ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਲੁਧਿਆਣਾ ਵਿਖੇ ਸਥਿਤ ਸਰਸਵਤੀ ਮਾਡਰਨ ਹਾਈ ਸਕੂਲ,ਰਾਜਪੁਰਾ ਰੋਡ ਸਿਵਲ ਲਾਈਨਜ਼ ਵਿੱਚ ਕਿ੍ਸਮਿਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਆਰੀਆ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਸਵਿਤਾ ਉੱਪਲ ਨੇ ਆਪਣੇ ਕਰਕਮਲਾਂ ਨਾਲ ਉਦਘਾਟਨ ਕੀਤਾ। ਛੋਟੇ ਛੋਟੇ ਬੱਚੇ ਸੈਂਟਾ ਕਲਾਜ਼ ਦੀ ਪੁਸ਼ਾਕ ਵਿੱਚ ਬਹੁਤ ਸੁੰਦਰ ਦਿਖਾਈ ਦੇ ਰਹੇ ਸਨ ।ਇਸ ਮੌਕੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਬੱਚਿਆਂ ਦੁਆਰਾ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪੰਜਾਬੀ ਵਿਰਸੇ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਬਣੀ ਜਿਸ ਵਿੱਚ ਵਿਰਸੇ ਨਾਲ ਜੁੜੀਆਂ ਵਸਤਾਂ ਨੂੰ ਸਜਾਇਆ ਗਿਆ ਸੀ। ਬੱਚਿਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਲਾਉਣ ਤੋਂ ਲੈਕੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਸਕੂਲ ਦੇ ਸੰਸਥਾਪਕ ਸ੍ਰੀ ਪ੍ਰਦੀਪ ਜੈਨ ਜੀ , ਸ੍ਰੀਮਤੀ ਕਮਲਾ ਜੈਨ ਅਤੇ ਪਿ੍ੰਸੀਪਲ ਸ੍ਰੀਮਤੀ ਪਿ੍ਆ ਸੈਣੀ ਜੀ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਅਤੇ ਮਾਪਿਆਂ ਦੀ ਰੌਣਕ ਸਮਾਗ਼ਮ ਨੂੰ ਚਾਰ ਚੰਨ ਲਾ ਰਹੀ ਸੀ। ਸਟਾਫ਼ ਮੈਂਬਰ ਸ੍ਰੀ ਮਤੀ ਮਨੀਸ਼ਾ,ਸ੍ਰੀ ਮਤੀ ਰਜਨੀ ਸਬਲੋਕ,ਨਲਿਨੀ ਖੰਨਾ, ਮੁਕਤਾ ਕੱਕੜ,ਅਮਰਜੀਤ ਕੌਰ, ਮੀਨਾਕਸ਼ੀ,ਸ੍ਰੀ ਰਵਿੰਦਰ ਅਤੇ ਸ੍ਰੀ ਲਲਿਤ ਵੀ ਮੌਜੂਦ ਰਹੇ। ਸ੍ਰੀ ਮਤੀ ਪ੍ਰੀਤੀ ਨੇ ਸਟੇਜ ਦਾ ਸੰਚਾਲਨ ਬਾਖ਼ੂਬੀ ਨਿਭਾਇਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਵੀ ਅਦਾ ਕੀਤੀ ਗਈ ਜਿਸ ਵਿੱਚ ਪੰਜਾਬੀ ਦੀ ਉੱਘੀ ਲੇਖਿਕਾ ਬਰਜਿੰਦਰ ਕੌਰ ਬਿਸਰਾਓ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਿਲ ਕੇ ਪ੍ਰਦਰਸ਼ਨੀ ਦਾ ਆਨੰਦ ਮਾਣਦਿਆਂ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।ਇਸ ਤੋਂ ਇਲਾਵਾ ਸ੍ਰੀ ਰਾਜੇਸ਼ ਸੈਣੀ,ਸ੍ਰੀ ਮਤੀ ਪਿ੍ਆ ਨੇ ਵੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਮਾਗ਼ਮ ਦਾ ਆਨੰਦ ਮਾਣਿਆ। ਆਏ ਮਹਿਮਾਨਾਂ ਨੂੰ ਇੱਕ ਇੱਕ ਪੌਦਾ ਤੋਹਫ਼ੇ ਵਜੋਂ ਦੇ ਕੇ ਇਸ ਸਮਾਗਮ ਨੂੰ ਵਾਤਾਵਰਨ ਪ੍ਰਤੀ ਸਮਰਪਿਤ ਕੀਤਾ। ਸਾਰਾ ਦਿਨ ਮੇਲੇ ਵਰਗੀ ਰੌਣਕ ਰਹੀ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪਿ੍ਆ ਸੈਣੀ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।