ਕਾਂਗਰਸ, ਭਾਜਪਾ ਵਾਂਗ ਆਪ ਦਾ ਚੇਹਰਾ ਵੀ ਅੰਬੇਡਕਰ ਵਿਰੋਧੀ : ਡਾ. ਅਵਤਾਰ ਸਿੰਘ ਕਰੀਮਪੁਰੀ

ਅੰਮ੍ਰਿਤਸਰ ਵਿੱਚ ਬਸਪਾ ਦੀ ਮੀਟਿੰਗ, ਲੋਕਾਂ ਨੂੰ ‘ਪੰਜਾਬ ਸੰਭਾਲੋ ਮੁਹਿੰਮ’ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ

ਅੰਮ੍ਰਿਤਸਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਜ਼ਿਲ੍ਹਾ ਤੇ ਵਿਧਾਨਸਭਾ ਕਮੇਟੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ। ਅੰਮ੍ਰਿਤਸਰ ਜ਼ੋਨ ਦੀ ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਦੌਰਾਨ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਦੇ ਪਿੰਡਾਂ ਮੁਹੱਲਿਆਂ ਤੱਕ ਲੈ ਕੇ ਜਾਣ ਲਈ ਬਸਪਾ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਦਿੱਲੀ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇ ਸੀਐਮ ਹਾਊਸ ਵਿੱਚੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਉਤਾਰ ਦਿੱਤੀ। ਇਸ ਮਾਮਲੇ ‘ਤੇ ਰੌਲਾ ਪਾਉਣ ਵਾਲੀ ਆਪ ਸਰਕਾਰ ਨੇ ਵੀ ਖੱਟਕੜਕਲਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਦਿੱਤੀ। ਇਸ ਤੋਂ ਸਾਫ ਹੈ ਕਿ ਕਾਂਗਰਸ, ਭਾਜਪਾ ਵਾਂਗ ਹੀ ਆਪ ਦਾ ਚੇਹਰਾ ਵੀ ਅੰਬੇਡਕਰ ਵਿਰੋਧੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਮੁਸ਼ਕਿਲ ਹਾਲਾਤ ਵਿੱਚੋਂ ਲੰਘ ਰਿਹਾ ਹੈ। ਸੂਬੇ ਵਿੱਚ ਪੈਰ ਪਸਾਰ ਚੁੱਕਾ ਨਸ਼ਾ ਇੱਥੇ ਦੀ ਜਵਾਨੀ ਨੂੰ ਖਤਮ ਕਰਨ ਲੱਗਾ ਹੋਇਆ ਹੈ। ਸੂਬੇ ਵਿੱਚ ਰਾਜ ਕਰਨ ਵਾਲੀਆਂ ਪਾਰਟੀਆਂ ਵਾਅਦੇ ਕਰਕੇ ਵੀ ਬੇਰੁਜ਼ਗਾਰੀ ਨੂੰ ਖਤਮ ਨਹੀਂ ਕਰ ਸਕੀਆਂ। ਕਰਜ਼ੇ ਦੀ ਮਾਰ ਹੇਠਾਂ ਦੱਬਦੇ ਜਾ ਰਹੇ ਸੂਬੇ ਵਿੱਚ ਸਿਹਤ ਤੇ ਸਿੱਖਿਆ ਸਿਸਟਮ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਬਦਹਾਲ ਹੋਣ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬੀਆਂ ਨੂੰ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਸਪਾ ਹੱਥ ਸੂਬੇ ਦੀ ਕਮਾਨ ਦੇ ਕੇ ਹੀ ਖੁਸ਼ਹਾਲ ਪੰਜਾਬ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੌਕੇ ਬਸਪਾ ਦੇ ਜਥੇਬੰਧਕ ਢਾਂਚੇ ਦਾ ਵਿਸਤਾਰ ਕਰਨ ਲਈ ਡਿਊਟੀਆਂ ਵੀ ਲਗਾਈਆਂ ਗਈਆਂ।
ਮੀਟਿੰਗ ਦੌਰਾਨ ਬਸਪਾ ਸੂਬਾ ਆਗੂ ਤੇ ਜ਼ੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ, ਤਾਰਾ ਚੰਦ ਭਗਤ, ਸੁਰਜੀਤ ਸਿੰਘ ਭੇਲ, ਬਲਵੰਤ ਕਾਰਾ, ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ, ਸੁਰਜੀਤ ਸਿੰਘ ਅਬਦਾਲ, ਗੁਰਬਖਸ਼ ਮਹੇ, ਜਗਦੀਸ਼ ਦੁੱਗਲ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਢੱਡੇ ਤੋਂ ਸੰਗਤਾਂ ਦਾ ਕਾਫਲਾ ਪੱਹੁਵਿੰਡ ਰਵਾਨਾ ਹੋਇਆ।
Next articleਬਸਪਾ ਦੀ ‘ਪੰਜਾਬ ਸੰਭਾਲੋ ਰੈਲੀ’ ਦੀ ਸਫਲਤਾ ਲਈ ਡਾ. ਕਰੀਮਪੁਰੀ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ