(ਸਮਾਜ ਵੀਕਲੀ)
ਸਾਹਿਤ ਦਾ ਵਹਾਅ ਸਮੁੰਦਰ ਦੀ ਤਰਾਂ ਹੈ,ਜੋ ਨਿਰੰਤਰ ਵਗਦਾ ਹੈ, ਸਮੁੰਦਰ ਦੀ ਵੀ ਆਪਣੀ ਦੁਨੀਆਂ ਹੁੰਦੀ ਹੈ,ਜਿਸ ਵਿੱਚ ਨਿੱਕੇ ਵੱਡੇ ਖਿਆਲਾਂ ਦੀਆ ਲਹਿਰਾਂ ਹਮੇਸ਼ਾ ਵਗਦੀਆਂ ਰਹਿੰਦੀਆਂ ਹਨ।ਕਲਮ ਦੇ ਜ਼ਰੀਏ ਆਪਣੇ ਹਾਵ -ਭਾਵ ਉਜਾਗਰ ਕਰਨੇ ਕਵੀਆਂ ਕੋਲ ਰੱਬੀ ਤੋਹਫ਼ਾ ਹੁੰਦਾ ਹੈ।
ਪੰਜਾਬੀ ਸਾਹਿਤ ਦੇ ਪਰਿਵਾਰ ਵਿੱਚ ਸਰਬਜੀਤ ਕੌਰ ਹਾਜੀਪੁਰ ਨਾਮਿਕ ਕਵਿੱਤਰੀ ਜੋ ਪਿਛਲੇ ਕੁਝ ਸਮੇਂ ਤੋਂ ਫੇਸਬੁੱਕ ਤੇ ਕਵਿਤਾਵਾਂ, ਕਹਾਣੀਆਂ ਰਾਹੀਂ ਆਪਣੇ ਦਿਲ ਦੇ ਹਾਵ-ਭਾਵ ਤੇ ਦੇਸ਼ ਵਿੱਚ ਵਿਚਰ ਰਹੀਆਂ ਘਟਨਾਵਾਂ ਨੂੰ ਆਪਣੇ ਲਫ਼ਜ਼ਾਂ ਰਾਹੀਂ ਕਲਮਬੰਦ ਕਰਦੀ ਹੈ ,ਅੱਜ ਉਹ ਕਿਸੇ ਵੀ ਜਾਣ ਪਹਿਚਾਣ ਦੀ ਮੁਥਾਜ ਨਹੀਂ, ਪਿਛਲੇ ਦਿਨੀ ਉਨਾਂ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ “”ਦਿਲ ਦੀਆ ਆਖ ਸੁਣਾਵਾਂ”” ਰਾਹੀ ਚੰਗੀ ਹਾਜ਼ਰੀ ਲਵਾਈ!!
ਇਸ ਸਾਹਿਤਕਾਰ ਦਾ ਜਨਮ ਆਪਣੇ ਨਾਨਕੇ ਪਿੰਡ ਸੋਹਲਜਗੀਰ(ਜਲੰਧਰ) ਮਾਤਾ ਬਲਵੀਰ ਕੌਰ ਦੀ ਕੁੱਖੋਂ ਹੋਇਆ ਇਹਨਾਂ ਦੇ ਪਿਤਾ ਜੀ ਦਾ ਨਾਮ ਸ.ਰਸ਼ਪਾਲ ਸਿੰਘ ਸੈਂਹਬੀ ਸੀ। ਆਪਣੇ ਪਰਿਵਾਰ ਵਿੱਚ ਸਰਬਜੀਤ ਆਪਣੀਆਂ ਦੋ ਭੈਣਾਂ ਨਾਲੋਂ ਵੱਡੀ ਤੇ ਆਪਣੇ ਭਰਾ ਨਾਲੋਂ ਛੋਟੀ ਹੈ।ਇਹਦਾ ਦਾ ਬਚਪਨ ਪਿੰਡ ਬਾਹਮਣੀਆਂ ਵਿਖ਼ੇ ਬਤੀਤ ਹੋਇਆ ਜਿਸ ਨੂੰ ਆਪਣਾ ਪੇਕਾ ਪਿੰਡ ਕਹਿੰਦੇ ਹਾਂ,ਇਹਨਾਂ ਨੇ ਆਪਣੇ ਬਚਪਨ ਦੇ 3 ਸਾਲ ਆਪਣੀ ਵੱਡੀ ਭੂਆ ਜੀ ਦੇ ਪਿੰਡ ਜਕੋਪੁਰ ਬਤੀਤ ਕੀਤੇ ਇਹਨਾਂ ਦੀ ਪ੍ਰਾਇਮਰੀ ਦੀ ਪੜ੍ਹਾਈ ਬੇਸ਼ੱਕ ਬਾਹਮਣੀਆਂ ਪਿੰਡ ਤੋਂ ਸ਼ੁਰੂ ਹੋਈ ਸੀ ਪਰ ਪੂਰੀ ਇਹਨਾਂ ਨੇ ਜਕੋਪੁਰ ਜਾ ਕੀਤੀ। ਇਹਨਾਂ ਨੇ ਸ. ਸੀ. ਸੈ. ਸਕੂਲ ਬਾਜਵਾ ਕਲਾਂ ਤੱਕ ਆਪਣੀ ਪੜ੍ਹਾਈ ਪੂਰੀ ਕੀਤੀ।ਪਿਤਾ ਦੇ ਬਿਮਾਰ ਹੋਣ ਕਾਰਣ ਇਹ ਅੱਗੇ ਨਾ ਪੜ੍ਹ ਸਕੀ.. ਘਰੇਲੂ ਤੰਗੀਆਂ ਨੇ ਇਸ ਨੂੰ ਵਿਦਿਆ ਦੀ ਪੌੜੀ ਤੂੰ ਲਾਹ ਕੇ ਵਿਆਹ ਦੇ ਬੰਧਨ ਵਿੱਚ ਬੰਨ ਦਿੱਤਾ। ਇਹਨਾਂ ਦਾ ਵਿਆਹ ਸਤਨਾਮ ਸਿੰਘ ਦੇ ਨਾਲ ਪਿੰਡ ਹਾਜੀਪੁਰ (ਸਲੈਚਾਂ) ਵਿੱਚ ਹੋਇਆ।ਇਹਨਾਂ ਦੇ ਘਰ ਦੋ ਪੁੱਤਰ ਹੋਏ ਇਹ ਅੱਜ ਵੀ ਸਾਂਝੇ ਪਰਿਵਾਰ ਵਿੱਚ ਰਹਿ ਰਹੇ ਹਨ ਜਿਨ੍ਹਾਂ ਵਿੱਚ ਇਹਨਾਂ ਦੇ ਸੱਸ ਮਾਂ, ਜੇਠ, ਜੇਠਾਣੀ ਉਹਨਾਂ ਦੇ ਤਿੰਨ ਬੱਚੇ ਅਤੇ ਸਰਬਜੀਤ ਦੇ ਪਤੀ ਨਾਲ ਦੋ ਬੱਚੇ ਹਨ।
ਸਰਬਜੀਤ ਨੇ ਸਾਹਿਤ ਦੇ ਖੇਤਰ ਵਿੱਚ ਪਹਿਲਾਂ ਕਦਮ 10ਵੀਂ ਜਮਾਤ ਵਿੱਚ ਪੜਦੇ ਹੀਂ ਪੁੱਟ ਲਿਆ ਸੀ। ਵਿਆਹ ਤੋਂ ਬਾਦ 2-3 ਸਾਲ ਕਲਮ ਬੰਦ ਰਹੀ ਪਰ ਅੰਦਰਲਾ ਕਵੀ ਸ਼ਾਂਤ ਨਹੀਂ ਸੀ ਰਹਿੰਦਾ ਉਹ ਚੋਰੀ ਲਿਖਦੀ ਤੇ ਡਾਇਰੀ ਲਕੋ ਦਿੰਦੀ | ਉਸਨੂੰ ਲੱਗਦਾ ਸੀ ਉਸਦੇ ਇਸ ਸ਼ੌਂਕ ਨੂੰ ਕੋਈ ਨਹੀਂ ਸਮਝੇਗਾ ਪਰ ਇੱਕ ਦਿਨ ਅਚਾਨਕ ਉਹ ਡਾਇਰੀ ਉਸਦੇ ਪਤੀ ਦੇ ਹੱਥ ਲੱਗ ਗਈ ਫੇਰ ਉਹਨਾਂ ਦੇ ਦਿੱਤੇ ਹੋਂਸਲੇ ਨੇ ਅੱਜ ਸਰਬਜੀਤ ਕੌਰ ਹਾਜੀਪੁਰ ਨੂੰ ਇਥੇ ਆ ਗਈ ਇਸ ਭੈਣ ਦੀਆਂ ਰਚਨਾਵਾਂ ਫੇਸਬੁੱਕ ਵਿੱਚ ਵੇਖੀਆਂ ਬੇਹੱਦ ਸਲਾਹੁਣਯੋਗ ਹਨ।
1.ਚਲ ਸਰਬ ਕੁਝ ਐਸਾ ਲਿਖੀਏ
ਜਗ ਇੱਕ-ਦੂਜੇ ਨੂੰ ਦੱਸੇ…
ਗਮ ਤੇ ਪੀੜਾਂ ਪਾਸੇ ਰੱਖ ਕੇ
ਇਹ ਸਾਰੀ ਦੁਨੀਆਂ ਹੱਸੇ!!
………….
ਚਲ ਸਰਬ ਹੁਣ ਛੱਡ ਦੇ ਅੜੀਆਂ
ਕਿਸੇ ਨਾਲ ਤੇਰੇ ਨਹੀਂ ਤੁਰਨਾ..
ਓਸ ਦੁਨੀ ਵਿੱਚ ਜਾ ਤੂੰ ਵਸਣਾ
ਜਿਥੋਂ ਫੇਰ ਕਦੇ ਨਾ ਮੁੜਨਾ!!
……………
ਚਲ ਸਰਬ ਕੁਝ ਖੱਟੀ ਖਟਲੇ
ਕਰਲੇ ਨੇਕ ਕਮਾਈਆਂ…
ਛੱਡ ਗਿਲੇ-ਸ਼ਿਕਵੇ ਤੇ ਰੋਸੇ,
ਤੁਰ ਜਾਣਾ ਪਾ ਜੁੱਦਾਈਆਂ!!
2.ਰੀਝਾਂ ਨੇ ਤਾਂ ਰੌਲਾ ਪਾਉਣਾ
ਤੇਰਾ ਕੰਮ ਆ ਰੀਝ ਪਗਾਉਣਾ!!
ਆਪਣੇ ਲਈ ਵੀ ਜੀਅ ਲਿਆ ਕਰ
ਉਦੜੇ ਜਖਮਾਂ ਨੂੰ ਸੀਂ ਲਿਆ ਕਰ!!
ਹੁੰਦੇ ਰਹਿਣੇ ਗਿੱਲੇ,ਸ਼ਿਕਵੇ, ਟੋਕਾਂ
ਅਜੇ ਬੜਾ ਕੁੱਝ ਕਹਿਣਾ ਲੋਕਾਂ!!
ਬੀਬਾ ਜੀ ਦੀ ਇੱਕ ਕਿਤਾਬ ਛਪੀ”ਦਿਲ ਦੀਆਂ ਆਖ ਸੁਣਾਵਾਂ” ਫੇਸਬੁੱਕ ਵਿੱਚ ਇਨ੍ਹਾਂ ਦੀਆਂ ਮੈਂ ਰਚਨਾਵਾਂ ਪੜ੍ਹਦਾ ਹੀ ਰਹਿੰਦਾ ਸੀ ਤੇ ਕਿਤਾਬ ਮੰਗਵਾ ਲਈ ਪੜ੍ਹ ਕੇ ਪਤਾ ਲੱਗਿਆ,ਕੇ ਇਨ੍ਹਾਂ ਦੀ ਸਾਰਥਿਕ ਕਲਮ ਸੋਸਲ ਮੀਡੀਆ ਲਈ ਨਹੀਂ ਇਹ ਅਖ਼ਬਾਰਾਂ ਵਿੱਚ ਛਪ ਕੇ ਸਮੂਹ ਪੰਜਾਬੀ ਜਗਤ ਦੇ ਸਾਹਮਣੇ ਜਾਣੀ ਚਾਹੀਦੀ ਹੈ ਮੈਂ ਇਨ੍ਹਾਂ ਨੂੰ ਕਿਹਾ ਤੁਸੀਂ ਰਚਨਾਵਾਂ ਮੈਨੂੰ ਈ ਮੇਲ ਰਾਹੀਂ ਭੇਜੋ ਅਖ਼ਬਾਰਾਂ ਵਿਚ ਛਪਵਾਉਣੀਆਂ ਹਨ,ਭੈਣ ਬਹੁਤ ਖ਼ੁਸ਼ ਹੋਈ ਜਦੋਂ ਮੈਨੂੰ ਇਹ ਸ਼ਬਦ ਬੋਲੇ ਮੈਨੂੰ ਅੱਜ ਕੋਈ ਮੇਰਾ ਵੀਰ ਮਿਲਿਆ ਹੈ, ਜਿਸ ਨੇ ਮੇਰੀ ਕਲਮ ਤੇ ਮੇਰੀ ਸੋਚ ਨੂੰ ਪਹਿਚਾਣਿਆ ਹੈ।ਹੁਣ ਇਨ੍ਹਾਂ ਦੀਆਂ ਰਚਨਾਵਾਂ ਸਮਾਜ ਵੀਕਲੀ,ਡੇਲੀ ਹਮਦਰਦ, ਬੀ ਟੀ ਟੀ ਨਿਊਜ਼,ਵਰਲਡ ਪੰਜਾਬੀ ਟਾਈਮਜ਼,ਪੰਜਾਬੀ ਟਾਈਮਜ਼ ਯੂ ਕੇ,ਪੰਜਾਬੀ ਸਾਂਝ,ਸਾਡੇ ਲੋਕ, ਇੰਟਰਨੈਸ਼ਨਲ ਪੰਜਾਬੀ ਟਿ੍ਬਿਊਨ ਤੇ ਹੋਰ ਅਨੇਕਾਂ ਅਖ਼ਬਾਰਾਂ ਵਿੱਚ ਛਪ ਰਹੀਆਂ ਹਨ।ਇਨ੍ਹਾਂ ਦੀ ਕਲਮ ਦੀ ਇਕ ਕਮਾਲ ਹੋਰ ਵੇਖੀ ਮੈਂ ਕਿਹਾ ਭੈਣ ਜੀ ਤੁਸੀਂ ਵਾਰਤਕ ਵੀ ਬਹੁਤ ਵਧੀਆ ਲਿਖ ਸਕਦੇ ਹੋ ਤਾਂ ਇਨ੍ਹਾਂ ਨੇ ਅਜਿਹੇ ਲੇਖ ਲਿਖੇ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਹਾਮੀ ਭਰਦੇ ਹਨ।
ਆਪਣੇ ਕਾਰੋਬਾਰ ਨੂੰ ਆਰਥਕ ਤੌਰ ਤੇ ਮਜ਼ਬੂਤ ਕਰਨ ਲਈ ਬੁਟੀਕ ਦਾ ਆਪਣੇ ਹੱਥੀਂ ਖ਼ੁਦ ਕੰਮ ਕਰਦੇ ਹਨ।ਇੱਕ ਇਨ੍ਹਾਂ ਨੇ ਮੈਨੂੰ ਬਹੁਤ ਸੋਹਣੀ ਗੱਲ ਦੱਸੀ ਕਿ ਮੈਨੂੰ ਲੋਕ ਕਹਿੰਦੇ ਹਨ ਕੀ ਤੁਸੀਂ ਪ੍ਰੋਫ਼ੈਸਰ ਜਾਂ ਹੋਰ ਕਿਸੇ ਅਹੁਦੇ ਤੇ ਨੌਕਰੀ ਕਰਦੇ ਹੋ।ਇਹ ਕਹਿੰਦੇ ਮੈਂ ਜਵਾਬ ਦਿੱਤਾ ਕਿ ਨੌਕਰੀ ਵਿੱਚ ਆਪਣੀ ਮਰਜ਼ੀ ਨਹੀਂ ਚਲਦੀ ਪੰਜਾਬੀ ਦੀ ਕਹਾਵਤ ਹੈ “ਨੌਕਰੀ ਤੇ ਨਖ਼ਰਾ ਕੀ”ਮੈਂ ਆਪਣੇ ਹੱਥੀਂ ਮਿਹਨਤ ਕਰਦੀ ਹਾਂ ਜਦੋਂ ਦਿਲ ਕਰਦਾ ਹੈ ਆਪਣੇ ਕੰਮ ਲਈ ਮਸ਼ੀਨ ਚਾਲੂ ਕਰ ਲਓ ਘਰ ਦਾ ਕੰਮਕਾਰ ਕਰੋ ਤੇ ਅੰਦਰੋਂ ਕੋਈ ਆਵਾਜ਼ ਉੱਠੀ ਤਾਂ ਕਲਮ ਚੁੱਕ ਲੈਂਦੀ ਹਾਂ।ਆਪਣੇ ਭੈਣਾਂ ਭਰਾਵਾਂ ਨੂੰ ਇਸ ਲੇਖਕ ਤੇ ਹੱਥੀਂ ਕਿਰਤ ਕਰਨ ਵਾਲੀ ਭੈਣ ਤੋਂ ਸਿੱਖਣਾ ਚਾਹੀਦਾ ਹੈ,ਪੜ੍ਹਾਈ ਨੌਕਰੀ ਜਾਂ ਵਿਦੇਸ਼ਾਂ ਵਿੱਚ ਜਾਣ ਲਈ ਨਾ ਕਰੋ ਆਪਣਾ ਕਰਮ ਆਪਾਂ ਖ਼ੁਦ ਸਿਰਜ ਸਕਦੇ ਹਾਂ।ਜਿਸ ਤਰ੍ਹਾਂ ਇਨ੍ਹਾਂ ਦੀ ਕਲਮ ਚੱਲ ਰਹੀ ਹੈ ਉਹ ਦਿਨ ਦੂਰ ਨਹੀਂ ਜਦੋਂ ਉਹ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਆ ਕੇ ਖਡ਼੍ਹੇ ਹੋਣਗੇ- ਆਮੀਨ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly