ਮੁੰਬਈ (ਸਮਾਜ ਵੀਕਲੀ): ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਸਵੈ-ਸ਼ਾਸਨ, ਮਾਣ ਅਤੇ ਸੁਤੰਤਰਤਾ ਦੀ ਇੱਕ ਸਵਦੇਸ਼ੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਂਜ ਕਈ ਇਸ ਨੂੰ ਪ੍ਰਸ਼ੰਸਾ ਦੇ ਲਹਿਜੇ ਵਿੱਚ ਲੈਂਦੇ ਹੈ ਜਦਕਿ ਕਈ ਹੋਰ ਇਸ ਦੀ ਸਫਲਤਾ ਨੂੰ ਲੈ ਕੇ ਵਿਅੰਗ ਕੱਸਦੇ ਹਨ। ਨਾਗਪੁਰ ਵਿੱਚ ਮਹਾਰਾਸ਼ਟਰ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪਹਿਲੇ ਕਾਨਵੋਕੇਸ਼ਨ ਸਮਾਰੋਹ ਵਿੱਚ ਆਪਣੇ ਸੰਬੋਧਨ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਭਾਰਤ ਦੇ ਬਸਤੀਵਾਦੀ ਮਾਲਕਾਂ ਨੇ ਸਾਨੂੰ ਸੰਵਿਧਾਨ ਨਹੀਂ ਦਿੱਤਾ ਸੀ। ‘ਜਦੋਂ ਸੰਵਿਧਾਨ ਨੂੰ ਉਸ ਸੰਦਰਭ ਤੋਂ ਦੇਖਿਆ ਜਾਂਦਾ ਹੈ ਜਿਸ ਵਿੱਚ ਇਹ ਉਭਰਿਆ ਹੈ, ਤਾਂ ਇਹ ਕਿਸੇ ਵੀ ਕਮਾਲ ਤੋਂ ਘੱਟ ਨਹੀਂ ਹੈ। ਸੰਵਿਧਾਨ ਨੇ ਬਹੁਤ ਤਰੱਕੀ ਕੀਤੀ ਹੈ ਪਰ ਫਿਰ ਵੀ ਬਹੁਤ ਕੰਮ ਕਰਨ ਦੀ ਲੋੜ ਹੈ। ਅਤੀਤ ਦੀ ਅਸਮਾਨਤਾ ਅੱਜ ਵੀ ਬਰਕਰਾਰ ਹੈ।’ ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਦੇ ਨੌਜਵਾਨ ਵਿਦਿਆਰਥੀ ਅਤੇ ਗ੍ਰੈਜੂਏਟ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਸੇਧ ਲੈਂਦੇ ਹਨ ਤਾਂ ਉਹ ਅਸਫ਼ਲ ਨਹੀਂ ਹੋਣਗੇ। ਪ੍ਰਸਤਾਵਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦਾ ਇੱਕ ਛੋਟਾ ਪਰ ਵਜ਼ਨਦਾਰ ਹਿੱਸਾ ਹੈ ਜਿਸ ਦਾ ਮਤਲਬ ਹੈ ਕਿ ‘ਅਸੀਂ ਭਾਰਤ ਦੇ ਲੋਕ ਆਪਣੇ ਆਪ ਨੂੰ ਇਹ ਸੰਵਿਧਾਨ ਦਿੰਦੇ ਹਾਂ।’’
ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਸਫ਼ਲਤਾ ਨੂੰ ਆਮ ਤੌਰ ’ਤੇ ਦੋ ਵਿਰੋਧੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ‘ਕੁਝ ਲੋਕ ਸਾਡੇ ਸੰਵਿਧਾਨ ਦੀ ਪ੍ਰਸ਼ੰਸਾ ਕਰਦੇ ਹਨ ਜਦੋਂ ਕਿ ਦੂਸਰੇ ਇਸ ਦੇ ਐਨ ਉਲਟ ਹਨ। ਯਾਨੀ ਅਸਲੀਅਤ ਇਹ ਹੈ ਕਿ ਨਾ ਇਧਰ ਦੇ ਨਾ ਓਧਰ ਦੇ।’ ਜਸਟਿਸ ਚੰਦਰਚੂੜ ਨੇ ਕਿਹਾ ਕਿ ਇੱਕ ਸਰਕਾਰੀ ਦਸਤਾਵੇਜ਼ ਦੇ ਰੂਪ ਵਿੱਚ ਸੰਵਿਧਾਨ ਜਾਣਕਾਰੀ ਭਰਪੂਰ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਲੋਕ ਸੰਵਿਧਾਨਕ ਅਧਿਕਾਰਾਂ ਅਤੇ ਹੋਰ ਗੱਲਾਂ ਲਈ ਉਨ੍ਹਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। ਕਾਨਵੋਕੇਸ਼ਨ ਦੌਰਾਨ ਉਨ੍ਹਾਂ ਵਿਲੀਅਮ ਸ਼ੇਕਸਪੀਅਰ ਦੇ ਵਿਚਾਰਾਂ ਦੀ ਮਿਸਾਲ ਦਿੱਤੀ। ਸ਼ੇਕਸਪੀਅਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ,‘‘ਵਿਛੋੜਾ ਬਹੁਤ ਮਿੱਠਾ ਦੁੱਖ ਹੈ ਅਤੇ ਇਹ ਸੱਚਮੁੱਚ ਮਿੱਠਾ ਦੁੱਖ ਹੈ ਜੋ ਤੁਸੀਂ ਆਪਣੇ ਦੋਸਤਾਂ ਅਤੇ ਸਾਥੀਆਂ ਨਾਲ ਸਾਂਝਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਵਿਦਿਆਰਥੀ ਤਾਜ਼ੀ ਡਿੱਗੀ ਬਰਫ਼ ਜਾਂ ਤਾਜ਼ੇ ਮੀਂਹ ਵਾਂਗ ਹੁੰਦੇ ਹਨ ਜਿਨ੍ਹਾਂ ’ਤੇ ਕੋਈ ਨਿਸ਼ਾਨ ਨਹੀਂ ਬਣੇ ਹੁੰਦੇ। ਚੀਫ਼ ਜਸਟਿਸ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦਾ ਮਾਰਗ ਅਪਣਾਉਣਗੇ ਤਾਂ ਉਹ ਕਦੇ ਵੀ ਅਸਫ਼ਲ ਨਹੀਂ ਹੋਣਗੇ। -ਪੀਟੀਆਈ
‘ਲੋਕਾਂ ਨੂੰ ਸੰਵਿਧਾਨ ਬਾਰੇ ਜਾਗਰੂਕ ਕਰਨ ਦੀ ਲੋੜ’
ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਨਾਬਰਾਬਰੀ ਨੂੰ ਅਤੀਤ ਦਾ ਸੁਫ਼ਨਾ ਬਣਾਉਣ ਦਾ ਸਭ ਤੋਂ ਵਧੀਆ ਅਤੇ ਯਕੀਨੀ ਤਰੀਕਾ ਸਮਾਜ ਵਿੱਚ ਸੰਵਿਧਾਨ ਦੀ ਭਾਵਨਾ ਪੈਦਾ ਕਰਨਾ ਹੈ। ਬਾਬਾ ਸਾਹਿਬ ਅੰਬੇਡਕਰ ਬਾਰੇ ਉਨ੍ਹਾਂ ਕਿਹਾ, ‘‘ਉਹ ਜਾਤ-ਪਾਤ ਤੋਂ ਦੁਖੀ ਸਮਾਜ ਦੀ ਸਹਾਇਤਾ ਲਈ ਨਿੱਤਰੇ ਸਨ ਪਰ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਉਹ ਫਿਰ ਵੀ ਡਟੇ ਰਹੇ ਅਤੇ ਦੇਸ਼ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਉੱਚੀਆਂ ਸ਼ਖਸੀਅਤਾਂ ਵਿੱਚੋਂ ਇੱਕ ਬਣ ਗਏ।’’ ਉਨ੍ਹਾਂ ਕਿਹਾ ਕਿ ਇਨਸਾਫ ਪੱਖੀ ਕਾਨੂੰਨ ਅਤੇ ਸਮਾਜ ਵਧੇਰੇ ਦਲੇਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਮੁਤਾਬਕ ਸਾਰਿਆਂ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਸੁਰੱਖਿਅਤ ਕੀਤਾ ਜਾਵੇਗਾ।