹਨ। ਉਨ੍ਹਾਂ ਕਿਹਾ,‘‘ਕਿਹੜਾ ਆਰਥਿਕ ਮਾਡਲ ਇਸ ਮੁਲਕ ਦੀਆਂ ਲੋੜਾਂ ਮੁਤਾਬਕ ਲਾਹੇਵੰਦ ਸਾਬਿਤ ਹੋਵੇਗਾ, ਇਹ ਇਕ ਵੱਡਾ ਮੁੱਦਾ ਹੈ ਅਤੇ ਕਈ ਵਿਦਵਾਨ ਨਾਕਾਮ ਹੋ ਚੁੱਕੇ ਹਨ। ਪਰ 75 ਸਾਲ ਬਾਅਦ ਮੁਲਕ ਨੇ ਕਈ ਨਿਯਮਾਂ ਨੂੰ ਦੇਖਿਆ। ਇੰਨੀ ਵੱਡੀ ਆਬਾਦੀ ਵਾਲੇ ਮੁਲਕ ਦੇ ਸਮੁੱਚੇ ਵਿਕਾਸ ਲਈ ਕੋਈ ਆਰਥਿਕ ਮਾਡਲ ਹੈ ਤਾਂ ਉਹ ਸਿਰਫ਼ ਸਹਿਕਾਰੀ ਮਾਡਲ ਹੈ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਹਿਕਾਰਤਾ ਦੇ ਖੇਤਰ ’ਚ ਹਰ ਕਿਸੇ ਨੂੰ ਖ਼ੁਸ਼ਹਾਲ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਅਮੂਲ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਜਦੋਂ 36 ਲੱਖ ਲੋਕ ਮਿਲ ਕੇ ਕੰਮ ਕਰਦੇ ਹਨ ਤਾਂ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly