HOME ਕੌਫ਼ੀ ਵਿਦ ਗੁਰਪ੍ਰੀਤ ਆਰਟਿਸਟ।

ਕੌਫ਼ੀ ਵਿਦ ਗੁਰਪ੍ਰੀਤ ਆਰਟਿਸਟ।

   (ਸਮਾਜ ਵੀਕਲੀ)   “ਇਹ ਗੁਰਪ੍ਰੀਤ ਨਾਲ ਆਰਟਿਸਟ ਲਿਖਣਾ ਤੁਹਾਂਨੂੰ ਕਿਉਂ ਜਰੂਰੀ ਲੱਗਿਆ।” ਆਪਣੀ ਕੌਫ਼ੀ ਵਾਲ਼ੀ ਹੋਟ ਸੀਟ ਤੇ ਬੈਠਦੇ ਨੂੰ ਹੀ ਮੈਂ ਗੁਰਪ੍ਰੀਤ ਨੂੰ ਪੁੱਛਿਆ। ਕਿਉਂਕਿ ਉਹ ਮੇਰੀ ਅੱਜ ਦੀ ਕੌਫ਼ੀ ਵਿਦ ਦਾ ਮਹਿਮਾਨ ਸੀ। “ਹਾਂਜੀ ਸਰ ਗੁਰਪ੍ਰੀਤ ਨਾਮ ਦੇ ਬਹੁਤ ਲੋਕ ਹੁੰਦੇ ਹਨ ਤੇ ਆਪਣੀ ਪਹਿਚਾਣ ਦੱਸਣ ਲਈ ਮੈਂ ਗੁਰਪ੍ਰੀਤ ਆਰਟਿਸਟ ਲਿਖਦਾ ਹੈ।” ਉਸਨੇ ਬੜੇ ਸਧਾਰਨ ਜਿਹੇ ਢੰਗ ਨਾਲ ਜਵਾਬ ਦਿੱਤਾ। ਗੱਲ ਉਸਦੀ ਬਿਲਕੁਲ ਸਹੀ ਸੀ। ਬਠਿੰਡਾ ਵਾਲੇ Gurpreet Artist Bathinda  ਦਾ ਦਾਇਰਾ ਬਹੁਤ ਵਿਸ਼ਾਲ ਹੈ। ਉਹ ਕਿਸੇ ਇੱਕ ਕਲਾ ਦਾ ਧਾਰਨੀ ਨਹੀਂ। ਉਹ ਕਲਾਵਾਂ ਵਿੱਚ ਨਿਪੁੰਨ ਹੈ। ਇਹੋ ਜਿਹੀਆਂ ਸਖਸ਼ੀਅਤਾਂ ਨੂੰ ਮਲਟੀ ਟੈਲੇਂਟਡ ਕਹਿੰਦੇ ਹਨ। ਇਹ ਲੋਕ ਬਹੁਤ ਵਿਰਲੇ ਹੀ ਹੁੰਦੇ ਹਨ। ਇਹ ਲੋਕ ਕਲਾਕਾਰ ਹੋਣ ਦੇ ਨਾਲ ਨਾਲ ਜਨੂੰਨੀ ਵੀ ਹੁੰਦੇ ਹਨ। ਇਹ੍ਹਨਾਂ ਦਾ ਵਿਸ਼ੇਸ਼ ਔਰਾ ਹੁੰਦਾ ਹੈ।  ਕੈਨਵਸ ਤੇ ਆਪਣੀ ਕਲਾ ਪ੍ਰਗਟਾਵਾ ਕਰਨ  ਵਾਲੇ ਗੁਰਪ੍ਰੀਤ ਦੇ ਹੱਥਾਂ ਵਿੱਚ ਜਾਦੂ ਹੈ। ਕਿਸੇ ਚਿੱਤਰ ਨੂੰ ਬਣਾਉਣ ਲਈ ਉਹ ਕਈ ਕਈ ਮਹੀਨੇ ਤਪੱਸਿਆ ਕਰਦਾ ਹੈ ਤੇ ਫਿਰ ਹੀ ਸਫਲਤਾ ਹੱਥ ਆਉਂਦੀ ਹੈ ਤੇ  ਉਹ ਤਸਵੀਰ ਬੋਲਣ ਲੱਗਦੀ ਹੈ। ਫਾਈਨ ਆਰਟਸ ਦੀ ਉੱਚ ਤਲੀਮ ਹਾਸਿਲ ਕਰ ਚੁੱਕਿਆ ਗੁਰਪ੍ਰੀਤ ਕੋਈਂ ਪੱਚੀ ਸਾਲ ਸੇਂਟ ਜੋਸਫ ਸਕੂਲ ਵਿੱਚ ਬਤੌਰ ਟੀਚਰ ਆਪਣੀਆਂ ਸੇਵਾਵਾਂ ਦੇ ਚੁੱਕਿਆ ਹੈ। ਮਸ਼ਹੂਰ ਨਾਟਕਕਾਰ ਟੋਨੀ ਬਾਤਿਸ਼ ਨਾਲ ਦਸ ਸਾਲ ਲਗਾਤਾਰ ਨਾਟਕ ਕਰਨ ਵਾਲਾ ਗੁਰਪ੍ਰੀਤ ਇੱਕ ਵਧੀਆ ਸਟੇਜ ਐਕਟਰ ਅਤੇ ਅਦਾਕਾਰ ਹੈ। ਇਸ ਨੇ ਕਈ ਵੱਡੇ ਨਾਟਕਾਂ ਵਿੱਚ ਆਪਣੇ ਜੌਹਰ ਦਿਖਾਏ ਹਨ। ਬੇਸ਼ਕ ਹੁਣ ਇਹ ਨਾਟਕ ਨਹੀਂ ਕਰਦਾ ਪਰ ਨਾਟਕਾਂ ਵਾਲਾ ਕੀੜਾ ਮਰਦਾ ਵੀ ਤਾਂ ਨਹੀਂ।  ਬੁਰਸ਼ ਦੇ ਨਾਲ ਨਾਲ ਇਸਦੀ ਕਲਮ ਤੇ ਵੀ ਮਜਬੂਤ ਪਕੜ ਹੈ। ਸਾਹਿਤ ਨਾਲ ਜੁੜਿਆ ਗੁਰਪ੍ਰੀਤ ਜਿੰਨ੍ਹਾਂ ਲਿਖਦਾ ਹੈ। ਉਸ ਤੋੰ ਕਿਤੇ ਵੱਧ ਪੜ੍ਹਦਾ ਹੈ। ਸਾਹਿਤ ਪੜ੍ਹਨ ਵਾਲੇ ਦੀ ਸੋਚ ਵਿਸ਼ਾਲ ਹੋ ਜਾਂਦੀ ਹੈ। ਆਰਟਿਸਟ ਅਤੇ ਲੇਖਕ ਇੱਕ ਰਚਣਹਾਰਾ ਹੁੰਦਾ ਹੈ। ਉਹ ਆਪਣੀ ਸੋਚ ਨੂੰ ਕੈਨਵਸ ਕਾਗਜ਼ ਤੇ ਉਤਾਰਦਾ ਹੈ। ਗੁਰਪ੍ਰੀਤ   ਹੱਥ ਵਿੱਚ ਕੈਮਰਾ ਵੀ ਰੱਖਦਾ ਹੈ। ਫੋਟੋਗ੍ਰਾਫੀ ਵਿੱਚ ਉਸਨੂੰ ਮਕਬੂਲੀਅਤ ਹਾਸਿਲ ਹੈ। ਉਹ ਫੋਟੋਗ੍ਰਾਫੀ ਵਿੱਚ ਵੀ ਆਪਣਾ ਸਿੱਕਾ ਮਨਵਾ ਚੁੱਕਿਆ ਹੈ। ਉਸ ਦੀਆਂ ਖਿੱਚੀਆਂ ਫੋਟੋਆਂ ਬੋਲਦੀਆਂ ਹਨ। ਜਿੱਥੇ ਕਿਸਾਨ ਅੰਦੋਲਨ ਦੌਰਾਨ ਉਸ ਦੇ ਬਣਾਏ ਪੋਸਟਰਾਂ ਨੇ ਕਰੋੜਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਉਥੇ ਉਸ ਦੁਆਰਾ  ਕੈਮਰੇ ਨਾਲ ਲਈਆਂ ਤਸਵੀਰਾਂ ਨੇ ਵੀ ਆਪਣੀ ਜਗ੍ਹਾ ਬਣਾਈ ਹੈ। ਗੁਰਪ੍ਰੀਤ ਨੇ ਗੱਲਬਾਤ ਦੋਰਾਨ ਆਪਣੀਆਂ ਰੁਚੀਆਂ ਬਾਰੇ ਦੱਸਦੇ ਹੋਏ  ਨੇ ਕਿਹਾ ਕਿ ਉਸਨੂੰ ਘੁੰਮਣ ਫਿਰਨ ਦੇ ਨਾਲ ਨਾਲ ਹਾਈਕਿੰਗ, ਟਰੈਕਿੰਗ, ਰਾਫਟਿੰਗ ਦਾ ਸ਼ੋਂਕ ਹੈ। ਉਹ ਹਰ ਸਾਲ ਕਿਤੇ ਨਾ ਕਿਤੇ ਘੁੰਮਣ ਜਾਂਦਾ ਹੈ। ਪਹਾੜਾਂ, ਨਦੀ ਨਾਲਿਆਂ ਨਾਲ ਉਸਦਾ ਨੇੜਲਾ ਨਾਤਾ ਹੈ। ਉਹ ਭਾਰਤ ਦੇ ਹਰੇਕ ਸੂਬੇ ਅਤੇ ਸ਼ਹਿਰ ਘੁੰਮਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਇਹ ਬਾਹਰਲੇ ਮੁਲਕਾਂ ਦਾ ਹਵਾ ਪਾਣੀ ਵੀ ਚੈੱਕ ਕਰ ਚੁੱਕਿਆ ਹੈ। ਗੁਰਪ੍ਰੀਤ ਆਪਣੀ ਪ੍ਰਾਪਤੀਆਂ ਅਤੇ ਰੁਚੀਆਂ ਦਾ ਕਰੈਡਿਟ ਆਪਣੀ ਵੱਡੀ ਭੈਣ ਨੂੰ ਦਿੰਦਾ ਹੈ ਜੋ ਅੱਜਕਲ੍ਹ ਸ਼ਿਕਾਗੋ ਰਹਿੰਦੀ ਹੈ। ਗੁਰਪ੍ਰੀਤ ਸਰਗਮ ਨਾਮ ਦੀ ਬੇਟੀ ਅਤੇ ਕੁੰਵਰ ਜੈ ਸਿੰਘ ਨਾਲ ਦੇ ਬੇਟੇ ਦਾ ਬਾਪ ਹੈ। ਬੱਚਿਆਂ ਨੂੰ ਵੀ ਇਸਨੇ ਆਪਣੇ ਰੰਗ ਵਿੱਚ ਰੰਗ ਲਿਆ ਹੈ। ਜਿੱਥੇ ਬੇਟੀ ਵੀ ਖੂਬਸੂਰਤ ਚਿੱਤਰ ਬਣਾਉਂਦੀ ਹੈ ਉਥੇ ਘਰ ਦੀ ਅਮਿਤ ਸ਼ਾਹ ਵੀ ਬਾਹਰ ਨਾਲ ਘੁੰਮਣ ਜਾਂਦੀ ਹੈ ਅਤੇ ਇੱਕ ਸਫਲ ਹਮਸਫਰ ਦੀ ਭੂਮਿਕਾ ਨਿਭਾਉਂਦੀ ਹੈ। ਬੇਸ਼ਕ ਗੁਰਪ੍ਰੀਤ ਜਲਦੀ ਹੀ ਆਪਣੇ ਜੀਵਨ ਦੀ ਗੋਲਡਨ ਜੁਬਲੀ ਅਤੇ ਵਿਆਹ ਦੀ ਸਿਲਵਰ ਜੁਬਲੀ ਮਨਾਉਣ ਵੱਲ ਅੱਗੇ ਵੱਧ ਰਿਹਾ ਹੈ ਪ੍ਰੰਤੂ ਮੈਂ ਵੇਖਿਆ ਕਿ ਉਸਦਾ ਬਚਪਨ ਅਜੇ ਮਰਿਆ ਨਹੀਂ। ਉਹ ਬੱਚਿਆਂ ਵਾਲੇ ਅੰਦਾਜ਼ ਵਿੱਚ ਸਮਾਇਲ ਪਾਸ ਕਰਦਾ ਹੋਇਆ ਸਾਹਮਣੇ ਵਾਲੇ ਤੋਂ ਹੁੰਗਾਰਾ ਭਰਵਾਉਂਦਾ ਹੈ। ਸਮਾਜ ਵਿੱਚ ਇੱਕ ਬੁੱਧੀਜੀਵੀ ਵਜੋਂ ਵਿਚਰਨ ਵਾਲੇ ਗੁਰਪ੍ਰੀਤ ਵਿੱਚ ਕਈ ਵਾਰੀ ਇੱਕ ਬੱਚਾ ਨਜ਼ਰ ਆਉਂਦਾ ਹੈ। ਗੁਰਪ੍ਰੀਤ ਖਾਣ ਪੀਣ ਦੇ ਮਾਮਲੇ ਵਿੱਚ ਕਾਫੀ ਸਖਤ ਬੰਧਨ ਵਿੱਚ ਰਹਿੰਦਾ ਹੈ। ਉਹ ਬਿਨਾਂ ਦੁੱਧ ਤੇ ਮਿੱਠੇ ਵਾਲੀ ਕਾਲੀ ਕੌਫ਼ੀ ਦਾ ਸੇਵਨ ਕਰਦਾ ਹੈ। ਉਸਨੂੰ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਹੈ ਅਤੇ ਉਸ ਅਨੁਸਾਰ ਹੀ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਕਾਲਜ ਦੀ ਪੜ੍ਹਾਈ ਦੌਰਾਨ ਗੁਰਪ੍ਰੀਤ ਵਿਦਿਆਰਥੀ ਯੂਨੀਅਨ ਵਿੱਚ ਕਾਫੀ ਸਰਗਰਮ ਰਿਹਾ ਹੈ। ਅੱਜ ਕੱਲ੍ਹ ਲੋਕ ਹਿੱਤਾਂ ਦੀ ਪੈਰਵੀ ਕਰਦਾ ਹੋਇਆ ਬਠਿੰਡਾ ਦਾ ਬੱਸ ਅੱਡੇ ਦੀ ਸ਼ਿਫਟਿੰਗ ਦਾ ਵਿਰੋਧ ਕਰ ਰਹੇ ਜਨ ਸਮੂਹ ਵਿੱਚ ਐਕਟਿਵ ਭੂਮਿਕਾ ਨਿਭਾ ਰਿਹਾ ਹੈ। ਦੇਸ਼ ਵਿੱਚ ਸਿਆਸੀ ਬਦਲਾਵ ਲਿਆਉਣ ਲਈ ਗੁਰਪ੍ਰੀਤ ਆਮ ਆਦਮੀ ਪਾਰਟੀ ਲਈ ਵੀ ਜੀਅ ਤੋੜ ਕੰਮ ਕਰਦਾ ਰਿਹਾ ਹੈ ਪਰ ਲੱਗਦਾ ਹੈ ਹੁਣ ਇਸਦਾ ਉਸ ਅਖੌਤੀ ਬਦਲਾਅ ਤੋਂ ਮੋਂਹ ਭੰਗ ਹੋ ਗਿਆ ਹੈ। ਇਹ ਸੱਚ ਹੈ ਕਿ ਸਿਆਸਤ ਦੇ ਹਮਾਮ ਵਿੱਚ ਗੁਰਪ੍ਰੀਤ ਵਰਗੇ ਜਿੰਦਾ ਜ਼ਮੀਰ ਵਾਲੇ ਕਲਾਕਾਰਾਂ ਲਈ ਕੋਈਂ ਜਗ੍ਹਾ ਨਹੀਂ ਹੁੰਦੀ।  ਇਹ ਤਾਂ ਸ਼ੋਭਾ ਸਿੰਘ ਵਾੰਗੂ ਕਿਤੇ ਦੂਰ ਪਹਾੜੀਆਂ ਦੇ ਸ਼ਾਂਤ ਵਾਤਾਵਰਨ ਵਿੱਚ ਰੰਗ ਬਿਖੇਰਦੇ ਹੀ ਚੰਗੇ ਲੱਗਦੇ ਹਨ। ਊੰ ਗੱਲ ਆ ਇੱਕ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਸ਼ਕਤੀਸ਼ਾਲੀ ਹੋਮੀਓਪੈਥਿਕ ਦਵਾਈ AVENA SATIVA Q
Next articleਰਾਗੀ ਦੇ ਫਾਇਦੇ /ਡਾਕਟਰ ਇੰਦਰਜੀਤ ਕਮਲ