ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਤੇ ਚੀਨ ਦਰਮਿਆਨ ਅੱਜ ਇਕ ਹੋਰ ਉੱਚ ਪੱਧਰੀ ਫ਼ੌਜੀ ਵਾਰਤਾ ਹੋਈ। ਇਸ ਮੌਕੇ ਭਾਰਤ ਨੇ ਚੀਨ ’ਤੇ ਜ਼ੋਰ ਪਾਇਆ ਕਿ ਹੌਟ ਸਪਰਿੰਗਜ਼, ਗੋਗਰਾ ਤੇ ਵਿਵਾਦ ਵਾਲੇ ਹੋਰਨਾਂ ਇਲਾਕਿਆਂ ਵਿਚੋਂ ਫ਼ੌਜ ਤੇ ਹਥਿਆਰਾਂ ਨੂੰ ਜਲਦੀ ਹਟਾਇਆ ਜਾਵੇ। ਕੋਰ ਕਮਾਂਡਰ ਪੱਧਰ ’ਤੇ ਇਹ 12ਵੇਂ ਗੇੜ ਦੀ ਗੱਲਬਾਤ ਸੀ ਤੇ ਕਰੀਬ ਨੌਂ ਘੰਟੇ ਚੱਲੀ।
ਦੋਵਾਂ ਧਿਰਾਂ ਨੇ ਕਿਹਾ ਕਿ ਵਿਸਤਾਰ ’ਚ ਵਿਆਪਕ ਗੱਲਬਾਤ ਹੋਈ ਹੈ। ਹਾਲਾਂਕਿ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਐਲਏਸੀ ਦੇ ਚੀਨ ਵਾਲੇ ਪਾਸੇ ਮੋਲਡੋ ’ਚ ਹੋਈ। ਬੈਠਕ ਦੇ ਸਿੱਟੇ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਆਈ ਹੈ। ਬੈਠਕ ਪੂਰਬੀ ਲੱਦਾਖ ਦੇ ਬਾਕੀ ਖੇਤਰਾਂ ’ਚੋਂ ਫ਼ੌਜ ਨੂੰ ਵਾਪਸ ਸੱਦਣ ’ਤੇ ਕੇਂਦਰਤ ਸੀ। ਫ਼ੌਜੀ ਕਮਾਂਡਰਾਂ ਨੇ ਪਹਿਲਾਂ ਹੋਏ ਸਮਝੌਤੇ ਵਿਚਲੇ ਵਖ਼ਰੇਵਿਆਂ ਨੂੰ ਦੂਰ ਕਰ ਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸੇ ਸਾਲ ਫਰਵਰੀ ਵਿਚ ਦੋਵੇਂ ਮੁਲਕ ਇਸ ਖੇਤਰ ਵਿਚ ਸੈਨਿਕਾਂ ਦੀ ਗਿਣਤੀ ਘਟਾਉਣ ਤੇ ਫ਼ੌਜਾਂ ਨੂੰ ਵਾਪਸ ਸੱਦਣ ’ਤੇ ਸਹਿਮਤ ਹੋਏ ਸਨ। ਮੀਟਿੰਗ ਅੱਜ ਸਵੇਰੇ 10.30 ਵਜੇ ਸ਼ੁਰੂ ਹੋਈ ਤੇ ਸ਼ਾਮ ਕਰੀਬ 7.30 ਵਜੇ ਖ਼ਤਮ ਹੋਈ। ਵਾਰਤਾ ਵਿਚ ਭਾਰਤੀ ਵਫ਼ਦ ਦੀ ਅਗਵਾਈ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਤੇ ਚੀਨੀ ਵਫ਼ਦ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਫ਼ੌਜੀ ਜ਼ਿਲ੍ਹੇ ਦੇ ਮੁਖੀ ਨੇ ਕੀਤੀ। ਦੋਵਾਂ ਮੁਲਕਾਂ ਵਿਚਾਲੇ ਵਾਰਤਾ ਕਰੀਬ ਤਿੰਨ ਮਹੀਨੇ ਬਾਅਦ ਹੋਈ ਹੈ। ਆਸ ਜਤਾਈ ਜਾ ਰਹੀ ਸੀ ਕਿ ਇਸ ਗੱਲਬਾਤ ਦਾ ਸਕਾਰਾਤਮਕ ਸਿੱਟਾ ਨਿਕਲੇਗਾ।
ਦੋਵਾਂ ਧਿਰਾਂ ਨੇ ਵਿਵਾਦ ਵਾਲੇ ਬਾਕੀ ਖੇਤਰਾਂ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ’ਤੇ ਵਿਚਾਰ-ਚਰਚਾ ਕੀਤੀ ਹੈ। ਅਪਰੈਲ ਵਿਚ ਹੋਈ 11ਵੇਂ ਗੇੜ ਦੀ ਵਾਰਤਾ ਵਿਚ ਵੀ ਇਨ੍ਹਾਂ ਇਲਾਕਿਆਂ ’ਚੋਂ ਫ਼ੌਜ ਕੱਢਣ ’ਤੇ ਹੀ ਜ਼ੋਰ ਦਿੱਤਾ ਗਿਆ ਸੀ। ਦੋ ਹਫ਼ਤੇ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨੂੰ ਕਿਹਾ ਸੀ ਕਿ ਮਸਲੇ ਦੇ ਹੱਲ ਵਿਚ ਦੇਰੀ ਕਾਰਨ ਦੁਵੱਲੇ ਰਿਸ਼ਤਿਆਂ ਉਤੇ ਨਕਾਰਾਤਮਕ ਅਸਰ ਪੈ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly