ਪੇਈਚਿੰਗ (ਸਮਾਜ ਵੀਕਲੀ): ਚੀਨ ਨੇ ਅੱਜ ਕਿਹਾ ਕਿ ਉਹ ਊਈਗਰ ਭਾਈਚਾਰੇ ਤੇ ਹੋਰ ਮੁਸਲਿਮ ਘੱਟ ਗਿਣਤੀ ਭਾਈਚਾਰਿਆਂ ਨਾਲ ਦੁਰਵਿਹਾਰ ’ਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ’ਤੇ ਅਮਰੀਕਾ ਵੱਲੋਂ ਪਾਬੰਦੀਆਂ ਲਾਈਆਂ ਜਾਣ ਦਾ ਜਵਾਬ ਦੇਣ ਲਈ ਜ਼ਰੂਰੀ ਕਾਰਵਾਈ ਕਰੇਗਾ।
ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਚੀਨੀ ਕਾਰੋਬਾਰੀਆਂ ਨੂੰ ਨਾਜਾਇਜ਼ ਦਬਾਉਣ ਅਤੇ ਕੌਮਾਂਤਰੀ ਆਰਥਿਕ ਤੇ ਵਪਾਰ ਨਿਯਮਾਂ ਦੀ ਉਲੰਘਣਾ ਹੈ।
ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਚੀਨ ਚੀਨੀ ਕੰਪਨੀਆਂ ਦੇ ਕਾਨੂੰਨੀ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਾਰਵਾਈ ਕਰੇਗਾ। ਚੀਨ ਨੇ ਹਾਲਾਂਕਿ ਪੂਰੀ ਜਾਣਕਾਰੀ ਨਹੀਂ ਦਿੱਤੀ ਪਰ ਉਸ ਨੇ ਆਪਣੇ ਦੂਰ ਦੇ ਪੱਛਮੀ ਖੇਤਰ ਸ਼ਿਨਜਿਆਂਗ ’ਚ ਊਈਗਰ ਭਾਈਚਾਰੇ ਦੇ ਲੋਕਾਂ ਨੂੰ ਨਾਜਾਇਜ਼ ਢੰਗ ਨਾਲ ਹਿਰਾਸਤ ’ਚ ਰੱਖਣ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਨਾਲ ਹੀ ਉਸ ਨੇ ਵੀਜ਼ਾ ਤੇ ਵਿੱਤੀ ਸਬੰਧਾਂ ’ਤੇ ਆਪਣੀਆਂ ਕੰਪਨੀਆਂ ਤੇ ਅਧਿਕਾਰੀਆਂ ਖ਼ਿਲਾਫ਼ ਵੀਜ਼ਾਂ ਦੀਆਂ ਪਾਬੰਦੀਆਂ ਦਾ ਤੇਜ਼ੀ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਵਣਜ ਵਿਭਾਗ ਨੇ ਬੀਤੇ ਦਿਨੀਂ ਇੱਕ ਬਿਆਨ ’ਚ ਕਿਹਾ ਸੀ ਕਿ ਇਲੈਕਟ੍ਰੌਨਿਕ ਤੇ ਤਕਨੀਕ ਕੰਪਨੀਆਂ ਤੇ ਹੋਰ ਵਪਾਰ ਇਕਾਈਆਂ ਨੇ ਸ਼ਿਨਜਿਆਂਗ ’ਚ ਮੁਸਲਿਮ ਘੱਟ ਗਿਣਤੀਆਂ ਖ਼ਿਲਾਫ਼ ਚੀਨੀ ਸਰਕਾਰ ਦੇ ਜ਼ੁਲਮ, ਸਮੂਹਿਕ ਹਿਰਾਸਤ ਤੇ ਉੱਚ ਤਕਨੀਕ ਨਿਗਰਾਨੀ ਮੁਹਿੰਮ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly