ਡੀ.ਐਮ ਰੰਧਾਵਾ ਦੀ ਖੁਦਕੁਸ਼ੀ ਅਤੇ ਦੋ ਕਿਸਾਨ ਭਰਾਵਾਂ ਵੱਲੋਂ ਕਰਜੇ ਦੀ ਮਾਰ ਕਾਰਨ ਆਤਮ ਹੱਤਿਆ ‘ਆਪ’ ਸਰਕਾਰ ਦੇ ਮੱਥੇ ‘ਤੇ ਕਲੰਕ
ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆ ਅਤੇ ਗੁਰਮੀਤ ਸਿੰਘ ਗਿੱਲ ਨੇ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹਲਕਾ ਦੱਖਣੀ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਜ਼ਿਆਦਤੀਆਂ ਅਤੇ ਲਾਅ ਐਂਡ ਆਰਡਰ ਵਿੱਚ ਆਏ ਨਿਘਾਰ ਕਾਰਨ ਹਰ ਵਰਗ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਅਤੇ ਯੂਥ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਇਹ ਹਾਲਾਤ ਦੱਸਦੇ ਹਨ ਕਿ ਪੰਜਾਬ ਦੀ ਸੱਤਾ ‘ਤੇ ਅਜਿਹੇ ਲੋਕ ਕਾਬਜ਼ ਹਨ ਜਿਨਾਂ ਨੇ ਪੰਜਾਬੀਆਂ ਦਾ ਵਾਲ-ਵਾਲ ਕਰਜਾਈ ਕਰ ਦਿੱਤਾ ਹੈ, ਜੋ 70 ਸਾਲ ਵਿੱਚ ਪੰਜਾਬ ਤੇ 2.50 ਲੱਖ ਕਰੋੜ ਰੁਪਏ ਦਾ ਕਰਜ਼ਾ ਸਿਰ ਹੋ ਗਿਆ ਜਦਕਿ ਹੁਣ ਚਾਰ ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਕਰਜ਼ਾ ਪੌਣੇ ਪੰਜ ਲੱਖ ਕਰੋੜ ਕਰ ਦਿੱਤਾ ਹੈ ਜੋ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਕਲੰਕਿਤ ਕਰਦਾ ਹੈ। ਬਾਵਾ ਨੇ ਕਿਹਾ ਕਿ ਡੀ.ਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਅਤੇ ਦੋ ਕਿਸਾਨ ਭਰਾਵਾਂ ਵੱਲੋਂ ਕਰਜੇ ਦੀ ਮਾਰ ਕਾਰਨ ਕੀਤੀ ਆਤਮ ਹੱਤਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪੈਦਾ ਕੀਤੇ ਹਾਲਾਤ ਬਿਆਨ ਕਰਦੀ ਹੈ। ਬਾਵਾ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਦੂਰਅੰਦੇਸ਼ ਸੋਚ ‘ਤੇ ਪਹਿਰਾ ਦਿੰਦੇ ਹੋਏ ਪੰਜਾਬੀ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਮਜਬੂਤ ਕਰਨ ਤਾਂ ਕਿ ਪੰਜਾਬ ਦੀ ਕਿਸਾਨੀ, ਸਨਅਤ, ਮੁਲਾਜ਼ਮ, ਮਜ਼ਦੂਰ, ਦੁਕਾਨਦਾਰ ਅਤੇ ਯੂਥ ਆਪਣੇ ਆਪ ਨੂੰ ਮਹਿਫੂਜ ਸਮਝਦਾ ਹੋਇਆ ਤਰੱਕੀ ਦੇ ਰਸਤੇ ‘ਤੇ ਅੱਗੇ ਵਧੇ। ਇਸ ਸਮੇਂ ਫੋਨ ਰਾਹੀਂ ਓਵਰਸੀਜ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਚੀਆ ਅਤੇ ਗੁਰਮੀਤ ਸਿੰਘ ਗਿੱਲ ਨੇ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।
https://play.google.com/store/apps/details?id=in.yourhost.samajweekly



