“ਆਓ ਸੱਜਣੋ”

ਸੰਦੀਪ ਸਿੰਘ "ਬਖੋਪੀਰ"

(ਸਮਾਜ ਵੀਕਲੀ)

ਆਓ ਸੱਜਣੋ ਸਾਥ ਨਿਭਾਈਏ,
ਔਖਾਂ ਦੇ ਵਿੱਚ ਸਾਂਝਾ ਪਾਈਏ।
ਬੇ-ਘਰ ਹੋਏ ਭੈਣਾਂ ਵੀਰੇ,
ਆਓ ਉਹਨਾਂ ਲਈ ਛੱਤ ਬਣਾਈਏ।
ਬੁੱਢੇ ,ਬੱਚੇ ਭੁੱਖਣ ਭਾਣੇ,
ਆਓ ਉਹਨਾਂ ਤੱਕ ਅੰਨ ਪਹੁੰਚਾਈਏ।
ਮੱਝੀਆਂ ਗਾਂਵਾਂ ਭੁੱਖੀਆਂ ਵਿਲਕਣ,
ਆਓ ਉਹਨਾਂ ਤੱਕ‌ ਕੱਖ ਪਹੁੰਚਾਈਏ।
‌ਲੋਕੀਂ ਬਿਜਲੀ, ਵਾਜੋਂ ਸੱਖਣੇ,
ਦੀਵੇ ਰੱਖ ਦਹਿਲੀਜੇ ਆਈਏ।
ਕੱਪੜੇ ਲੀੜੇ ਦੀ ਹੈ ਤੰਗੀ,
ਸਿਰ ਤੇ ਤਨ ਆਓ ਢੱਕਣ ਜਾਈਏ।
ਵਿੱਚ ਮੁਸੀਬਤ ਡੁੱਬੇ ਜਿਹੜੇ,
ਹਰ ਇੱਕ ਜੀਅ ਲਈ‌‌ ਖੈਰ ਮਨਾਈਏ।
ਡੁੱਬਿਆ ਜਾਂਦਾ ਦਿਸਜੇ ਕੋਈ,
ਕੋਸ਼ਿਸ਼ਾਂ ਕਰਕੇ ਜਾਨ ਬਚਾਈਏ।
ਕਿੱਥੋਂ -ਕਿੱਥੋਂ ਸੜ੍ਹਕਾਂ ਟੁੱਟੀਆਂ,
ਆਓ ਲੋਕਾਂ ਨੂੰ ਦੱਸਣ ਜਾਈਏ।
ਆਟਾ, ਦਾਲਾਂ,ਰਸਤਾਂ ਇਕੱਠੀਆਂ,
ਆਓ ਪਿੰਡਾਂ ਚੋਂ ਕਰ ਲਿਆਈਏ।
ਰੋਗੀਆਂ, ਜ਼ਖ਼ਮੀਆਂ ਤਾਂਈ ਚੁੱਕੀਏ,
ਡਾਕਟਰਾਂ ਕੋਲੇ ਝੱਟ‌ ਪਹੁੰਚਾਈਏ।
ਮਹਾਂਮਾਰੀ ਨਾ ਫੈਲੇ ਕੋਈ,
ਡੰਗਰ-ਪਸੂਆਂ ਨੂੰ ਦਫ਼ਨਾਈਏ।
ਟੁੱਟੇ ਬੰਨ੍ਹਾਂ ਤਾਈਂ ਮਿੱਤਰੋ,
ਇਕੱਠੇ ਹੋ ਆਓ ਨੱਕੇ ਲਾਈਏ।
ਗੁਰੂ ਘਰਾਂ ਚੋਂ ਲੰਗਰ ਪਾਣੀ,
ਸੰਗਤਾਂ ਨੂੰ ਆਓ ਵੰਡਣ ਜਾਈਏ।
ਜੋੜ ਟਰੈਕਟਰ ਅਤੇ ਟਰਾਲੀ,
ਦੁੱਧ ਪਾਣੀ ਆਓ ਵੰਡਣ ਜਾਈਏ।
ਜਿਸ ਤੋਂ ਜਿੰਨ੍ਹਾਂ-ਜਿੰਨ੍ਹਾਂ ਸਰਦਾ,
ਤਿਲ਼ ਫੁੱਲ ਸਾਰੇ ਸਾਥ ਨਿਭਾਈਏ।
ਦੁਖੀਆਂ ਦੀ ਆਓ ਮੱਦਦ‌ ਕਰਕੇ,
ਜ਼ਖ਼ਮਾਂ ਉੱਤੇ ਮੱਲ੍ਹਮ ਲਾਈਏ।
ਫ਼ਸਲਾਂ,ਸਣੇ ਪਨੁਰੀ ਡੁੱਬੀਆਂ,
ਉਹਨਾਂ ਦਾ ਵੀ ਹੱਥ ਵਟਾਈਏ।
ਮੱਝੀਆਂ ਗਾਂਵਾਂ ਰੁਲੀਆਂ ਜੋ ਵੀ,
ਉਹਨਾਂ ਨੂੰ ਵੀ ਲੱਭਣ ਜਾਈਏ।
ਕੱਚੀਆਂ ਇੱਟਾਂ ਡੁੱਬੀਆਂ ਜੋ‌ ਵੀ,
ਉਹਨਾਂ ਦੇ ਵੀ ਹੱਕ ਦਵਾਈਏ।
ਝੁੱਗੀਆਂ ਸਣੇ ਸਮਾਨੇ ਡੁੱਬੀਆਂ
ਹੱਕ ਉਹਨਾਂ ਦੇ ਮੰਗਣ ਜਾਈਏ।
ਜਿਨ੍ਹਾਂ ਦੇ ਕੱਚੇ ,ਪੱਕੇ ਢਹਿ ਗਏ,
ਆਓ ਉਹਨਾਂ ਦੇ ਘਰ ਬਣਾਈਏ।
ਨਿੱਕੇ ਵੱਡੇ ਰੁੜ੍ਹ ਗਏ ਜੋ ਵੀ,
ਆਓ ਉਹਨਾਂ ਲਈ ਸੋਗ ਮਨਾਈਏ।
ਬੱਦਲ ਹੁਣ ਨਾ ਮੀਂਹ ਵਰਸਾਵਣ,
ਆਓ ਰੱਬ ਤੋਂ ਖੈਰ ਮਨਾਈਏ।
ਭਾਰੀ ਘਾਟੇ ਜਰ ਜਾਣ ਲੋਕੀਂ,
ਅਰਦਾਸ ਗੁਰੂ ਨੂੰ ਕਰਕੇ ਆਈਏ।
ਫਿਰ ਤੋਂ ਘਰਾਂ ਨੂੰ ਪਰਤਣ ਲੋਕੀਂ,
ਆਓ ਗੁਰਾਂ ਨੂੰ ਸੀਸ ਝੁਕਾਈਏ।
ਵਿਛੜੇ ਲੋਕੀਂ ਆਵਣ ਮੁੜਕੇ,
ਵਿਛੜਿਆਂ ਦੀ ਖੈਰ ਮਨਾਈਏ।
ਦਾਤਾ ਇੰਝ ਨਾ ਕਹਿਰ ਕਮਾਈ,
ਸਭਨਾਂ ਦੀ ਆਓ ਖੈਰ ਮਨਾਈਏ।
ਸੁੱਖ ਦੀ ਨੀਂਦਰ ਸੌਂਦੇ ਸੌਂਦੇ,
ਦਾਤਾ ਜੀ ਨੂੰ ਭੁੱਲ ਨਾ ਜਾਈਏ।
ਸੰਦੀਪ ਜੇ‌ ਸੁੱਖ‌ ਨਾਲ ਹੈ ਜੀਣਾ,
ਸਭਨਾਂ ਦੀ ਆਓ ਖੈਰ ਮਨਾਈਏ।
ਆਓ ਸੱਜਣੋ ਸਾਥ ਨਿਭਾਈਏ,
ਔਖਾਂ ਦੇ ਵਿੱਚ ਸਾਂਝਾ ਪਾਈਏ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleUN considers Syrian offer to use border crossing for aid delivery
Next articleਸ਼ੁਭ ਸਵੇਰ ਦੋਸਤੋ,