ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਦੀ ‘ਸੁਰੱਖਿਆ ਵਿੱਚ ਹੋਈ ਉਕਾਈ’ ਨੂੰ ਲੈ ਕੇ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਭੰਡਦਿਆਂ ਕਿਹਾ ਕਿ ਪਾਰਟੀ ਦੇ ਸਿਖਰਲੇ ਆਗੂਆਂ ਨੂੰ ‘ਆਪਣੇ ਇਸ ਕਾਰੇ’ ਲਈ ਭਾਰਤ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ਼ਾਹ ਨੇ ਲੜੀਵਾਰ ਟਵੀਟਾਂ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ਪ੍ਰਬੰਧ ਵਿੱਚ ਅਜਿਹੀ ਕੁਤਾਹੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਕਾਂਗਰਸ ਨੇ ਅੱਜ ਪੰਜਾਬ ਵਿੱਚ ਜੋ ਕਰ ਵਿਖਾਇਆ ਹੈ, ਉਹ ਇਸ ਗੱਲ ਦਾ ਟਰੇਲਰ ਹੈ ਕਿ ਪਾਰਟੀ ਕਿਵੇਂ ਸੋਚਦੀ ਤੇ ਕੰਮ ਕਰਦੀ ਹੈ। ਲੋਕਾਂ ਵੱਲੋਂ ਲਗਾਤਾਰ ਖਾਰਜ ਕੀਤੇ ਜਾਣ ਕਰਕੇ ਉਹ ਅਗਿਆਨਤਾ ਦੇ ਰਾਹ ਪੈ ਗਏ ਹਨ। ਕਾਂਗਰਸ ਦੇ ਸਿਖਰਲੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੀਤੇ ਲਈ ਦੇਸ਼ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ।’’
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿਚ ਹੋਈ ‘ਵੱਡੀ ਕੁਤਾਹੀ’ ਮਗਰੋਂ, ਉਨ੍ਹਾਂ ਦੇ ਕਾਫ਼ਲੇ ਨੇ ਮੁੜਨ ਦਾ ਫੈਸਲਾ ਕੀਤਾ। ਬਿਆਨ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਰਾਜ ਸਰਕਾਰ ਤੋਂ ਤਫ਼ਸੀਲੀ ਰਿਪੋਰਟ ਮੰਗ ਲਈ ਹੈ। ਉਂਜ ਜਦੋਂ ਇਹ ਘਟਨਾ ਵਾਪਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਤੋਂ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦਾਂ ਦੀ ਯਾਦਗਾਰ ’ਤੇ ਜਾ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly