ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੇ ਦਾਵੋਸ ਏਜੰਡਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਕੁਝ ਸਮਾਂ ਰੁਕਣ ਮਗਰੋਂ ਫਿਰ ਤੋਂ ਸ਼ੁਰੂ ਹੋਣ ਨੂੰ ਲੈ ਕੇ ਅੱਜ ਉਨ੍ਹਾਂ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਇੰਨਾ ਝੂਠ ਟੈਲੀਪ੍ਰੌਂਪਟਰ ਵੀ ਨਹੀਂ ਝੱਲ ਸਕਿਆ।’ ਦੂਜੇ ਪਾਸੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਦੌਰਾਨ ਤਕਨੀਕ ਗੜਬੜੀ ਕਾਰਨ ਪ੍ਰਧਾਨ ਮੰਤਰੀ ਨੂੰ ਆਪਣਾ ਭਾਸ਼ਣ ਮੁੜ ਤੋਂ ਸ਼ੁਰੂ ਕਰਨਾ ਪਿਆ। ਸਰਕਾਰ ਜਾਂ ਵਿਸ਼ਵ ਆਰਥਿਕ ਮੰਚ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਕਾਂਗਰਸ ਦੇ ਕਈ ਆਗੂਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਆਪਣਾ ਭਾਸ਼ਣ ਥੋੜ੍ਹੀ ਦੇਰ ਲਈ ਰੋਕਣ ਤੇ ਫਿਰ ਸ਼ੁਰੂ ਕਰਨ ਦੀ ਵਜ੍ਹਾ ਟੈਲੀਪ੍ਰੌਂਪਟਰ ’ਚ ਦਿੱਕਤ ਸੀ ਹਾਲਾਂਕਿ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਤਕਨੀਕੀ ਗੜਬੜ ਕਾਰਨ ਹੋਇਆ ਜਿਸ ਨੂੰ ਦੂਜੇ ਪਾਸੇ ਤੋਂ ਲੋਕ ਠੀਕ ਨਹੀਂ ਕਰ ਸਕੇ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮੁੜ ਤੋਂ ਭਾਸ਼ਣ ਸ਼ੁਰੂ ਕਰਨ ਲਈ ਕਿਹਾ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਵੀਟ ਕੀਤਾ, ‘ਇੰਨਾ ਝੂਠ ਟੈਲੀਪ੍ਰੌਂਪਟਰ ਵੀ ਨਹੀਂ ਝੱਲ ਸਕਿਆ।’ ਸੋਸ਼ਲ ਮੀਡੀਆ ਪੋਸਟ ਦੇ ਸੱਚ ਹੋਣ ਦੀ ਪੁਸ਼ਟੀ ਕਰਨ ਵਾਲੀ ਵੈੱਬਸਾਈਟ ‘ਆਲਟ ਨਿਊਜ਼’ ਦੇ ਸਹਿ-ਸੰਸਥਾਪਕ ਪ੍ਰਤੀਕ ਸਿਨਹਾ ਨੇ ਕਿਹਾ ਅਜਿਹਾ ਨਹੀਂ ਲੱਗਦਾ ਕਿ ਇਹ ਸਭ ਟੈਲੀਪ੍ਰੌਂਪਟਰ ਕਾਰਨ ਹੋਇਆ।
ਉਨ੍ਹਾਂ ਕਿਹਾ, ‘ਜੇਕਰ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਵਿਸ਼ਵ ਆਰਥਿਕ ਮੰਚ ਵੱਲੋਂ ਰਿਕਾਰਡਿੰਗ ਸੁਣੀਏ ਤਾਂ ਪਿੱਛੋਂ ਕੋਈ ਕਹਿ ਰਿਹਾ ਹੈ ਕਿ ਸਰ ਤੁਸੀਂ ਉਨ੍ਹਾਂ ਤੋਂ ਇੱਕ ਵਾਰ ਪੁੱਛੋ ਕਿ ਕੀ ਸਾਰੇ ਜੁੜ ਗਏ ਹਨ।’
‘ਗੜਬੜ ਵਿਸ਼ਵ ਆਰਥਿਕ ਮੰਚ ਵਾਲੇ ਪਾਸਿਓਂ ਹੋਈ’
ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਜੋ ਲੋਕ ਤਕਨੀਕੀ ਗੜਬੜੀ ਤੋਂ ਉਤਸ਼ਾਹਿਤ ਹੋ ਰਹੇ ਹਨ ਕੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਸਮੱਸਿਆ ਵਿਸ਼ਵ ਆਰਥਿਕ ਮੰਚ ਵਾਲੇ ਪਾਸਿਓਂ ਹੋਈ ਸੀ। ਉਹ ਦਿੱਕਤ ਠੀਕ ਨਹੀਂ ਕਰ ਪਾ ਰਹੇ ਸਨ। ਇਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮੁੜ ਤੋਂ ਭਾਸ਼ਣ ਸ਼ੁਰੂ ਕਰਨ ਦੀ ਅਪੀਲ ਕੀਤੀ। ਇਹ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਕਲਾਊਜ਼ ਸ਼ਵਾਬ (ਵਿਸ਼ਵ ਆਰਥਿਕ ਮੰਚ ਦੇ ਬਾਨੀ) ਨੇ ਕਿਹਾ ਕਿ ਉਹ ਮੁੜ ਤੋਂ ਸੰਖੇਪ ਜਾਣ-ਪਛਾਣ ਕਰਾਉਣਗੇ ਤੇ ਮੁੜ ਸੈਸ਼ਨ ਸ਼ੁਰੂ ਕਰਨਗੇ।’ ਭਾਜਪਾ ਦੇ ਕਈ ਆਗੂਆਂ ਨੇ ਇਸੇ ਕਾਰਨ ਦਾ ਜ਼ਿਕਰ ਕੀਤਾ ਹੈ। ਕਈ ਭਾਜਪਾ ਆਗੂਆਂ ਨੇ ਵਿਸ਼ਵ ਆਰਥਿਕ ਮੰਗਚ ਦੇ ਯੂਟਿਊਬ ਚੈਨਲ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ’ਚ ਪੂਰਾ ਮਾਮਲਾ ਸਿਲਸਿਲੇਵਾਰ ਦਿਖਾਇਆ ਗਿਆ ਹੈ। ਇਸ ਵੀਡੀਓ ਅਨੁਸਾਰ ਪ੍ਰਧਾਨ ਮੰਤਰੀ ਦਾ ਭਾਸ਼ਣ ਅੰਗਰੇਜ਼ੀ ਦੇ ਦੁਭਾਸ਼ੀਏ ਤੋਂ ਬਗੈਰ ਹੀ ਅਚਾਨਕ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਆਰਡੀਨੇਟਰ ਵੱਲੋਂ ਰੋਕਿਆ ਜਾਂਦਾ ਹੈ। ਉਹ ਇਹ ਦੇਖਣ ਲਈ ਕਹਿੰਦੇ ਹਨ ਕਿ ਕੀ ਸਾਰੇ ਜੁੜ ਚੁੱਕੇ ਹਨ ਜਾਂ ਨਹੀਂ। ਇਸ ਤੋਂ ਬਾਅਦ ਸ਼ਵਾਬ ਅਧਿਕਾਰਤ ਸੈਸ਼ਨ ਸ਼ੁਰੂ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਸ਼ੁਰੂ ਹੁੰਦਾ ਹੈ।
ਪ੍ਰਧਾਨ ਮੰਤਰੀ ਦੇ ਯੂਟਿਊਬ ਚੈਨਲ ’ਤੇ ਪ੍ਰਸਾਰਿਤ ਵੀਡੀਓ ਦਾ ਇਹ ਹਿੱਸਾ ਸਪੱਸ਼ਟ ਤੌਰ ’ਤੇ ਸੁਣਾਈ ਨਹੀਂ ਦਿੰਦਾ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਟੈਲੀਪ੍ਰੌਂਪਟਰ ਨਾਲ ਭਾਸ਼ਣ ਚੱਲ ਸਕਦਾ ਹੈ, ਸ਼ਾਸਨ ਨਹੀਂ। ਕੱਲ ਇਹ ਸਾਰੇ ਦੇਸ਼ ਨੂੰ ਸਮਝ ਆ ਗਿਆ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly