ਲਖਨਊ (ਸਮਾਜ ਵੀਕਲੀ): ਗੈਂਗਸਟਰ ਵਿਕਾਸ ਦੂਬੇ ਮੁਕਾਬਲਾ ਕੇਸ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਕਮੇਟੀ ਨੇ ਪੁਲੀਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਕਮੇਟੀ ਨੇ ਕਿਹਾ ਕਿ ਗੈਂਗਸਟਰ ਦੀ ਮੌਤ ਨੂੰ ਲੈ ਕੇ ਪੁਲੀਸ ਵੱਲੋਂ ਦਿੱਤੇ ਬਿਆਨ ਸਬੂਤਾਂ ਨਾਲ ਮੇਲ ਖਾਂਦੇ ਹਨ। ਕਮਿਸ਼ਨ ਨੇ ਕਿਹਾ ਕਿ ਕਾਨਪੁਰ ਵਿੱਚ ਘਾਤ ਲਗਾ ਕੇ ਕੀਤੇ ਹਮਲੇ, ਜਿਸ ਵਿੱਚ ਅੱਠ ਪੁਲੀਸ ਮੁਲਾਜ਼ਮਾਂ ਦੀ ਜਾਨ ਜਾਂਦੀ ਰਹੀ ਸੀ, ਅਸਲ ਵਿੱਚ ਪੁਲੀਸ ਦੀ ‘ਮਾੜੀ ਯੋਜਨਾਬੰਦੀ’ ਦਾ ਨਤੀਜਾ ਸੀ। ਕਮਿਸ਼ਨ ਨੇ ਕਿਹਾ ਕਿ ਪੁਲੀਸ ਹਾਲਾਤ ਦੀ ਸਹੀ ਤਰੀਕੇ ਨਾਲ ਸਮੀਖਿਆ ਨਹੀਂ ਕਰ ਸਕੀ ਤੇ ਕਾਨਪੁਰ ਦਾ ਸਥਾਨਕ ਖੁਫੀਆ ਤੰਤਰ ‘ਪੂਰੀ ਤਰ੍ਹਾਂ ਨਾਕਾਮ’ ਰਿਹਾ ਸੀ। ਉਪਰੋਕਤ ਦਾਅਵਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਖੰਨਾ ਵੱਲੋਂ ਅੱਜ ਉੱਤਰ ਪ੍ਰਦੇਸ਼ ਅਸੈਂਬਲੀ ਵਿੱਚ ਰੱਖੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ, ‘‘ਦੂਬੇ ਮੁਕਾਬਲਾ ਕੇਸ ਵਿੱਚ ਜਿਨ੍ਹਾਂ ਸਬੂਤਾਂ ਦਾ ਹਵਾਲਾ ਦਿੱਤਾ ਗਿਆ ਹੈ, ਉਹ ਇਸ ਘਟਨਾ ਬਾਰੇ ਪੁਲੀਸ ਵੱਲੋਂ ਦਿੱਤੇ ਵੇਰਵਿਆਂ ਨਾਲ ਮੇਲ ਖਾਂਦੇ ਹਨ। ਪੁਲੀਸ ਮੁਲਾਜ਼ਮਾਂ ਨੂੰ ਲੱਗੀਆਂ ਸੱਟਾਂ, ਖੁ਼ਦ ਨਹੀਂ ਮਾਰੀਆਂ ਜਾ ਸਕਦੀਆਂ। ਡਾ. ਆਰ.ਐੱਸ.ਮਿਸ਼ਰਾ, ਜੋ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੇ ਪੈਨਲ ਵਿੱਚ ਸ਼ਾਮਲ ਸਨ, ਨੇ ਸਪਸ਼ਟ ਕੀਤਾ ਹੈ ਕਿ ਦੂਬੇ ਦੇ ਸਰੀਰ ’ਤੇ ਮਿਲੀਆਂ ਸੱਟਾਂ ਪੁਲੀਸ ਵੱਲੋਂ ਦਿੱਤੇ ਵੇਰਵਿਆਂ ਮੁਤਾਬਕ ਹੀ ਲੱਗੀਆਂ ਹਨ।’ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਮ ਲੋਕਾਂ ਤੇ ਮੀਡੀਆ ਵਿੱਚੋਂ ਕਿਸੇ ਨੇ ਵੀ ਪੁਲੀਸ ਵੱਲੋਂ ਦਿੱਤੇ ਵੇਰਵਿਆਂ ਦਾ ਨਾ ਖੰਡਨ ਕੀਤਾ ਹੈ ਤੇ ਨਾ ਹੀ ਜਵਾਬਦਾਅਵੇ ਲਈ ਕੋਈ ਸਬੂਤ ਰੱਖਿਆ ਹੈ। ਰਿਪੋਰਟ ਮੁਤਾਬਕ ਗੈਂਗਸਟਰ ਵਿਕਾਸ ਦੂਬੇ ਦੀ ਪਤਨੀ ਰਿਚਾ ਦੂਬੇ ਨੇ ਇਕ ਹਲਫ਼ਨਾਮਾ ਦਾਇਰ ਕਰਕੇ ਇਸ ਪੂਰੀ ਘਟਨਾ ਨੂੰ ਫ਼ਰਜ਼ੀ ਮੁਕਾਬਲਾ ਦੱਸਿਆ ਸੀ, ਪਰ ਉਹ ਖੁ਼ਦ ਕਮਿਸ਼ਨ ਅੱਗੇ ਪੇਸ਼ ਨਹੀਂ ਹੋਈ। ਲਿਹਾਜ਼ਾ ਪੁਲੀਸ ਵੱਲੋਂ ਦਿੱਤੇ ਵੇਰਵਿਆਂ ’ਤੇ ਸ਼ੱਕ ਕਰਨ ਵਰਗਾ ਕੁਝ ਵੀ ਨਹੀਂ ਹੈ। ਕਾਨਪੁਰ ਦੇ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਵੱਲੋਂ ਕੀਤੀ ਗਈ ਜਾਂਚ ਦੀਆਂ ਲੱਭਤਾਂ ਵਿੱਚ ਵੀ ਇਹੀ ਦਾਅਵਾ ਕੀਤਾ ਗਿਆ ਹੈ।
ਚੇਤੇ ਰਹੇ ਕਿ 2 ਤੇ 3 ਜੂਨ 2020 ਦੀ ਦਰਮਿਆਨੀ ਰਾਤ ਨੂੰ ਗੈਂਗਸਟਰ ਦੂਬੇ ਦੇ ਕਾਨਪੁਰ ਜ਼ਿਲ੍ਹੇ ਦੇ ਬਿਕਰੂ ਪਿੰਡ ਵਿਚਲੇ ਘਰ ’ਤੇ ਮਾਰੇ ਛਾਪੇ ਦੌਰਾਨ ਡੀਐੱਸਪੀ ਸਮੇਤ ਅੱਠ ਪੁਲੀਸ ਮੁਲਾਜ਼ਮਾਂ ਦੀ ਜਾਨ ਜਾਂਦੀ ਰਹੀ ਸੀ। ਮਗਰੋਂ ਦੂਬੇ ਨੂੰ ਊਜੈਨ ਤੋਂ ਕਾਨਪੁਰ ਲਿਆਉਣ ਮੌਕੇ ਰਸਤੇ ਵਿੱਚ ਵਾਹਨ ਨਾਲ ਹੋਏ ਹਾਦਸੇ ਦਰਮਿਆਨ ਗੈਂਗਸਟਰ ਵੱਲੋਂ ਭੱਜਣ ਦੀ ਕੀਤੀ ਕੋਸ਼ਿਸ਼ ਦੌਰਾਨ ਹੋੲੇ ਮੁਕਾਬਲੇ ਵਿੱਚ ਉਹ ਮਾਰਿਆ ਗਿਆ ਸੀ। ਕਮਿਸ਼ਨ ਵਿੱਚ ਜਸਟਿਸ (ਸੇਵਾਮੁਕਤ) ਬੀ.ਐੱਸ.ਚੌਹਾਨ, ਜਸਟਿਸ (ਸੇਵਾਮੁਕਤ) ਐੱਸ.ਕੇ. ਅਗਰਵਾਲ ਤੇ ਯੂਪੀ ਦੇ ਸਾਬਕਾ ਡੀਜੀਪੀ ਕੇੇ.ਐੱਲ.ਗੁਪਤਾ ਸ਼ਾਮਲ ਸਨ। ਕਮਿਸ਼ਨ ਨੇ 21 ਅਪਰੈਲ ਨੂੰ 824 ਸਫ਼ਿਆਂ ਦੀ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly