ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦਿਆਂ ਪੰਜਾਬ ਸਰਕਾਰ ਐੱਸਮਾ ਅਧੀਨ ਕਰੇ ਹੜਤਾਲੀ ਡਾਕਟਰਾਂ ਖਿਲਾਫ਼ ਕਾਰਵਾਈ : ਬਲਵੀਰ ਸੈਣੀ

ਬਲਵੀਰ ਸਿੰਘ ਸੈਣੀ
ਅਗਰ ਡਾਕਟਰਾਂ ਦੀ ਹੜਤਾਲ ਦੌਰਾਨ ਕਿਸੇ ਮਰੀਜ਼ ਦੀ ਇਲਾਜ ਤੋਂ ਬਿਨਾ ਮੌਤ ਹੁੰਦੀ ਹੈ ਤਾਂ ਡਾਕਟਰਾਂ ਤੇ 302 ਦਾ ਪਰਚਾ ਦਰਜ ਕੀਤਾ ਜਾਵੇ : ਆਰਟੀਆਈ ਐਕਟੀਵਿਸਟ ਫਰੰਟ
ਹੁਸ਼ਿਆਰਪੁਰ,(ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ (ਰਾਫ਼ੀ) ਦੇ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੁਰੱਖਿਆ ਦੇ ਨਾਮ ਤੇ ਪਿਛਲੇ ਕੁੱਝ ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਕੁੱਝ ਕੁ ਸਮਾਜ ਵਿਰੋਧੀ ਅਨਸਰਾਂ ਦੀਆਂ ਮਨਮਾਨੀਆਂ ਦੀ ਸਜ਼ਾ ਡਾਕਟਰਾਂ ਵੱਲੋਂ ਹੜਤਾਲ ਦੇ ਰੂਪ ਵਿੱਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਜਰੂਰੀ ਸਿਹਤ ਸੇਵਾਵਾਂ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਜਿਸ ਲਈ ਇਸ ਹੜਤਾਲ ਨੂੰ ਸਰਕਾਰ ਵੱਲੋਂ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਿਕ ਕਰਾਰ ਦੇ ਕੇ ਹੜਤਾਲੀ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਵਾਰਨਿੰਗ ਦੇਣੀ ਚਾਹੀਦੀ ਹੈ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਨਿਆਂ ਪਾਲਿਕਾ ਨੂੰ ਲੋਕ ਹਿੱਤ ਵਿੱਚ ਆਪਣਾ ਦਖਲ ਦੇਣਾ ਚਾਹੀਦਾ ਹੈ | ਆਰਟੀਆਈ ਐਕਟਿਵਿਸਟ ਫਰੰਟ ਆਫ ਇੰਡੀਆ (ਰਾਫ਼ੀ) ਦੇ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਅਗਰ ਡਾਕਟਰਾਂ ਦੀ ਹੜਤਾਲ ਦੌਰਾਨ ਕਿਸੇ ਮਰੀਜ਼ ਦੀ ਇਲਾਜ ਤੋਂ ਬਿਨਾ ਮੌਤ ਹੁੰਦੀ ਹੈ ਤਾਂ ਡਾਕਟਰਾਂ ਤੇ 302 ਦਾ ਪਰਚਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ  ਅਸਲ ਵਿੱਚ ਇਸ ਹੜਤਾਲ ਦੇ ਪਿੱਛੇ ਆਰਜੀ ਕਰ ਹਸਪਤਾਲ ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਨਾਲ ਪੈਦਾ ਹੋਇਆ ਰੋਸ ਮੁੱਖ ਕਾਰਣ ਹੈ ਜਿਸ ਨੂੰ ਅਧਾਰ ਬਣਾ ਕੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਦ ਕਿ ਅਸਲੀਅਤ ਇਹ ਹੈ ਕਿ ਇਸ ਮਨੁੱਖਤਾ ਵਿਰੋਧੀ ਅਤੇ ਹੈਵਾਨੀਅਤ ਭਰੀ ਕਰਤੂਤ ਪਿੱਛੇ ਕੋਈ ਹੋਰ ਨਹੀਂ ਸਗੋਂ ਇਸੇ ਮੈਡੀਕਲ ਕਾਲਜ ਦੇ ਸੁਪਰ ਸੀਨੀਅਰ ਅਤੇ ਜੂਨੀਅਰ ਸਟਾਫ ਨੂੰ ਕਥਿਤ ਰੂਪ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹੁਣ ਪੁਲਿਸ ਦੀ ਹਿਰਾਸਤ ਵਿੱਚ ਦੱਸੇ ਜਾ ਰਹੇ ਹਨ | ਸੇਹਤ ਵਿਭਾਗ ਵਿੱਚ ਅਨੇਕਾਂ ਹੋਰ ਕਰੈਕਟਰ ਲੈਸ ਅਤੇ ਭ੍ਰਿਸਟ ਡਾਕਟਰਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਇਸ ਲਈ ਕਿਸੇ ਸੁਰੱਖਿਆ ਖ਼ਾਮੀਆਂ ਲਈ ਬਾਹਰਲੇ ਵਿਅਕਤੀਆਂ ਦੇ ਬਹਾਨੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਗੈਰਕਾਨੂੰਨੀ ਹੈ | ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਅਸਲ ਵਿੱਚ ਡਾਕਟਰਾਂ ਦੀ ਮਨਸ਼ਾ ਇਸ ਬਹਾਨੇ ਅਸੀਮ ਤਾਕਤਾਂ ਹਾਸਿਲ ਕਰਨ ਦੀ ਹੈ ਤਾਂ ਜੋ ਇਸ ਦੀ ਵਰਤੋਂ ਕਰਕੇ ਆਪਣੀਆਂ ਮਨਮਾਨੀਆਂ ਅਤੇ ਭ੍ਰਿਸ਼ਟਾਚਾਰਕ ਸਰਗਰਮੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ | ਜਦ ਕਿ ਖੁਦ ਡਾਕਟਰ ਹੀ ਪੁਲਿਸ ਦੀ ਮਿਲੀਭੁਗਤ ਨਾਲ ਸਭ ਤੋਂ ਵੱਧ ਝੂਠੇ ਕੇਸ ਦਰਜ ਕਰਨ ਅਤੇ ਝੂਠੀਆਂ ਮੈਡੀਕਲ ਰਿਪੋਰਟਾਂ ਬਣਾਉਣ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ | ਇਸ ਸੰਬੰਧੀ ਆਰਟੀਆਈ ਐਕਟਿਵਿਸਟ ਫਰੰਟ ਆਫ ਇੰਡੀਆ (ਰਾਫ਼ੀ) ਦੇ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਕਵਰੇਜ ਕਰਨ ਗਏ ਦੋ ਪੱਤਰਕਾਰਾਂ  ਉੱਪਰ ਝੂਠੇ ਡਾਕਟਰਾਂ ਵੱਲੋਂ ਝੂਠੇ ਪਰਚੇ ਦਰਜ ਕਰਨ, ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਹੀ ਕਵਰੇਜ ਕਰਨ ਗਏ ਦੋ ਪੱਤਰਕਾਰਾਂ ਗੁਰਮੇਲ ਸਿੰਘ ਛਾਜਲੀ ਅਤੇ ਕੁਲਦੀਪ ਸਿੰਘ ਸੱਗੂ ਉੱਪਰ ਮਹਿਲਾ ਡਾਕਟਰ ਵੱਲੋਂ ਲਾਏ ਝੂਠੇ ਇਲਜ਼ਾਮਾਂ ਅਧੀਨ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜਣ, ਇਸ ਤੋਂ ਇਲਾਵਾ ਮੋਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰਨ ਦੀਆਂ ਬੇਸ਼ੁਮਾਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ | ਜੇਕਰ ਪੰਜਾਬ ਵਿੱਚ ਪੱਤਰਕਾਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਅਤੇ ਹੋਰ ਆਪਣੇ ਹੱਕਾਂ ਲਈ ਜਾਗਰੂਕ ਲੋਕਾਂ ਦੀ ਸੁਰੱਖਿਆ ਦੀ ਕੀ ਆਸ ਕੀਤੀ ਜਾ ਸਕਦੀ ਹੈ | ਇਸ ਮਾਮਲੇ ਦੀ ਨਜ਼ਾਕਤ ਨੂੰ ਵੇਖਦਿਆਂ ਪੰਜਾਬ ਸਰਕਾਰ ਅਤੇ ਇਸ ਦੇ ਮੁਖੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਮਾਨਯੋਗ ਨਿਆਂਪਾਲਿਕਾ ਨੂੰ ਇਸ ਮਾਮਲੇ ਨੂੰ ਦੂਰ ਅੰਦੇਸ਼ੀ ਨਾਲ ਸੁਲਝਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਬੇਕਸੂਰ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜ਼ਿੰਦਗੀ ਬਰਬਾਦ ਨਾ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਦੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਆਰਟੀਆਈ ਐਕਟਿਵਿਸਟ ਫਰੰਟ ਆਫ ਇੰਡੀਆ ਖੁਦ ਚਿੰਤਿਤ ਹੈ ਅਤੇ ਪੰਜਾਬ ਸਰਕਾਰ ਪਾਸੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਜ਼ੋਰਦਾਰ ਮੰਗ ਕਰਦਾ ਹੈ | ਪਰ ਨਾਲ ਹੀ ਗਲਤ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੀ ਵੀ ਜ਼ੋਰਦਾਰ ਨਿੰਦਾ ਕਰਦਾ ਹੋਇਆ ਸਰਕਾਰ ਪਾਸੋਂ ਧਿਆਨ ਦੇਣ ਦੀ ਮੰਗ ਕਰਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰੇ ਸਾਹਾਂ ਦੀ ਖੁਸ਼ਬੂ ਵਿੱਚ ਵਸਦਾ ਹੈ ਰੰਗਲਾ ਪੰਜਾਬ – ਸੁੱਖੀ ਬਾਠ
Next articleਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਪਬਲਿਕ ਤੇ ਵਾਧੂ ਬੋਝ ਪਾਇਆ : ਲੰਬੜਦਾਰ ਰਣਜੀਤ ਰਾਣਾ