(ਸਮਾਜ ਵੀਕਲੀ)- ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਹਰ ਆਮ-ਖਾਸ ਵਿਅਕਤੀ ਨੂੰ ਅਧਿਕਾਰ ਮਿਲਿਆ ਹੋਇਆ ਹੈ ਕਿ ਉਹ ਆਪਣੀ ਪਸੰਦ ਦਾ ਨੇਤਾ ਚੁਣੇ। ਇਹੀ ਲੋਕਤੰਤਰੀ ਸਰਕਾਰ ਦੀ ਖਾਸੀਅਤ ਹੁੰਦੀ ਹੈ।
ਅੱਜ ਅਸੀਂ ਦੇਖ ਰਹੇ ਹਾਂ ਕਿ ਚਾਰੇ ਪਾਸੇ ਹਰ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਹਿਸਾਬ ਨਾਲ਼ ਅੱਡੀ ਚੋਟੀ ਦਾ ਜ਼ੋਰ ਲਾ ਕੇ ਪ੍ਰਾਪੇਗੰਡਾ ਕਰ ਰਹੇ ਹਨ। ਟੀਵੀ ਚੈਨਲਾਂ ਨੂੰ ਚਲਾਈਏ, ਤਾਂ ਉੱਥੇ ਵੀ ਮਸ਼ਹੂਰੀਆਂ ਵਾਂਗ ਹਰ ਪਾਰਟੀ ਆਪਣੇ ਮੂੰਹੋਂ ਮੀਆਂ ਮਿੱਠੂ ਸਿੰਘ ਬਣੀ ਹੋਈ ਹੈ।
ਅੱਜ ਹਰ ਇਕ ਦੇ ਮਨ ਵਿਚ ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਕਿਸ ਪਾਰਟੀ ਦੀ ਸਰਕਾਰ ਬਣੇਗੀ ? ਪੰਜਾਬ ਦਾ ਕੀ ਬਣੇਗਾ ? ਪੰਜਾਬੀਆਂ ਦੇ ਹਾਲਾਤਾਂ ਦਾ ਕੀ ਬਣੇਗਾ ? ਆਦਿ । ਸੋਚੋ ਪਝੰਤਰ ਸਾਲਾਂ ਵਿਚ ਦੇਸ਼ ਦਾ ਕੀ ਬਣਿਆ ? ਮੇਰੇ ਹਿਸਾਬ ਨਾਲ਼ ਤਾਂ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋਇਆ ਹੈ। ਵਿੱਦਿਆ ਵੱਧ ਗਈ ਹੈ ਪਰ ਲਿਆਕਤ ਘੱਟ ਗਈ ਹੈ। ਡਾਕਟਰੀ ਸਹੂਲਤਾਂ ਵੱਧ ਗਈਆਂ ਹਨ ਪਰ ਆਮ ਵਿਅਕਤੀ ਇਲਾਜ ਤੋਂ ਸੱਖਣਾ ਹੋ ਗਿਆ ਹੈ। ਇਹ ਕੇਵਲ ਅਮੀਰਾਂ ਜੋਗੀਆਂ ਹੀ ਹਨ। ਬੰਦੇ ਵੱਡੇ ਹੋ ਗਏ ਹਨ ਪਰ ਕਿਰਦਾਰ ਛੋਟੇ ਹੋ ਗਏ ਹਨ। ਖਾਣ-ਪੀਣ ਦੀਆਂ ਵਸਤੂਆਂ ਵੱਧ ਗਈਆਂ ਹਨ ਪਰ ਮਿਹਦੇ ਕਮਜ਼ੋਰ ਹੋ ਗਏ ਹਨ। ਬੋਲਣ ਦਾ ਅਧਿਕਾਰ ਮੌਲਿਕ ਹੈ ਪਰ ਜੁਬਾਨ ਵੱਢ ਦਿੱਤੀ ਗਈ ਹੈ। ਘੁੰਮਣ-ਫਿਰਨ ਦੀ ਅਜ਼ਾਦੀ ਹੈ ਪਰ ਮੰਤਰੀਆਂ (ਜਨਤਾ ਦੇ ਸੇਵਕ) ਦੇ ਕਾਰਵੇਂ ਨੂੰ ਪਹਿਲ ਹੈ। ਹਰ ਜਨਤਾ ਦਾ ਸੇਵਕ ਸੇਵਾ ਕਰ ਰਿਹਾ ਹੈ ਰਾਜ ਨਹੀਂ ਪਰ ਇਸ ਸੇਵਾ ਦੇ ਬਦਲੇ ਵਿਚ ਲੱਖਾਂ ਦੀਆਂ ਪੈਨਸ਼ਨਾਂ ਲੈ ਰਿਹਾ ਹੈ ਪਰ ਆਮ ਵਿਅਕਤੀ ਕੰਮ ਲਈ ਹੀ ਸੰਘਰਸ਼ ਵਿਚ ਰੁੱਝਿਆ ਹੋਇਆ ਹੈ। ਇਹ ਕਰੋੜਾਂ ਰੁਪਏ ਨਿਘਲ ਕੇ ਡਕਾਰ ਵੀ ਨਹੀਂ ਮਾਰਦੇ ਪਰ ਆਮ ਜਨਤਾ ਭੁੱਖਮਰੀ ਦੀ ਮਾਰ ਝੱਲ ਰਹੀ ਹੈ। ਗ਼ਰੀਬੀ, ਭੁੱਖਮਰੀ, ਲਾਚਾਰੀ, ਅਨਪੜ੍ਹਤਾ, ਬੇਰੁਜ਼ਗਾਰੀ, ਗੁੰਡਾਗਰਦੀ, ਨਸ਼ਾਖੋਰੀ, ਰਿਸ਼ਵਤਖੋਰੀ ਦੇਸ਼ ਲਈ ਲਾਹਨਤ ਬਣ ਚੁੱਕੇ ਹਨ ਪਰ ਇਹਨਾਂ ਲਈ ਚੋਣ ਮੁੱਦਿਆਂ ਤੋਂ ਵੱਧ ਕੁਝ ਨਹੀਂ ਹੈ। ਸਭ ਨੂੰ ਸਭ ਕੁਝ ਪਤਾ ਹੈ ਪਰ ਫਿਰ ਵੀ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਹੈ।
ਮਾਰਕ ਟਵੇਨ ਦਾ ਕਥਨ ਹੈ, ” ਜੇਕਰ ਵੋਟਾਂ ਕੋਈ ਤਬਦੀਲੀ ਲਿਆ ਸਕਦੀਆਂ ਤਾਂ ਉਹ ਸਾਨੂੰ ਵੋਟਾਂ ਪਾਉਣ ਹੀ ਨਾ ਦਿੰਦੇ। ” ਸਹੀ ਪ੍ਰਤੀਤ ਹੁੰਦਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਹੁਣ ਤੱਕ ਕਿੰਨੀ ਵਾਰ ਹੀ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਹੋ ਚੁੱਕੀਆਂ ਹਨ ਪਰ ਸਾਨੂੰ ਨਾ ਤਾਂ ਪੱਕੀਆਂ ਗਲੀਆਂ-ਨਾਲੀਆਂ ਨਸੀਬ ਹੋਈਆਂ ਹਨ ਅਤੇ ਨਾ ਹੀ ਚੰਗੀਆਂ ਸੜਕਾਂ। ਜੇਕਰ ਕੋਈ ਸੜਕ ਬਣਦੀ ਵੀ ਹੈ ਤਾਂ ਕਿਰਾਏ ਨਾਲ਼ੋ ਜ਼ਿਆਦਾ ਟੋਲ-ਪਲਾਜ਼ਾ ਹੁੰਦਾ ਹੈ। ਅੱਜ ਹਰ ਪਾਰਟੀ ਮੁਫ਼ਤ ਸਹੂਲਤਾਂ ਅਤੇ ਪੈਸੇ ਦੇਣ ਦੀ ਗੱਲ ਕਰ ਰਹੀ ਹੈ, ਕੰਮ ਦੇਣ ਦੀ ਨਹੀਂ। ਮੈਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਇਹਨਾਂ ਕੋਲ ਮੁਫ਼ਤ ਵੰਡਣ ਲਈ ਅਨਾਜ ਅਤੇ ਪੈਸਾ ਕਿੱਥੋਂ ਆਉਂਦਾ ਹੈ ਅਤੇ ਕਿਹੜੇ ਖਾਤੇ ਵਿੱਚੋਂ ਆਉਂਦਾ ਹੈ। ਜੇਕਰ ਇਹ ਸ਼ਹਿਨਸ਼ਾਹ ਹਨ ਤੇ ਪੱਲਿਓ ਦਿੰਦੇ ਹਨ ਤਾਂ ਲੱਖਾਂ ਦੀਆਂ ਪੈਨਸ਼ਨਾਂ ਕਿਉਂ ਲੈਂਦੇ ਹਨ। ਜੇਕਰ ਨਹੀਂ ਹੈ ਤਾਂ ਦਿੰਦੇ ਕਿੱਥੋਂ ਹਨ। ਇਸ ਲਈ ਆਮ ਵਿਅਕਤੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹਨਾਂ ਦਾ ਹੀ ਸਿਰ ਹੈ ਤੇ ਉਹਨਾਂ ਦੀਆਂ ਹੀ ਜੁੱਤੀਆਂ ਹਨ। ਆਮ ਵਿਅਕਤੀ ਤੇ ਕਰਾਂ ਦਾ ਬੋਝ ਲੱਦ ਲੱਦ ਕੇ ਇਹ ਲੋਕ ਆਪਣੀਆਂ ਤਜੌਰੀਆਂ ਭਰ ਰਹੇ ਹਨ ਤੇ ਦੋ ਟੁੱਕ ਜਨਤਾ ਨੂੰ ਵੀ ਪਾ ਛੱਡਦੇ।
ਸੋ ਪਿਆਰੀ ਤੇ ਸਮਝਦਾਰ ਜਨਤਾ ਜੇ ਵੋਟਾਂ ਨਾਲ਼ ਤਬਦੀਲੀ ਹੀ ਸਾਡੇ ਹਿੱਸੇ ਆਈ ਹੈ ਤਾਂ ਆਓ ਆਪਾਂ ਪ੍ਰਮਾਤਮਾ ਕੋਲ਼ੋ ਸੁਮੱਤ ਦਾ ਦਾਨ ਮੰਗੀਏ ਤੇ ਸਹੀ ਬੰਦੇ ਦੀ ਚੋਣ ਕਰੀਏ।
ਰੱਬ ਰਾਖਾ!
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ ਮੋਬਾਈਲ 9463229499
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly