ਆ ਰਹੀ ਪੰਚਾਇਤ ਚੋਣ ਲਈ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਚੋਣ ਫੇਰ ਪੰਚਾਇਤ ਦੀ ਆਣ ਢੁੱਕੀ ,
ਕੋਈ ਚੱਜ ਦਾ ਚੁਣੋਂ ਸਰਪੰਚ ਯਾਰੋ ।
ਪੰਜਾਂ ਵਿੱਚ ਪ੍ਰਮੇਸ਼ਰ ਵੀ ਫ਼ੇਰ ਹੋਊ ,
ਜੇਕਰ ਕੰਮ ਦੇ ਹੋਣਗੇ ਪੰਚ ਯਾਰੋ ।
ਲੋੜ ਦੇਸ਼ ਨੂੰ ਚੰਗਿਆਂ ਲੀਡਰਾਂ ਦੀ ,
ਆਓ ਆਪਣੇ ਪਿੰਡ ਤੋਂ ਪਹਿਲ ਕਰੀਏ ;
ਪੀ ਕੇ ਬੋਤਲਾਂ ਵੋਟਾਂ ਦੇ ਪਾ ਦਿੱਤੀਆਂ ,
ਪੰਜ ਸਾਲ ਫਿਰ ਚੁਗਾਂਗੇ ਕੰਚ ਯਾਰੋ ।
ਕਾਮਯਾਬ ਨਰੇਗਾ ਨੂੰ ਇੰਜ ਕਰੀਏ ,
ਸ਼ਾਮਲਾਤ ‘ਤੇ ਕਰੇ ਪੰਚਾਇਤ ਖੇਤੀ ;
ਉੱਪਰ ਉੱਠੀਏ ਪਾਰਟੀ ਬਾਜ਼ੀਆਂ ਤੋਂ ,
ਕਰੀਏ ‘ਕੱਠੇ ਹੀ ਡਿਨਰ ਤੇ ਲੰਚ ਯਾਰੋ ।
ਬਿਨਾਂ ਖਾਦ ਸਪਰੇਅ ਤੋਂ ਫ਼ਸਲ ਹੋਵੇ ,
ਸਾਰੇ ਪਿੰਡ ਲਈ ਸਹੀ ਖ਼ੁਰਾਕ ਹੋਵੇ ;
ਦਾਲ਼ਾਂ ਆਪ ਉਗਾਈਆਂ ਹੋਣ ਸੱਭੇ ,
ਸਬਜ਼ੀ ਭਾਜੀ ਦਾ ਰਹੇ ਨਾ ਅੰਤ ਯਾਰੋ ।
ਸਾਫ਼ ਪਾਣੀ ਦਾ ਸਹੀ ਪ੍ਰਬੰਧ ਹੋਵੇ ,
ਗੰਦੇ ਪਾਣੀ ਲਈ ਅੰਡਰ ਗਰਾਉਂਡ ਹੋਵੇ,
ਗਲ਼ੀਆਂ ਨਾਲ਼ੀਆਂ ਵਿੱਚ ਪ੍ਰੀਮਿਕਸ ਪੈ ‘ਜੇ,
ਗੱਡੀ ਕਿਸੇ ਦੀ ਕਰੇ ਨਾ ਜੰਪ ਯਾਰੋ  ।
ਗੋਬਰ ਗੈਸ ਇੱਕ ਪਿੰਡ ਦਾ ਹੋਵੇ ਸਾਂਝਾ ,
ਬਾਲਣ ਮਿਲੇ ਤੇ ਖਾਦ ਵੀ ਹੋਵੇ ਚੰਗੀ ;
ਡੀਜ਼ਲ ਲੈਣ ਲਈ ਕਿਤੇ ਨਾ ਪਵੇ ਜਾਣਾ ,
ਪਿੰਡ ‘ਚ ਹੋਵੇ ਪੰਚਾਇਤ ਦਾ ਪੰਪ ਯਾਰੋ ।
ਸਾਂਝਾ ਪਿੰਡ ਦਾ ਸੋਲਰ ਪਲਾਂਟ ਹੋਵੇ  ,
ਸੂਰਜ ਦੇਵਤਾ ਮੁਫ਼ਤ ਵਿੱਚ ਵੰਡੇ ਬਿਜਲੀ ;
ਨਾ ਕੋਈ ਮੀਟਰ ਤੇ ਨਾ ਕੋਈ ਬਿਲ ਆਵੇ ,
ਨਾ ਹੀ ਕਿਸੇ ਨੂੰ ਲੱਗੇ ਕਰੰਟ ਯਾਰੋ  ।
ਸਰਵ ਸੰਮਤੀ ਨਾਲ਼ ਪੰਚਾਇਤ ਚੁਣੀਏਂ ,
ਨਾਲ਼ ਯੂਥ ਕਲੱਬਾਂ ਦਾ ਸਾਥ ਹੋ ਜਾਏ ;
ਗੱਡੀ ਜ਼ਿੰਦਗੀ ਦੀ ਚੱਲੇ ਸਮਤੋਲ ਹੋ ਕੇ ,
ਰਾਹ ਦੇ ਵਿੱਚ ਨਾ ਰਹੇ ਕੋਈ ਹੰਪ ਯਾਰੋ  ।
ਔਰਤ ਮੈਂਬਰਾਂ ਆਪ ਹੀ ਕਰਨ ਪੰਚੀ ,
ਪਤੀ , ਪੁੱਤਰ ਨਾ ਉਹਨਾਂ ਦੀ ਥਾਂ ਹੋਵੇ ;
ਪੜ੍ਹੀਆਂ ਲਿਖੀਆਂ ਨਾਰੀਆਂ ਹੋਣ ਸ਼ਾਮਲ,
ਆਪੇ ਮਿਟਣਗੇ ਕਈ ਕਲੰਕ ਯਾਰੋ  ।
ਬਣੀ ਹੋਵੇ ਕਮੇਟੀ ਇੱਕ ਸਿਆਣਿਆਂ ਦੀ,
ਉਨ੍ਹਾਂ ਕੋਲ਼ੋਂ ਵੀ ਲਈ ਸਲਾਹ ਜਾਵੇ  ;
ਮਸਲੇ ਪਿੰਡ ਦੇ ਪਿੰਡ ਵਿੱਚ ਹੱਲ ਹੋਵਣ ,
ਨਾ ਹੀ ਕਿਸੇ ਦੇ ਆਉਂਣ ਵਾਰੰਟ ਯਾਰੋ ।
ਪਿੰਡ ਵਿੱਚ ਬਾਰ੍ਹਵੀਂ ਤੱਕ ਸਕੂਲ ਹੋਵੇ ,
ਹਸਪਤਾਲ ਦਵਾਈਆਂ ਸਮੇਤ ਹੋਵੇ  ;
ਬਦਲ ਜਾਵੇ ਤਸਵੀਰ ਪਿੰਡ ਰੰਚਣਾਂ ਦੀ ,
ਉੱਸਰ ਜਾਵੇ ਇੱਕ ਨਵਾਂ ਹੀ ਮੰਚ ਯਾਰੋ ।
ਗ੍ਰਾਮ ਸਭਾ ਅਮਲ ਵਿੱਚ ਲਿਆਉਂਣ ਖ਼ਾਤਰ,
ਸਾਰੇ ਪਿੰਡਾਂ ਦਾ ਪੂਰਾ ਸਹਿਯੋਗ ਹੋਵੇ  ;
ਹੌਲ਼ੀ ਹੌਲ਼ੀ ਫਿਰ ਬਦਲ ਨੁਹਾਰ ਜਾਵੇ ,
ਆਉਂਣ ਸੌ ‘ਚੋਂ ਨੜਿੰਨਵੇਂ ਅੰਕ ਯਾਰੋ  ।
ਆ ਜਾਣ ਸੌ ‘ਚੋਂ ਨੜਿੰਨਵੇਂ ਅੰਕ ਯਾਰੋ ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਤੇ ਵੈਟ ਲਗਾਉਣ ਦੀ ਭਾਕਿਯੂ ਪੰਜਾਬ ਵੱਲੋਂ ਨਿਖੇਦੀ ਰਕਾਰ ਹਲਾਤਾਂ ਨੂੰ ਸਮਝੇ- ਸੰਧੂ, ਬਾਜਵਾ 
Next articleਸਾਂਸਦ ਕੁਲਦੀਪ ਸਿੰਘ ਦਾ ਯੂ ਕੇ ਪਹੁੰਚਣ ਤੇ ਜ਼ੋਰਦਾਰ ਸਵਾਗਤ