ਪੰਜਾਬ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ ਨੇ ਸੂਬੇ ਦੀ ਨੁਹਾਰ ਬਦਲੀ, ਹਰ ਵਰਗ ਤੱਕ ਪਹੁੰਚ ਰਿਹਾ ਹੈ ਮੁੱਖ ਮੰਤਰੀ ਮਾਨ ਦੇ ਫੈਸਲਿਆਂ ਦਾ ਲਾਭ: ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਹਿੱਤ ਵਿੱਚ ਕੀਤੇ ਜਾ ਰਹੇ ਲੋਕ-ਪੱਖੀ ਫੈਸਲਿਆਂ ਅਤੇ ਇਤਿਹਾਸਕ ਪ੍ਰਾਪਤੀਆਂ ‘ਤੇ ਮੋਹਰ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਨੇ ਦਹਾਕਿਆਂ ਤੱਕ ਪੰਜਾਬ ਨੂੰ ਲੁੱਟਿਆ ਅਤੇ ਲਵਾਰਿਸ ਛੱਡਿਆ, ਅੱਜ ਉਨ੍ਹਾਂ ਕੋਲ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਅੱਗੇ ਬੋਲਣ ਲਈ ਕੋਈ ਮੁੱਦਾ ਨਹੀਂ ਬਚਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਚੀ ਅਤੇ ਸਾਫ਼ ਨੀਅਤ ਨਾਲ ਕੰਮ ਕਰਦਿਆਂ ਪੰਜਾਬ ਵਿੱਚ ਉਹ ਕਮਾਲ ਕਰ ਦਿਖਾਇਆ ਹੈ, ਜਿਸ ਦੀ ਪਹਿਲੀਆਂ ਸਰਕਾਰਾਂ ਵੇਲੇ ਲੋਕ ਸਿਰਫ਼ ਕਲਪਨਾ ਹੀ ਕਰ ਸਕਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਬਿਨਾਂ ਕਿਸੇ ਪੱਖਪਾਤ ਦੇ ਸਰਕਾਰ ਦੀਆਂ ਨੀਤੀਆਂ ਦਾ ਸਿੱਧਾ ਲਾਭ ਉਠਾ ਰਿਹਾ ਹੈ, ਜਿਸ ਨਾਲ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਮੌਜੂਦਾ ਸਰਕਾਰ ‘ਤੇ ਹੋਰ ਜ਼ਿਆਦਾ ਪੱਕਾ ਹੋ ਗਿਆ ਹੈ। ਸਰਕਾਰ ਦੇ ਵੱਡੇ ਫੈਸਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਦੀਆਂ ਮਾਵਾਂ-ਭੈਣਾਂ ਨੂੰ 1000 ਤੋਂ 1500 ਰੁਪਏ ਹਰ ਮਹੀਨੇ ਦੇਣ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਹੈ, ਜਦਕਿ ਸਿਹਤ ਕ੍ਰਾਂਤੀ ਦੇ ਤਹਿਤ ਪੰਜਾਬ ਭਰ ਵਿੱਚ 990 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਿਰੋਲ ਮੈਰਿਟ ਦੇ ਆਧਾਰ ‘ਤੇ ਬਿਨਾਂ ਕਿਸੇ ਸਿਫ਼ਾਰਿਸ਼ ਜਾਂ ਰਿਸ਼ਵਤਖੋਰੀ ਦੇ 65,264 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਬਿਜਲੀ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਦਿਆਂ 90 ਫ਼ੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਲਈ ਖੇਤਾਂ ਵਾਸਤੇ ਦਿਨ ਵੇਲੇ ਬਿਜਲੀ, ਪਾਈਪਲਾਈਨਾਂ ਤੇ ਨਹਿਰੀ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਦਕਿ ਪਿੰਡਾਂ-ਸ਼ਹਿਰਾਂ ਵਿੱਚ 3,100 ਮਾਡਰਨ ਖੇਡ ਮੈਦਾਨ ਬਣਾ ਕੇ ਅਤੇ ਵਿਸ਼ਵ-ਪੱਧਰੀ ਸਰਕਾਰੀ ਸਕੂਲ ਸਥਾਪਤ ਕਰਕੇ ਸਿੱਖਿਆ ਤੇ ਖੇਡਾਂ ਨੂੰ ਨਵੀਂ ਉਡਾਣ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਉਂਦਿਆਂ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਨਾ ਕੋਈ ਦੇਰੀ ਹੁੰਦੀ ਹੈ ਅਤੇ ਨਾ ਹੀ ਰਿਸ਼ਵਤਖੋਰੀ। ਸੂਬੇ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਦੀ ਜੇਬ ‘ਤੇ ਪੈਣ ਵਾਲਾ ਡਾਕਾ ਰੋਕਣ ਲਈ 19 ਤੋਂ ਵੱਧ ਟੋਲ ਪਲਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ ਹਨ। ਅਮਨ-ਕਾਨੂੰਨ ਦੀ ਸਥਿਤੀ ਬਾਰੇ ਬੋਲਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਸਾਫ਼ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਗਠਨ ਨਾਲ ਜਿੱਥੇ ਕੀਮਤੀ ਜਾਨਾਂ ਬਚ ਰਹੀਆਂ ਹਨ, ਉੱਥੇ ਹੀ ਗੈਂਗਸਟਰਾਂ ‘ਤੇ ਤਿੱਖਾ ਵਾਰ ਕਰਕੇ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵੱਲ ਕਦਮ ਵਧਾਏ ਗਏ ਹਨ। ਉਨ੍ਹਾਂ ਚੁਣੌਤੀ ਭਰੇ ਲਹਿਜੇ ਵਿੱਚ ਕਿਹਾ ਕਿ ਜੋ ਵਿਰੋਧੀ ਅੱਜ ਝੂਠਾ ਪ੍ਰਚਾਰ ਕਰ ਰਹੇ ਹਨ, ਉਹ ਪੰਜਾਬ ਦੇ ਇਸ ਬਦਲਦੇ ਰੰਗ ਅਤੇ ਅਸਲ ਵਿਕਾਸ ਨੂੰ ਦੇਖ ਕੇ ਬੁਖ਼ਲਾਹਟ ਵਿੱਚ ਹਨ, ਕਿਉਂਕਿ ਮਾਨ ਸਰਕਾਰ ਦੇ ਇਨ੍ਹਾਂ ਲੋਕ-ਪੱਖੀ ਕੰਮਾਂ ਨੇ ਵਿਰੋਧੀਆਂ ਦੀਆਂ ਸਿਆਸੀ ਦੁਕਾਨਾਂ ‘ਤੇ ਹਮੇਸ਼ਾ ਲਈ ਜੰਦਰੇ ਲਗਾ ਦਿੱਤੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



