ਸ੍ਰੀਨਗਰ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਕਾਂਸਟੇਬਲ ਹਲਾਕ

ਸ੍ਰੀਨਗਰ (ਸਮਾਜ ਵੀਕਲੀ):  ਇੱਥੋਂ ਦੇ ਸੌਰਾ ਇਲਾਕੇ ਵਿੱਚ ਪੁਲੀਸ ਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਸੰਖੇਪ ਮੁਕਾਬਲੇ ਵਿੱਚ ਇੱਕ ਕਾਂਸਟੇਬਲ ਦੀ ਮੌਤ ਹੋ ਗਈ। ਆਈਜੀ ਕਸ਼ਮੀਰ ਵਿਜੈ ਕੁਮਾਰ ਨੇ ਦੱਸਿਆ ਕਿ ਬਲੋਚੀਪੋਰਾ ਦੇ ਸੌਰਾ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਵੱਲੋਂ ਉੱਥੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ,‘ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਦਹਿਸ਼ਤਗਰਦ ਇੱਕ ਕਾਰ ਵਿੱਚ ਘੁੰਮ ਰਹੇ ਹਨ। ਉਨ੍ਹਾਂ ਪਿੱਛੇ ਪੁਲੀਸ ਦੀ ਇੱਕ ਟੀਮ ਸੀ ਤੇ ਇੱਕ ਸੰਖੇਪ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਨੂੰ ਗੋਲੀ ਲੱਗੀ।’ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਪਵਾੜਾ ਦੇ ਕਾਂਸਟੇਬਲ ਆਮਿਰ ਹੁਸੈਨ ਲੋਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ’ਤੇ ਕਾਫ਼ੀ ਦੁੱਖ ਹੈ ਪਰ ਜਲਦੀ ਹੀ ਇਸ ਦਹਿਸ਼ਤਗਰਦ ਗੁੱਟ ਦਾ ਪਤਾ ਲਾ ਲਿਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਗਰੁੱਪ ਦਾ ਸਬੰਧ ਲਸ਼ਕਰ-ਏ-ਤੋਇਬਾ ਨਾਲ ਹੈ। ਉਨ੍ਹਾਂ ਕਿਹਾ,‘ਇਹ ਲਸ਼ਕਰ ਦਾ ਇੱਕ ਗਰੁੱਪ ਹੈ ਜਿਸ ਵਿੱਚ ਬਸੀਤ ਸ਼ਾਮਲ ਹੈ, ਜੋ ਮੇਹਰਾਨ ਦੀ ਮੌਤ ਤੋਂ ਬਾਅਦ ਕਮਾਂਡਰ ਬਣ ਗਿਆ ਸੀ। ਇਸ ਗਰੁੱਪ ਵਿੱਚ ਰੇਹਾਨ ਨਾਮੀਂ ਦਹਿਸ਼ਤਗਰਦ ਵੀ ਸ਼ਾਮਲ ਹੈ। ਇਹ ਗੁੱਟ ਦਾ ਹਾਲ ਹੀ ’ਚ ਹੋਈਆਂ ਘਟਨਾਵਾਂ ਪਿੱਛੇ ਵੀ ਹੱਥ ਸੀ, ਜਿਨ੍ਹਾਂ ਵਿੱਚ ਬੁੱਧਗਾਮ ਵਾਲੀ ਘਟਨਾ ਵੀ ਸ਼ਾਮਲ ਹੈ। ਅਸੀਂ ਉਨ੍ਹਾਂ ਦਾ ਪਿੱਛਾ ਕਰ ਰਹੇ ਹਾਂ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਵਾਂਗੇ।’ ਦਹਿਸ਼ਤੀ ਹਮਲਿਆਂ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵਾਧੇ ਸਬੰਧੀ ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਇਸ ਮਹੀਨੇ ਅਸੀਂ ਹੁਣ ਤੱਕ 11 ਕੱਟੜ ਦਹਿਸ਼ਤਗਰਦਾਂ ਦਾ ਪਤਾ ਲਾਇਆ ਹੈ, 12 ਤੋਂ 13 ਦਹਿਸ਼ਤਗਰਦ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਾਡੀਆਂ ਤਲਾਸ਼ੀ ਮੁਹਿੰਮਾਂ ਜਾਰੀ ਹਨ। ਇਸ ਦੌਰਾਨ ਕਸ਼ਮੀਰ ਜ਼ੋਨ ਪੁਲੀਸ ਨੇ ਟਵਿਟਰ ’ਤੇ ਟਵੀਟ ਕਰ ਕੇ ਸ਼ਹੀਦ ਪੁਲੀਸ ਮੁਲਾਜ਼ਮ ਨੂੰ ਸ਼ਰਧਾਂਜਲੀ ਭੇਟ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਲੂ ਪ੍ਰਸਾਦ ਦੀ ਸਿਹਤ ਵਿਗੜੀ, ਏਮਸ ’ਚ ਦਾਖ਼ਲ
Next article*ਦਸਮੇਸ਼ ਪੰਜਾਬੀ ਲਾਇਬ੍ਰੇਰੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ 23 ਨੂੰ*