ਬੱਸ ਤੇ ਕਾਰ ਦਰਮਿਆਨ ਟੱਕਰ; 5 ਹਲਾਕ

ਮੋਗਾ (ਸਮਾਜ ਵੀਕਲੀ): ਮੁੱਖ ਅੰਸ਼ ਸੰਘਣੀ ਧੁੰਦ ਕਰਕੇ ਵਾਪਰਿਆ ਹਾਦਸਾ; ਪੱਟੀ ਸ਼ਹਿਰ ਅੰਦਰ ਸੋਗ ਦੀ ਲਹਿਰ ਇਥੇ ਮੋਗਾ-ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹੱਦ ’ਤੇ ਕੋਟ ਈਸੇ ਖਾਂ-ਮੱਖੂ ਰੋਡ ਉੱਤੇ ਪੈਂਦੇ ਪਿੰਡ ਮੱਲੂਬਾਣੀਆਂ ਕੋਲ ਅੱਜ ਸਵੇਰੇ 8 ਵਜੇ ਦੇ ਕਰੀਬ ਪਨਬੱਸ ਤੇ ਸਵਿਫ਼ਟ ਕਾਰ ਦੀ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਦੋ ਸਕੇ ਭਰਾਵਾਂ ਸਮੇਤ ਪਰਿਵਾਰ ਦੇ 5 ਜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਗਈਆਂ। ਪੁਲੀਸ ਦੀ ਮੁੱਢਲੀ ਤਫ਼ਤੀਸ਼ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਮ੍ਰਿਤਕਾਂ ’ਚ ਗਰਭਵਤੀ ਮਹਿਲਾ ਵੀ ਸ਼ਾਮਲ ਸੀ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੋਗਾ ਤੇ ਫ਼ਿਰੋਜ਼ਪੁਰ ਪੁਲੀਸ ਮੌਕੇ ਉੱਤੇ ਪੁੱਜ ਗਈਆਂ। ਪੁਲੀਸ ਨੇ ਟਹਿਲ ਸਿੰਘ ਵਾਸੀ ਤਰਨ ਤਾਰਨ ਦੇ ਬਿਆਨਾਂ ਉੱਤੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਬੱਸ ਚਾਲਕ ਹਾਦਸੇ ਮਗਰੋਂ ਫ਼ਰਾਰ ਹੋ ਗਿਆ। ਪੁਲੀਸ ਨੇ ਪਨਬੱਸ ਤੇ ਸਵਿਫ਼ਟ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਦੋਂਕਿ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਸੜਕੀ ਹਾਦਸੇ ਦੇ ਮ੍ਰਿਤਕਾਂ ਦੀਆਂ ਫਾਈਲ ਤਸਵੀਰਾਂ। ਮ੍ਰਿਤਕਾਂ ਦੀ ਪਛਾਣ ਅਰਵਿੰਦਰਜੀਤ ਸਿੰਘ (30), ਉਸ ਦੀ ਪਤਨੀ ਅਮਰਜੀਤ ਕੌਰ, ਰਣਜੀਤ ਸਿੰਘ (45), ਉਸ ਦੇ ਪੁੱਤਰ ਜਸ਼ਨਦੀਪ ਸਿੰਘ (19) ਅਤੇ ਭਰਾ ਪਰਦੀਪ ਸਿੰਘ (40) ਸਾਰੇ ਵਾਸੀ ਵਾਰਡ ਨੰਬਰ 8 ਪੱਟੀ ਵਜੋਂ ਹੋਈ ਹੈ। ਪੁਲੀਸ ਮੁਤਾਬਕ ਸਵਿਫ਼ਟ ਕਾਰ (ਪੀਬੀ 13 ਬੀਸੀ1964) ਨੂੰ ਅਰਵਿੰਦਰ ਸਿੰਘ ਚਲਾ ਰਿਹਾ ਸੀ। ਪੀੜਤ ਪਰਿਵਾਰਾਂ ਦੇ ਮੁਖੀ ਪੱਟੀ ਵਿੱਚ ਇਕੋ ਬਾਜ਼ਾਰ ’ਚ ਲਲਾਰੀ ਦਾ ਕੰਮ ਕਰਦੇ ਸਨ। ਉਹ ਬੀਤੇ ਦਿਨ ਲੁਧਿਆਣਾ ਕਿਸੇ ਕੰਮਕਾਰ ਲਈ ਗਏ ਸਨ। ਉਹ ਸਵੇਰੇ ਵਾਪਸ ਪੱਟੀ ਪਰਤ ਰਹੇ ਸਨ ਅਤੇ ਕੋਟ ਈਸੇ ਖਾਂ ਕੋਲ ਇਹ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਅਮਰਜੀਤ ਕੌਰ ਗਰਭਵਤੀ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਵੱਲੋਂ ਯੋਗੀ ਨੂੰ ਅਯੁੱਧਿਆ ਤੋਂ ਮੈਦਾਨ ’ਚ ਉਤਾਰਨ ਬਾਰੇ ਵਿਚਾਰਾਂ
Next articleਉੱਘੇ ਰਾਕੇਟ ਵਿਗਿਆਨੀ ਐੱਸ. ਸੋਮਨਾਥ ਇਸਰੋ ਦੇ ਮੁਖੀ ਨਿਯੁਕਤ