ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਰੂਸ ਦੀ ਸਰਕਾਰ ਨੇ ਯੂਕਰੇਨ ਸੰਕਟ ਨੂੰ ਘੱਟ ਕਰਨ ਦੇ ਮਕਸਦ ਨਾਲ ਅਮਰੀਕਾ ਦੇ ਪ੍ਰਸਤਾਵ ’ਤੇ ਲਿਖਤ ਪ੍ਰਤੀਕਿਰਿਆ ਭੇਜੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਤਿੰਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਰੂਸ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਬਾਇਡਨ ਪ੍ਰਸ਼ਾਸਨ ਕ੍ਰੈਮਲਿਨ ’ਤੇ ਯੂਕਰੇਨ ਸਰਹੱਦ ’ਤੇ ਤਣਾਅ ਘੱਟ ਕਰਨ ਦਾ ਦਬਾਅ ਬਣਾ ਰਿਹਾ ਹੈ। ਰੂਸ ਨੇ ਯੂਕਰੇਨ ਸਰਹੱਦ ’ਤੇ ਕਰੀਬ 1,00,000 ਫ਼ੌਜੀ ਸੈਨਿਕ ਤਾਇਨਾਤ ਕੀਤੇ ਹਨ।
ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਰੂਸ ਦੀ ਪ੍ਰਤੀਕਿਰਿਆ ਬਾਰੇ ਵਿਸਥਾਰ ’ਚ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ, ‘‘ਗੱਲਬਾਤ ਨੂੰ ਜੱਗ-ਜ਼ਾਹਿਰ ਕਰਨਾ ਠੀਕ ਨਹੀਂ ਹੋਵੇਗਾ ਅਤੇ ਅਸੀਂ ਇਸ ਸਬੰਧੀ ਫ਼ੈਸਲਾ ਰੂਸ ’ਤੇ ਛੱਡਦੇ ਹਨ ਕਿ ਉਹ ਆਪਣੀ ਪ੍ਰਤੀਕਿਰਿਆ ਲੋਕਾਂ ਨਾਲ ਸਾਂਝੀ ਕਰਨ ਜਾਂ ਨਾ।’’
ਇਸ ਵਿਚਾਲੇ ਅੱਜ ਰੂਸ ਨੇ ਪੱਛਮੀ ਦੇਸ਼ਾਂ ’ਤੇ ਯੂਕਰੇਨ ਨੂੰ ਲੈ ਕੇ ‘‘ਤਣਾਅ ਵਧਾਉਣ’’ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅਮਰੀਕਾ ਕੀਵ ਵਿਚ ‘ਸ਼ੁੱਧ ਨਾਜ਼ੀਆਂ’ ਨੂੰ ਸੱਤਾ ਵਿਚ ਲੈ ਕੇ ਆਇਆ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਵਿਚ ਮਾਸਕੋ ਨੇ ਇਹ ਟਿੱਪਣੀ ਕੀਤੀ, ਜਿੱਥੇ ਰੂਸ ਅਤੇ ਅਮਰੀਕਾ ਦੇ ਨੁਮਾਇੰਦਿਆਂ ਵਿਚਾਲੇ ਤਿੱਖੀ ਬਹਿਸ ਹੋਈ। ਅਮਰੀਕਾ ਦੀ ਰਾਜਦੂਤ ਲਿੰਡਾ ਥੌਮਸ ਗਰੀਨਫੀਲਡ ਨੇ ਮੋੜਵਾਂ ਹਮਲਾ ਕਰਦੇ ਹੋਏ ਕਿਹਾ ਕਿ ਰੂਸ, ਯੂਕਰੇਨ ਸਰਹੱਦ ’ਤੇ 1,00,000 ਤੋਂ ਜ਼ਿਆਦਾ ਸੈਨਿਕਾਂ ਨੂੰ ਤਾਇਨਾਤ ਕਰ ਰਿਹਾ ਹੈ ਜੋ ਦਹਾਕਿਆਂ ਵਿਚ ਯੂਰੋਪ ’ਚ ‘‘ਸੈਨਿਕਾਂ ਦੀ ਸਭ ਤੋਂ ਵੱਡੀ ਭੀੜ’ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਰੂਸ ਵੱਲੋਂ ਸਾਈਬਰ ਹਮਲਿਆਂ ਅਤੇ ਝੂਠੀਆਂ ਸੂਚਨਾਵਾਂ ਫੈਲਾਏ ਜਾਣ ਦੀਆਂ ਘਟਨਾਵਾਂ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਉਹ ਬਿਨਾਂ ਕਿਸੇ ਠੋਸ ਤੱਥ ਅਤੇ ਆਧਾਰ ਦੇ ਯੂਕਰੇਨ ਅਤੇ ਪੱਛਮੀ ਦੇਸ਼ਾਂ ਨੂੰ ਹਮਲਾਵਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਹਮਲੇ ਦਾ ਬਹਾਨਾ ਬਣਾਇਆ ਜਾ ਸਕੇ।’’
ਸੁਰੱਖਿਆ ਕੌਂਸਲ ਵਿਚ ਇਹ ਤਿੱਖੀ ਬਹਿਸ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਮਾਸਕੋ ਦੀ ਮੀਟਿੰਗ ਰੋਕਣ ਦੀ ਕੋਸ਼ਿਸ਼ ਅਸਫ਼ਲ ਹੋ ਗਈ। ਇਹ ਪਹਿਲਾ ਖੁੱਲ੍ਹਾ ਸੈਸ਼ਨ ਸੀ ਜਿੱਥੇ ਯੂਕਰੇਨ ਸੰਕਟ ਦੀਆਂ ਸਾਰੀਆਂ ਪ੍ਰਮੁੱਖ ਧਿਰਾਂ ਨੇ ਜਨਤਕ ਤੌਰ ’ਤੇ ਗੱਲ ਕੀਤੀ। ਅਮਰੀਕਾ ਤੇ ਰੂਸ ਵਿਚਾਲੇ ਇਸ ਸੰਕਟ ਨੂੰ ਘੱਟ ਕਰਨ ਸਬੰਧੀ ਗੱਲਬਾਤ ਹੁਣ ਤੱਕ ਅਸਫ਼ਲ ਰਹੀ ਹੈ।
ਉੱਧਰ, ਰੂਸ ਨੇ ਹਮਲੇ ਦੀ ਯੋਜਨਾ ਬਣਾਉਣ ਤੋਂ ਇਨਕਾਰ ਕੀਤਾ ਹੈ। ਰੂਸੀ ਰਾਜਦੂਤ ਵੈਜ਼ਿਲੀ ਨੈਬੇਂਜ਼ੀਆ ਨੇ ਬਾਇਡਨ ਪ੍ਰਸ਼ਾਸਨ ’ਤੇ ‘‘ਤਣਾਅ ਵਧਾਉਣ ਅਤੇ ਭੜਕਾਉਣ’’ ਦਾ ਦੋਸ਼ ਲਗਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly