ਪੇਈਚਿੰਗ (ਸਮਾਜ ਵੀਕਲੀ): ਚੀਨ ਨੇ ਅੱਜ ਕਿਹਾ ਕਿ ਉਹ ਅਫ਼ਗਾਨਿਸਤਾਨ ਮੁੱਦੇ ’ਤੇ ਭਾਰਤ ਵੱਲੋਂ ਕਰਵਾਏ ਜਾ ਰਹੇ ਸੁਰੱਖਿਆ ਸੰਵਾਦ ਵਿਚ ‘ਸਮੇਂ ਨਾਲ ਜੁੜੇ ਕਾਰਨਾਂ’ ਕਰ ਕੇ ਹਿੱਸਾ ਨਹੀਂ ਲੈ ਸਕੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਦੇ ਸਮੇਂ ਸਬੰਧੀ ਕੁਝ ਮੁਸ਼ਕਲਾਂ ਹਨ, ਇਸ ਲਈ ਚੀਨ ਹਿੱਸਾ ਨਹੀਂ ਲੈ ਸਕੇਗਾ। ਉਹ ਪਹਿਲਾਂ ਹੀ ਭਾਰਤ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ। ‘ਦਿੱਲੀ ਖੇਤਰੀ ਸੁਰੱਖਿਆ ਸੰਵਾਦ’ ਵਿਚ ਰੂਸ, ਇਰਾਨ ਤੇ ਪੰਜ ਹੋਰ ਕੇਂਦਰੀ ਏਸ਼ਿਆਈ ਮੁਲਕਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਸ ਮੌਕੇ ਅਫ਼ਗਾਨਿਸਤਾਨ ਵਿਚ ਅਤਿਵਾਦ ਦੇ ਵਧੇ ਖ਼ਤਰੇ, ਕੱਟੜਵਾਦ ਤੇ ਡਰੱਗ ਤਸਕਰੀ ਬਾਰੇ ਚਰਚਾ ਕੀਤੀ ਜਾਵੇਗੀ। ਇਹ ਮੁਲਕ ਅਮਲੀ ਸਹਿਯੋਗ ਤੇ ਸਾਂਝੀ ਪਹੁੰਚ ਅਪਣਾਉਣ ਉਤੇ ਜ਼ੋਰ ਦੇਣਗੇ ਤਾਂ ਕਿ ਇਨ੍ਹਾਂ ਖ਼ਤਰਿਆਂ ਦਾ ਸਾਹਮਣਾ ਕੀਤਾ ਜਾ ਸਕੇ।
ਇਸ ਸੰਵਾਦ ਦੀ ਅਗਵਾਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਰਨਗੇ। ਇਸ ਵਿਚ ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਹਿੱਸਾ ਲੈਣਗੇ। ਇਨ੍ਹਾਂ ਮੁਲਕਾਂ ਵੱਲੋਂ ਇਸ ਸੰਵਾਦ ਵਿਚ ਐਨਐੱਸਏ ਜਾਂ ਸਕੱਤਰ ਪੱਧਰ ਦੇ ਅਧਿਕਾਰੀ ਹਿੱਸਾ ਲੈਣਗੇ। ਉੱਚ ਪੱਧਰੀ ਸੰਵਾਦ ਵਿਚ ਖੇਤਰ ਦੀ ਸੁਰੱਖਿਆ ਸਥਿਤੀ, ਚੁਣੌਤੀਆਂ ਨਾਲ ਨਜਿੱਠਣ, ਅਫ਼ਗਾਨਿਸਤਾਨ ਵਿਚ ਲੋਕਾਂ ਦੀ ਮਦਦ, ਸ਼ਾਂਤੀ-ਸਥਿਰਤਾ ਕਾਇਮ ਕਰਨ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਚੀਨ, ਪਾਕਿਸਤਾਨ ਤੇ ਰੂਸ ਨਾਲ ਰਲ ਕੇ ਅਫ਼ਗਾਨ ਤਾਲਿਬਾਨ ਨਾਲ ਨੇੜਿਓਂ ਰਾਬਤਾ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਉੱਥੇ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਪਿਛਲੇ ਮਹੀਨੇ ਚੀਨ ਦੇ ਵਿਦੇਸ਼ ਮੰਤਰੀ ਨੇ ਤਾਲਿਬਾਨ ਦੇ ਅੰਤ੍ਰਿਮ ਪ੍ਰਸ਼ਾਸਕ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨਾਲ ਦੋਹਾ ਵਿਚ ਮੁਲਾਕਾਤ ਵੀ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly