ਕਾਂਗਰਸ ਕਾਰਨ ਉੱਤਰਾਖੰਡ ਦੇ ਲੋਕ ਪਰਵਾਸ ਲਈ ਮਜਬੂਰ ਹੋਏ: ਮੋਦੀ

ਹਲਦਵਾਨੀ (ਉੱਤਰਾਖੰਡ) (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰ ਤੇ ਉੱਤਰਾਖੰਡ ਦੀਆਂ ਪਹਿਲੀਆਂ ਕਾਂਗਰਸ ਸਰਕਾਰਾਂ ’ਤੇ ਇਸ ਰਾਜ ਨੂੰ ਵਿਕਾਸ ਤੋਂ ਵਾਂਝਾ ਰੱਖਣ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਕਾਰਨ ਇੱਥੋਂ ਦੀ ਜਨਤਾ ਨੂੰ ਆਪਣੇ ਪਿੰਡਾਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ।

ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਰਾਜ ਦੀ ਪਹਿਲਾਂ ਦੀ ਸਰਕਾਰ ਦੀ ਦਿਲਚਸਪੀ ਉੱਤਰਾਖੰਡ ਨੂੰ ਲੁੱਟਣ ’ਚ ਸੀ ਅਤੇ ਰਾਜ ਦੇ ਵਿਕਾਸ ਨਾਲ ਉਸ ਨੂੰ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸੂਬੇ ਦੇ ਵਿਕਾਸ ਲਈ ਭਾਜਪਾ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ ਤਾਂ ਜੋ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਅੱਜ ਇੱਥੇ 17500 ਕਰੋੜ ਰੁਪਏ ਤੋਂ ਵੱਧ ਦੇ 23 ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਤੇ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਉਨ੍ਹਾਂ ’ਚ ਪਿਥੌਰਾਗੜ੍ਹ ’ਚ ਇੱਕ ਹਾਈਡਲ ਪ੍ਰਾਜੈਕਟ ਤੇ ਨੈਨੀਤਾਲ ’ਚ ਸੀਵਰੇਜ ਨੈੱਟਵਰਕ ਸ਼ਾਮਲ ਹਨ। ਮੋਦੀ ਨੇ ਕਿਹਾ ਕਿ ਲਖਵਾੜ ਪ੍ਰਾਜੈਕਟ ਦੀ ਕਲਪਨਾ 1974 ’ਚ ਕੀਤੀ ਗਈ ਸੀ ਅਤੇ ਇਸ ਨੂੰ ਸਾਕਾਰ ਹੁੰਦਿਆਂ 46 ਸਾਲ ਲੱਗੇ ਗਏ।

ਉਨ੍ਹਾਂ ਕਿਹਾ, ‘ਕੀ ਇਹ ਗੁਨਾਹ ਨਹੀਂ ਹੈ… ਇਹ ਪਾਪ ਨਹੀਂ ਹੈ ਕਿ ਨਹੀਂ। ਅਜਿਹਾ ਗੁਨਾਹ ਤੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਦੇ ਕੰਮਕਾਰ ਦਾ ਰਿਕਾਡ ਦੇਖੋ ਤਾਂ ਪਤਾ ਲੱਗੇਗਾ ਕਿ ਲੱਭ ਲੱਭ ਕੇ ਇੰਨੀਆਂ ਪੁਰਾਣੀਆਂ ਚੀਜ਼ਾਂ ਨੂੰ ਠੀਕ ਕਰਨ ’ਚ ਹੀ ਕਿੰਨਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ, ‘ਮੈਂ ਕੰਮ ਕਰ ਰਿਹਾ ਹਾਂ ਤੁਸੀਂ ਉਨ੍ਹਾਂ (ਵਿਰੋਧੀ ਧਿਰ) ਨੂੰ ਠੀਕ ਕਰੋ।’ ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਜੇਕਰ ਲੋਕਾਂ ਦੀ ਫਿਕਰ ਹੁੰਦੀ ਤਾਂ ਲਖਵਾੜ ਪ੍ਰਾਜੈਕਟ ਚਾਰ ਦਹਾਕੇ ਤੱਕ ਨਹੀਂ ਲਟਕਣਾ ਸੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਚੰਗੀਆਂ ਸੜਕਾਂ ਤੇ ਬਿਹਤਰ ਸਹੂਲਤਾਂ ਦੀ ਘਾਟ ਕਾਰਨ ਉੱਤਰਾਖੰਡ ਛੱਡ ਕੇ ਕਿਤੇ ਹੋਰ ਜਾ ਕੇ ਵਸ ਗਏ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ ’ਚ ਨਵੇਂ ਵਰ੍ਹੇ ਦੇ ਜਸ਼ਨਾਂ ’ਤੇ ਪੁਲੀਸ ਨੇ ਲਾਈ ਰੋਕ
Next articleਯੂਪੀ ਵਿੱਚ ਚੋਣਾਂ ਸਮੇਂ ਸਿਰ ਹੋਣਗੀਆਂ