(ਸਮਾਜ ਵੀਕਲੀ)
ਰੱਬਾ ਸਾਡੀ, ਸੁਣ ਫਰਿਆਦ,
ਗਰਮੀ ਚ ਕਰੀਏ, ਤੈਨੂੰ ਯਾਦ।
ਕਾਹ੍ਹੜਦਾ ਕਾਹਤੋਂ, ਠੰਢ ਵਰਤਾ ਦੇ,
ਥੋੜ੍ਹਾ ਬਹੁਤਾ ਈ, ਮੀਂਹ ਕਿਤੇ ਪਾ ਦੇ।
ਵੱਟ ਲੋਕਾਂ ਦੇ, ਕੱਢੀ ਜਾਨੈਂ,
ਝੰਡੇ ਸੋਕੇ ਦੇ, ਗੱਡੀ ਜਾਨੈਂ ।
ਮੁੜ੍ਹਕੋ ਮੁੜ੍ਹਕੀ, ਹੁੰਦੇ ਜਾਈਏ,
ਜੀਅ ਕਰਦਾ, ਉੱਤੇ ਪਾਣੀ ਪਾਈਏ।
ਟੈਂਕੀ ਖਾਲੀ, ਪਾਣੀ ਮੁੱਕਿਆ,
ਗਰਮੀ ਨਾਲ ਤਾਂ ਸਾਹ ਏ ਸੁੱਕਿਆ।
ਬਿਜਲੀ ਸਾਡੇ, ਘੱਟ ਹੈ ਆਉਂਦੀ,
ਗਰਮੀ ਪਈ ਏ ਬੜਾ ਸਤਾਉਂਦੀ।
ਲੜਦਾ ਏ ਮੱਛਰ ਰੋਂਦੇ ਨਿਆਣੇ,
ਸਾਰੀ ਰਾਤ ਨਹੀਂ ਸੌਂਦੇ ਨਿਆਣੇ।
ਚੀਕ ਚਿਹਾੜਾ ਰਾਤ ਨੂੰ ਪੈਂਦਾ,
ਫੜ੍ਹ ਕੇ ਪੱਖੀਆਂ,ਹਰ ਕੋਈ ਬਹਿੰਦਾ।
ਪੱਖੀਆਂ ਵੀ ਨੇ, ਨਕਲੀ ਆਈਆਂ,
ਨਾਲ ਕਿਸੇ ਨਾਂ, ਝਾਲਰਾਂ ਲਾਈਆਂ।
ਸੜਕਾਂ ਤੇ ਲੋਕੀਂ, ਰਾਤ ਨੂੰ ਆਉਂਦੇ,
ਬੰਦ ਬਿਜਲੀ ਤੋਂ, ਬੜਾ ਕੁਰਲਾਉਂਦੇ।
ਬਿਜਲੀ ਘਰ ਨੂੰ, ਕਹਿੰਦੇ ਚੱਲੀਏ,
ਲਾਈਏ ਧਰਨਾ, ਗੇਟ ਜਾ ਮੱਲੀਏ।
ਕਹੇ ਘਰਵਾਲੀ, ਕਰਮ ਨੇ ਫੁੱਟੇ,
ਗੁੱਸੇ ਚ ਰਾਤੀਂ , ਨਿਆਣੇ ਕੁੱਟੇ।
ਘਰ ਘਰ ਇਹੋ ਹਾਲ ਵੀਰਿਆ,
ਰੱਬ ਕਦੇ ਤਾਂ ਹੋਊ, ਦਿਆਲ ਵੀਰਿਆ।
ਰੱਬ ਕਦੇ ਤਾਂ ਹੋਊ, ਦਿਆਲ ਵੀਰਿਆ।
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ
ਸਭਾ ਮੋਬ÷ 9855069972
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly