HOME ਵਧਾਈ / ਮਿੰਨੀ ਕਹਾਣੀ

ਵਧਾਈ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਵਿਆਹ ਦੇ ਕਈ ਸਾਲਾਂ ਬਾਅਦ ਮਾਸਟਰ ਰਘਵੀਰ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਸ ਦੇ ਗੁਆਂਢੀ ਤੇ ਪਿੰਡ ਦੇ ਹੋਰ ਲੋਕ ਉਸ ਦੇ ਘਰ ਪੁੱਤਰ ਦੇ ਜਨਮ ਦੀਆਂ ਵਧਾਈਆਂ ਦੇਣ ਆ ਰਹੇ ਸਨ, ਪਰ ਉਸ ਦਾ ਗੁਆਂਢੀ ਪਰਮਜੀਤ , ਜਿਸ ਦੇ ਘਰ ਦਾ ਗੇਟ ਉਸ ਦੇ ਘਰ ਦੇ ਗੇਟ ਦੇ ਬਿਲਕੁਲ ਸਾਮ੍ਹਣੇ ਹੈ, ਵਧਾਈ ਦੇਣ ਨਾ ਆਇਆ। ਇੱਕ ਦਿਨ ਜਦੋਂ ਉਹ ਸਕੂਲ ਜਾਣ ਲਈ ਆਪਣੇ ਘਰ ਦੇ ਗੇਟ ਤੋਂ ਨਿਕਲਣ ਲੱਗਾ, ਤਾਂ ਉਸ ਦੀ ਨਜ਼ਰ ਪਰਮਜੀਤ ਤੇ ਪੈ ਗਈ, ਜੋ ਕਿ ਆਪਣੇ ਘਰ ਦੇ ਗੇਟ ਤੋਂ ਬਾਹਰ ਖੜ੍ਹਾ ਸੀ।

” ਪਰਮਜੀਤ ਕੀ ਹਾਲ ਆ? ਤੂੰ ਮੈਨੂੰ ਵਧਾਈ ਦੇਣ ਵੀ ਨਹੀਂ ਆਇਆ? ਕੀ ਗੱਲ ਆ?” ਮਾਸਟਰ ਰਘਵੀਰ ਸਿੰਘ ਨੇ ਇੱਕੋ ਸਾਹੇ ਉਸ ਨੂੰ ਕਈ ਸਵਾਲ ਕਰ ਦਿੱਤੇ।
ਆਪਣੇ ਅੰਦਰ ਦੱਬੇ ਲਾਵੇ ਨੂੰ ਬਾਹਰ ਕੱਢਦਾ ਹੋਇਆ ਉਹ ਬੋਲਿਆ,” ਮਾਸਟਰ ਜੀ, ਮੇਰਾ ਵੱਡਾ ਮੁੰਡਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਦਸਵੀਂ ਕਲਾਸ ‘ਚ ਪੜ੍ਹਦਾ ਸੀ। ਮਾੜੇ ਮੁੰਡਿਆਂ ਦੀ ਸ਼ਹਿ ਤੇ ਉਹ ਇੱਥੋਂ ਲਾਗਲੇ  ਪਿੰਡ ਦੇ ਸਕੂਲ ਵਿੱਚ ਪੜ੍ਹਨ ਲਈ ਸਰਟੀਫਿਕੇਟ ਲੈ ਗਿਆ, ਪਰ ਉਹ ਉੱਥੇ ਵੀ ਨਾ ਪੜ੍ਹਿਆ। ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਉਹ ਨਸ਼ੇ ਕਰਨ ਲੱਗ ਪਿਆ ਆ। ਘਰ ਦੀ ਜੋ ਚੀਜ਼ ਉਸ ਨੂੰ ਦਿਸਦੀ ਆ,  ਵੇਚਣ ਤੁਰ ਪੈਂਦਾ ਆ। ਕਿਸੇ ਨਾ ਕਿਸੇ ਬਹਾਨੇ ਨਸ਼ਾ ਕਰਨ ਲਈ ਪੈਸੇ ਮੰਗਦਾ ਰਹਿੰਦਾ ਆ। ਮੈਨੂੰ ਰੱਜ ਕੇ ਗਾਲ਼ਾਂ ਕੱਢਦਾ ਆ। ਉਹ ਮੋਟਰਸਾਈਕਲ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ ਆ। ਉਦ੍ਹੇ ਕਰਕੇ ਮੈਨੂੰ ਫੌਜ ਦੀ ਨੌਕਰੀ ਵੀ ਛੱਡਣੀ ਪਈ ਆ। ਮੈਂ ਤਾਂ ਉਦ੍ਹੇ ਵੱਲੋਂ ਬੜਾ ਦੁਖੀ ਆਂ। ਹਰ ਵੇਲੇ ਪ੍ਰੇਸ਼ਾਨ ਰਹਿੰਦਾ ਆਂ। ਹਰ ਵੇਲੇ ਡਰ ਲੱਗਾ ਰਹਿੰਦਾ ਆ ਕਿ ਕਿਤੇ ਕੁੱਝ ਕਰਕੇ ਨਾ ਆ ਜਾਵੇ। ਏਸੇ ਕਰਕੇ ਮੈਂ ਤੁਹਾਨੂੰ ਵਧਾਈ ਦੇਣ ਨਹੀਂ ਆਇਆ। ਰੱਬ ਇਹੋ ਜਿਹੇ ਪੁੱਤ ਕਿਸੇ ਨੂੰ ਨਾ ਦੇਵੇ। ਰੱਬ ਨੇ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੀ ਆ, ਬਹੁਤ ਖੁਸ਼ੀ ਦੀ ਗੱਲ ਆ। ਇਹ ਵੱਡਾ ਹੋ ਕੇ ਪੜ੍ਹ, ਲਿਖ ਕੇ ਚੰਗੇ ਕੰਮ ਕਰੇ, ਮਾੜੀ ਸੰਗਤ ਤੋਂ ਬਚ ਕੇ ਰਹੇ, ਮੇਰੀ ਰੱਬ ਅੱਗੇ ਇਹੋ ਦੁਆ ਆ।”
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫ਼ੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਉੱਘੇ ਸਵਰਨਕਾਰ ਹਰਕੇਸ਼ ਭਾਰਦਵਾਜ (ਸੋਡੀ) ਨੂੰ ਸਦਮਾ, ਲੜਕੀ ਦਾ ਦੇਹਾਂਤ
Next articleਜ਼ਿਲ੍ਹਾ ਅਧਿਕਾਰੀਆਂ ਦੀ ਸੈਂਟਰ ਸਕੂਲ ਮੁਖੀਆ ਨਾਲ ਬੀ.ਆਰ.ਸੀ ਬਠਿੰਡਾ ਵਿਖੇ ਹੋਈ ਅਹਿਮ ਮੀਟਿੰਗ