ਫ਼ਰੀਦਕੋਟ (ਸਮਾਜ ਵੀਕਲੀ): ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਚਾਕੀ ਖੁਰਦ ਵਿੱਚ ਦੇਰ ਰਾਤ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਦੋ ਧੜਿਆਂ ਵਿੱਚ ਲੜਾਈ ਹੋ ਗਈ, ਜਿਸ ਵਿੱਚ ਲਖਵਿੰਦਰ ਸਿੰਘ ਨਾਂ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਉਹ ਆਮ ਆਦਮੀ ਪਾਰਟੀ ਦਾ ਸਮਰਥਕ ਸੀ।
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਅਧੀਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਹੀ ਕਰੀਬ ਅੱਧੀ ਦਰਜਨ ਵਿਅਕਤੀਆਂ ਨੇ ਉਸ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਉਸ ਦਾ ਸਕੂਟਰ ਵੀ ਭੰਨ ਦਿੱਤਾ। ਲਖਵਿੰਦਰ ਸਿੰਘ ਬਚਾਅ ਲਈ ਭੱਜ ਕੇ ਆਪਣੇ ਘਰ ਅੰਦਰ ਗਿਆ ਪਰ ਹਮਲਾਵਰਾਂ ਨੇ ਘਰ ਅੰਦਰ ਦਾਖਲ ਹੋ ਕੇ ਵੀ ਲਖਵਿੰਦਰ ਸਿੰਘ ਦੀ ਕੁੱਟਮਾਰ ਕੀਤੀ। ਹਮਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਲਖਵਿੰਦਰ ਸਿੰਘ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਲਖਵਿੰਦਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲੀਸ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸੇ ਵਿਧਾਨ ਸਭਾ ਹਲਕੇ ਦੇ ਪਿੰਡ ਨੱਥਲਵਾਲਾ ਵਿੱਚ ਵੀ ਵੋਟਾਂ ਦੌਰਾਨ ਝਗੜਾ ਹੋਣ ਦੀ ਸੂਚਨਾ ਹੈ, ਜਿੱਥੇ ਵੋਟ ਪਾਉਣ ਤੋਂ ਬਾਅਦ ਪਿੰਡ ਦੀ ਇੱਕ ਔਰਤ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਪੰਚਾਇਤ ਨੇ ਪਿੰਡ ਪੱਧਰ ’ਤੇ ਨਿਬੇੜ ਦਿੱਤਾ, ਇਸ ਲਈ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਸੈਦੇਕੇ ਵਿੱਚ ਵੀ ਇੱਕ ਔਰਤ ਵੋਟਰ ਨਾਲ ਦੁਰਵਿਹਾਰ ਹੋਣ ਦੀ ਸੂਚਨਾ ਹੈ। ਥਾਣਾ ਸਾਦਿਕ ਦੇ ਐੱਸਐੱਚਓ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਉਤੇ ਕਾਬੂ ਪਾਇਆ। ਪਰ ਕਿਸੇ ਖਿਲਾਫ਼ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly