ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੀ.ਐਮ.ਆਈ.ਡੀ.ਸੀ ਵਲੋਂ ਪੰਜਾਬ ਦੇ ਸਾਰੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂ.ਐਲ.ਬੀ) ਵਿਚ ਸਵੱਛ ਭਾਰਤ ਮਿਸ਼ਨ ਤਹਿਤ ’ ਸਵੱਛਤਾ ਦੀ ਲਹਿਰ ’ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਨਿਰਧਾਰਤ ਸ਼ਡਿਊਲ ਅਨੁਸਾਰ ਸਾਰੇ ਸ਼ਹਿਰੀ ਲੋਕਲ ਬਾਡੀਜ਼ ਵਿਚ ਸਫ਼ਾਈ ਗਤੀਵਿਧੀਆਂ ਕਰਵਾਈਆ ਜਾ ਰਹੀਆ ਹਨ। ਇਸੇ ਕੜੀ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੀ ਕਮਿਸ਼ਨਰ ਅਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਸੰਯੁਕਤ ਕਮਿਸ਼ਨਰ ਸੰਦੀਪ ਕੁਮਾਰ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀ ਸਫਾਈ ਕੀਤੀ ਗਈ। ਨਿਗਮ ਦੇ ਸੈਨੀਟੇਸ਼ਨ ਵਿਭਾਗ ਵਲੋਂ ਸ਼ਹਿਰ ਦੇ ਸਾਰੇ ਪ੍ਰਮੁਖ ਐਂਟਰੀ ਮਾਰਗਾਂ ਜਿਵੇ ਕਿ ਟਾਂਡਾ ਰੋਡ, ਚਿੰਤਪੁਰਨੀ ਰੋਡ, ਜਲੰਧਰ ਰੋਡ, ਫਗਵਾੜਾ ਰੋਡ ਅਤੇ ਚੰਡੀਗੜ੍ਹ ਰੋਡ ’ਤੇ ਸਫ਼ਾਈ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਗਿਆ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣੇ ਹਲਕੇ ਨੂੰ ਸਾਫ਼-ਸੁਥਰਾ ਬਣਾਏ ਰੱਖਣ ਅਤੇ ਸੜਕਾਂ ’ਤੇ ਕੂੜਾ-ਕਰਕਟ ਨਾ ਸੁੱਟਣ ਲਈ ਜਾਗਰੂਕ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਹ ਮੁਹਿੰਮ 24 ਅਕਤੂਬਰ ਤੋਂ 7 ਨਵੰਬਰ 2024 ਤੱਕ ਚਲਾਈ ਜਾ ਰਹੀ ਹੈ, ਜਿਸ ਤਹਿਤ ਪ੍ਰਤੀ ਦਿਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸਫ਼ਾਈ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਨਾਲ ਹੀ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਉਠਾਏ ਜਾਣਗੇ। ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ। ਇਸ ਮੌਕੇ ਨਗਰ ਨਿਗਮ ਦੇ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly