(ਸਮਾਜ ਵੀਕਲੀ) ਪਿੰਡ ਵਿੱਚ ਕੋਈ ਧੱੜੇਬਾਜੀ ਨਹੀਂ ਸੀ। ਕੋਈ ਲੜਾਈ ਝਗੜਾ ਨਹੀਂ ਸੀ।ਕੋਈ ਈਰਖਾ ਨਹੀਂ ਸੀ। ਪਿੰਡ ਵਾਸੀ ਪਿਆਰ ਨਾਲ ਰਹਿੰਦੇ ਸਨ। ਇੱਕ ਦੂਜੇ ਦੇ ਕੰਮ ਆਉਂਦੇ ਸਨ। ਡੂੰਘੀ ਭਾਈਚਾਰਿਕ ਸਾਂਝ ਬਣੀ ਹੋਈ ਸੀ। ਪਿਛਲੇ ਦਸ ਕੁ ਸਾਲਾਂ ਵਿੱਚ ਪਿੰਡ ਨੇ ਕਾਫ਼ੀ ਤਰੱਕੀ ਕਰ ਲਈ ਸੀ। ਪਿੰਡ ਵਿੱਚ ਡਾਕਖਾਨਾ, ਸਰਕਾਰੀ ਡਿਸਪੈਂਸਰੀ, ਪਸੂਆਂ ਦਾ ਹਸਪਤਾਲ, ਸਰਕਾਰੀ ਪ੍ਰਾਇਮਰੀ ਸਕੂਲ ਅੱਪਗਰੇਡ ਹੋ ਕੇ ਹਾਈ ਸਕੂਲ ਬਣਨ ਦੇ ਨਾਲ ਨਾਲ ਮਾਡਲ ਗਰਾਮ ਸਕੀਮ ਤਹਿਤ ਪਿੰਡ ਦੀਆਂ ਗਲੀਆਂ – ਨਾਲੀਆਂ ਪੱਕੀਆਂ ਹੋ ਚੁਕੀਆਂ ਸਨ।ਸਾਰਾ ਪਿੰਡ ਖੁਸ਼ ਸੀ। ਕੁੱਝ ਪਰਿਵਾਰ ਵਿਦੇਸਾਂ ਚ ਜਾ ਵਸੇ ਸਨ। ਕੁੱਝ ਨੌਕਰੀਆਂ ਕਰ ਰਹੇ ਸਨ। ਫਿਰ ਵੀ ਜਿਆਦਾਤਰ ਪਰਿਵਾਰਾਂ ਦਾ ਮੁੱਖ ਧੰਦਾ ਖੇਤੀ ਹੀ ਸੀ। ਤਿੰਨ ਚਾਰ ਕਿਸਾਨਾਂ ਕੋਲ ਹੀ ਟਰੈਕਟਰ ਸੀ। ਬਾਕੀ ਸਾਰਾ ਪਿੰਡ ਬਲਦਾਂ ਨਾਲ ਹੀ ਖੇਤੀ ਕਰਦਾ ਸੀ। ਸੰਗਰਾਂਦ ਦੇ ਦਿਨ ਬਲਦਾਂ ਤੋਂ ਕੰਮ ਨਹੀਂ ਲਿਆ ਜਾਂਦਾ ਸੀ। ਇਸ ਤਰ੍ਹਾਂ ਸੰਗਰਾਂਦ ਦੇ ਦਿਨ ਸਾਰਾ ਪਿੰਡ ਗੁਰਦੁਆਰਾ ਸਾਹਿਬ ਪਹੁੰਚ ਜਾਇਆ ਕਰਦਾ ਸੀ।ਸਰਪੰਚ, ਪੰਚ ਸਾਰੇ ਵੀ ਗੁਰਦੁਆਰਾ ਸਾਹਿਬ ਹਾਜ਼ਰ ਹੁੰਦੇ ਸਨ। ਸੰਗਰਾਂਦ ਦੇ ਭੋਗ ਤੋਂ ਬਾਅਦ ਇੱਥੇ ਹੀ ਪਿੰਡ ਦੇ ਮਸਲਿਆਂ ਬਾਰੇ ਚਰਚਾ ਹੋ ਜਾਇਆ ਕਰਦੀ ਸੀ।ਇੱਥੇ ਹੀ ਪਿੰਡ ਦੇ ਵਿਕਾਸ ਲਈ ਪਰੋਗਰਾਮ ਉਲੀਕੇ ਜਾਂਦੇ ਸਨ। ਛੋਟੇ ਮੋਟੇ ਘਰੇਲੂ ਝਗੜੇ ਵੀ ਇੱਥੇ ਹੀ ਨਿਬੇੜ ਦਿੱਤੇ ਜਾਂਦੇ ਸਨ
ਇੱਕ ਦਿਨ, ਜਦੋਂ ਸੰਗਰਾਂਦ ਦੇ ਭੋਗ ਤੋਂ ਬਾਅਦ ਪ੍ਰਸਾਦ ਵਰਤਾਇਆ ਜਾ ਰਿਹਾ ਸੀ ਤਾਂ ਇੱਕ ਸੱਜਣ ਨੇ, ਗੁਰਦੁਆਰਾ ਸਾਹਿਬ ਦਾ ਹਾਲ ਛੋਟਾ ਦੱਸ ਕੇ, ਨਵਾਂ ਗੁਰਦੁਆਰਾ ਸਾਹਿਬ ਉਸਾਰਨ ਦੀ ਗੱਲ ਛੇੜ ਦਿੱਤੀ ਸੀ।ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਕਿਉਂਕਿ ਗੁਰਦੁਆਰਾ ਸਾਹਿਬ ਦਾ ਹਾਲ ਬੇਸ਼ਕ ਥੋੜਾ ਛੋਟਾ ਸੀ। ਪਰ ਹਾਲ ਦੇ ਬਾਹਰ ਵਰਾਂਡਾ ਅਤੇ ਬਾਹਰ ਸਾਹਮਣੇ ਹੀ ਬਣੇ ਥੜਿਆਂ ‘ਤੇ ਸੰਗਤ ਅਰਾਮ ਨਾਲ ਖੁੱਲੇ ਹੋ ਕੇ ਬਹਿ ਸਕਦੀ ਸੀ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਖਾਲੀ ਪਏ ਘਰਾਂ ਵਾਲੇ ਪਰਿਵਾਰ ਆਪਣੇ ਥਾਂ ਗੁਰਦੁਆਰਾ ਸਾਹਿਬ ਨੂੰ ਖੁੱਲਾ ਕਰਨ ਲਈ ਦੇਣ ਲਈ ਤਿਆਰ ਸਨ। ਜਿਆਦਾਤਰ ਲੋਕਾਂ ਦਾ ਵਿਚਾਰ ਸੀ ਕਿ ਇਸੇਵ ਗੁਰਦੁਆਰਾ ਸਾਹਿਬ ਨੂੰ ਖੁੱਲਾ ਕਰ ਲਿਆ ਜਾਵੇ । ਪਰ ਇਸੇ ਸ਼ੋਰ ਸ਼ਰਾਬੇ ਚ ਨਵਾਂ ਗੁਰਦੁਆਰਾ ਸਾਹਿਬ ਉਸਾਰਨ ਦੇ ਹਮਾਇਤੀਆਂ ਵਲ ਜੈਕਾਰੇ ਛੱਡ , ਨਵਾਂ ਗੁਰਦੁਆਰਾ ਸਾਹਿਬ ਉਸਾਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ। ਇੱਕ ਖਾਨਦਾਨ ਦੇ ਵੀਹ ਪੰਝੀ ਪਰਿਵਾਰਾਂ ਨੇ ਦੋ ਦੋ ਮਰਲਿਆਂ ਦੀ ਮਲਕੀਅਤ ਵਾਲੀ ਥਾਂ ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਦੇ ਦਿੱਤੀ ਸੀ। ਦੇਖਦੇ ਹੀ ਦੇਖਦੇ ਲੋਕ ਆਪਣੀ ਸ਼ਰਧਾ ਅਤੇ ਹੈਸੀਅਤ ਮੁਤਾਬਿਕ ਨਵੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਭੇਟਾ ਦੇਣ ਲੱਗੇ। ਕੁੱਝ ਹੀ ਪਲਾਂ ਵਿੱਚ ਡੇਡ ਲੱਖ ਰੁਪਏ ਇਕੱਠੇ ਹੋ ਗਏ ਸਨ। ਸੰਗਤ ਦਾ ਜੋਸ਼ ਦੇਖ ਕੇ ਲੱਗ ਰਿਹਾ ਸੀ ਕਿ ਸਾਲ – ਡੇਡ ਸਾਲ ਵਿੱਚ ਨਵਾਂ ਗੁਰਦੁਆਰਾ ਸਾਹਿਬ ਤਿਆਰ ਹੋ ਜਾਵੇਗਾ। ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕਮੇਟੀ ਚੁਣ ਲਈ ਗਈ ਸੀ। ਤੇ ਹਫ਼ਤੇ ਕੁ ਬਾਅਦ, ਸਾਰੇ ਪਿੰਡ ਦੀ ਹਾਜ਼ਰੀ ਵਿੱਚ,ਪੂਰੀਆਂ ਧਾਰਮਿਕ ਰਵਾਇਤਾਂ ਅਨੁਸਾਰ, ਪਿੰਡ ਨੇੜਲੇ ਡੇਰੇ ਦੇ ਸੰਤਾਂ ਵਲੋਂ, ਨੀਂਹ ਦਾ ਟੱਕ ਲਾਉਣ ਦੇ ਨਾਲ ਹੀ, ਪੂਰੇ ਜ਼ੋਸ ਨਾਲ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਸਾਰਾ ਪਿੰਡ ਖੁਸ਼ ਸੀ। ਉਸਾਰੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਸੀ। ਪਿੰਡ ਦੇ ਐਨ ਆਰ ਆਈ ਖੁੱਲੇ ਦਿਲ ਨਾਲ ਸੇਵਾ ਵਿੱਚ ਹਿੱਸਾ ਪਾ ਰਹੇ ਸਨ। ਪਰ ਨੀਂਹਾਂ ਭਰਦੇ ਭਰਦੇ ਹੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ ਮੱਤ ਭੇਦ ਉਭਰਨੇ ਸ਼ੁਰੂ ਹੋ ਗਏ ਸਨ। ਪਿੰਡ ਦੇ ਸੂਝਵਾਨ ਬਜ਼ੁਰਗਾਂ ਵਲੋਂ ਕਮੇਟੀ ਮੈਂਬਰਾਂ ‘ਚ ਉਭਰੇ ਆਪਸੀ ਮੱਤਭੇਦ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਪ੍ਬੰਧਕ ਕਮੇਟੀ ਦੋਫ਼ਾੜ ਹੋ ਗਈ ਸੀ। ਇਸ ਦੇ ਨਾਲ ਹੀ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ। ਫ਼ੇਰ ਇੱਕ ਧੜਾ ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਤੋਂ ਵੱਖ ਹੋ ਗਿਆ ਸੀ। ਇਸ ਤਰ੍ਹਾਂ ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਦਸ ਸਾਲ ਚ ਪੂਰੀ ਹੋ ਸਕੀ ਸੀ। ਇਸ ਦੇ ਨਾਲ ਹੀ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ। ਇਸ ਤਰ੍ਹਾਂ ਨਵਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਦਸ ਸਾਲ ਚ ਪੂਰੀ ਹੋ ਸਕੀ ਸੀ।
ਨਵਾਂ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇਂ ਦੋਹਾਂ ਧੜਿਆਂ ਦੇ ਝਗੜੇ ਕਾਰਣ ਪੁਲਿਸ ਨੂੰ ਦਖਲ ਦੇਣਾ ਪਿਆ ਸੀ। ਇਸ ਤਰ੍ਹਾਂ ਪਿੰਡ ਵਿੱਚ ਦੋ ਧੜੇ ਅਤੇ ਦੋ ਗੁਰਦੁਆਰਾ ਸਾਹਿਬ ਬਣ ਗਏ ਸਨ। ਪਿੰਡ ਪੂਰੀ ਤਰ੍ਹਾਂ ਦੋਫ਼ਾੜ ਹੋ ਗਿਆ ਸੀ। ਇਸ ਧੜੇਬੰਦੀ ਨਾਲ ਪਿੰਡ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ਦੋਹਾਂ ਧੜਿਆਂ ਦੇ, ਨਿੱਤ ਦੇ ਕਲੇਸ਼ ਤੋਂ ਦੁਖੀ ਲੋਕ ਅਰਦਾਸਾਂ ਕਰ ਰਹੇ ਸਨ, ਸੁੱਖਣਾਂ ਸੁੱਖ ਰਹੇ ਸਨ, ਅਖੰਡ ਪਾਠ ਕਰਵਾ ਰਹੇ ਸਨ ਕਿ ਕਿਸੇ ਤਰ੍ਹਾਂ ਇਹ ਧੜੇਬੰਦੀ ਖਤਮ ਹੋ ਜਾਏ, ਪਰ ਇਹ ਧੜੇਬੰਦੀ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਸੀ। ਹਰ ਪੰਜ ਸੱਤ ਦਿਨਾਂ ਬਾਅਦ, ਪਿੰਡ ਚ ਪੁਲਿਸ ਦਾ ਆਉਣਾ ਆਮ ਗੱਲ ਹੋ ਗਈ ਸੀ।
ਫ਼ੇਰ ਉਹ ਸਮਾਂ ਆਇਆ ਜਦੋਂ ਕਿਸੇ ਕਾਰਣ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੂਸਰੇ ਪਿੰਡ ਤੋਂ ਗ੍ੰਥੀ ਸਿੰਘ ਲਿਆਉਣ ਲਈ ਮਜ਼ਬੂਰ ਹੋ ਗਈ ਸੀ। ਅਤੇ ਇਸ ਗ੍ੰਥੀ ਸਿੰਘ ਦੀ ਕਥਾ ਨਾਲ ਨਿੱਤ ਦਿਨ ਪਿੰਡ ਵਿੱਚ ਹੋਰ ਕਈ ਉਲਝਣਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂਆਂ ਸਨ। ਕਿਉਂਕਿ ਹਰ ਦਿਨ, ਕਥਾ ਕਰਦੇ ਹੋਏ ਗ੍ੰਥੀ ਸਿੰਘ ਕਿਸੇ ਜਾਤ ਬਿਰਾਦਰੀ, ਫਿਰਕੇ ਜਾਂ ਧਰਮ ਖਿਲਾਫ਼ ਇਤਰਾਜ਼ ਯੋਗ ਟਿਪਣੀਆਂ ਕਰਦਾ ਰਹਿੰਦਾ ਸੀ। ਪਰ ਛੇ ਫੁੱਟੇ ਹੱਟੇਕੱਟੇ, ਅੱਖੜ ਸੁਭਾਅ ਦੇ ਨਿਹੰਗ ਗੰਡਾ ਸਿੰਘ , ਜੋ ਹਮੇਸ਼ਾ ਆਪਣੀ ਡੱਬ ‘ਚ ਦਾਤ ਰੱਖਿਆ ਕਰਦਾ ਸੀ, ਨੂੰ ਕੁਝ ਕਹਿਣ ਜਾਂ ਰੋਕਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਹੋ ਰਹੀ।ਕਿਉਂਕਿ ਛੋਟੀ ਛੋਟੀ ਗੱਲ ‘ਤੇ ਉਹ ਦਾਤ ਕੱਢ ਲਿਆ ਕਰਦਾ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਜਦੋਂ ਕਥਾ ਕਰਦੇ ਗੰਡਾ ਸਿੰਘ ਨੇ ਕਹਿ ਦਿੱਤਾ ਸੀ ਕਿ ਨਾਮ ਮੈਂ ਦੱਸ ਦਿੰਦਾ ਹਾਂ,ਪਿੰਡ ਵਾਸੀਆਂ ਨੂੰ,ਔਖੇ-ਸੌਖੇ ਹੋ ਕੇ,ਦੋਹਾਂ ਧੜਿਆਂ ਦੇ ਚਾਰ ਪੰਜ ਬੰਦੇ ਚੁੱਕ ਦੇਣੇ ਚਾਹੀਦੇ ਹਨ ਤਾਂ ਹੀ ਪਿੰਡ ਵਿੱਚ ਏਕਤਾ ਅਤੇ ਸ਼ਾਂਤੀ ਹੋ ਸਕਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਉਸਨੂੰ ਗ੍ੰਥੀ ਸਿੰਘ ਦੀ ਸੇਵਾ ਤੋਂ ਹਟਾਉਣਾ ਚਾਹੁੰਦੇ ਹੋਏ ਵੀ ਉਸ ਨੂੰ ਇਸ ਸੇਵਾ ਤੋਂ ਹਟਣ ਲਈ ਕਹਿਣ ਦੀ ਹਿੰਮਤ ਨਹੀਂ ਸੀ ਕਰ ਪਾ ਰਹੀ।ਚੰਗੀ ਕਿਸਮਤ ਕਿ ਅਚਾਨਕ ਉਹ ਗੰਡਾ ਸਿੰਘ ਬੀਮਾਰ ਪੈ ਗਿਆ ਸੀ, ਅਤੇ ਕਮੇਟੀ ਨੂੰ ਨਵਾਂ ਗ੍ੰਥੀ ਸਿੰਘ ਰੱਖਣ ਦਾ ਬਹਾਨਾ ਮਿਲ ਗਿਆ ਸੀ।ਇਸ ਤਰ੍ਹਾਂ ਗੰਡਾ ਸਿੰਘ ਤੋਂ ਪਿੰਡ ਵਾਸੀਆਂ ਨੂੰ ਛੁਟਕਾਰਾ ਮਿਲਿਆ ਸੀ। ਗੰਡਾ ਸਿੰਘ ਤਾਂ ਵਾਪਸ ਆਪਣੇ ਪਿੰਡ ਚਲਾ ਗਿਆ ਸੀ,ਪਰ ਹਰ ਪਿੰਡ ਵਾਸੀ ਆਪਣੀ ਸੋਚ ਦੇ ਘੋੜੇ ਦੁੜਾ ਰਿਹਾ ਸੀ ਉਹ ਪੰਜ ਸੱਤ ਬੰਦੇ ਕੋਣ ਹੋ ਸਕਦੇ ਹਨ, ਜਿਹਨਾਂ ਨੂੰ ਚੁੱਕਣ ਲਈ ਗੰਡਾ ਸਿੰਘ ਕਹਿਣਾ ਚਾਹੁੰਦਾ ਸੀ।
ਕੁਦਰਤੀ ਪੰਜ -ਸੱਤ ਸਾਲਾਂ ਵਿੱਚ ਉਹ ਪੰਜ – ਸੱਤ ਬੰਦੇ, ਜਿਹਨਾਂ ਬਾਰੇ ਲੋਕਾਂ ਨੂੰ ਲਗਦਾ ਸੀ ਕਿ ਉਹ ਗੰਡਾ ਸਿੰਘ ਇਹਨਾਂ ਬਾਰੇ ਹੀ ਕਹਿ ਰਿਹਾ ਹੈ, ਉਹ ਅਕਾਲ ਚਲਾਣਾ ਕਰ ਗਏ ਸਨ। ਹੌਲੀ ਹੌਲੀ ਗੰਡਾ ਸਿੰਘ ਦੀ ਸੋਚਣੀ ਸੱਚ ਹੋਣ ਲੱਗੀ ਸੀ। ਥੋੜੇ ਹੀ ਸਮੇਂ ਬਾਅਦ ਲੋਕਾਂ ਦੇ ਦਿਲਾਂ ਵਿੱਚ ਵਸੀ ਆਪਸੀ ਈਰਖਾ ਖਤਮ ਹੋਣ ਲੱਗੀ ਸੀ। ਦੇਖਦੇ ਹੀ ਦੇਖਦੇ ਪਿੰਡ ਵਿੱਚੋਂ ਧੜੇਬੰਦੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਪਿੰਡ ਵਾਸੀ ਫ਼ਿਰ ਤੋਂ ਪਹਿਲਾਂ ਵਾਂਗ ਇਕੱਠੇ ਬੈਠਣ ਲੱਗੇ ਸਨ। ਪਰ ਫ਼ਿਰ ਵੀ ਅੱਜ,ਪਿੰਡ ਵਿੱਚ ਉਹ ਪਹਿਲਾਂ ਵਾਲਾ ਇਕੱਠ ਨਹੀਂ ਹੈ। ਪਿੰਡ ਵਿੱਚ ਦੂਸਰੀ ਬਿਰਾਦਰੀ ਵਲੋਂ ਆਪਣਾ ਅਲੱਗ ਗੁਰਦੁਆਰਾ ਸਾਹਿਬ ਉਸਾਰ ਲੈਣ ਤੋਂ ਬਾਅਦ, ਹਲਾਤ ਇਹ ਹੋ ਚੁੱਕੇ ਹਨ ਕਿ ਕਈ ਵਾਰ ਪੰਜ ਪਿਆਰਿਆਂ ਦਾ ਪ੍ਸਾਦਿ ਵਰਤਾਉਣ ਲਈ, ਗੁਰਦੁਆਰਾ ਸਾਹਿਬ ਵਿਖੇ ਪੰਜ ਸਿੰਘ ਨਹੀਂ ਹੁੰਦੇ ਹਨ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



