ਬੱਚੇ ਪਾਲਣੇ ਸੌਖੇ ਲੱਗਦੇ ਨੇ ਪਰ ਮਾਪੇ ਪਾਲਣੇ ਔਖੇ   

ਪ੍ਰਭਜੋਤ ਕੌਰ ਢਿੱਲੋਂ

 (ਸਮਾਜ ਵੀਕਲੀ)  ਗੀਤ,ਫਿਲਮਾਂ,ਨਾਟਕ ਆਦਿ ਸਾਰਾ ਕੁੱਝ ਸਮਾਜ ਵਿੱਚੋਂ ਹੀ ਜਨਮ ਲੈਂਦਾ ਹੈ ਅਤੇ ਫੇਰ ਪ੍ਰਭਾਵ ਵੀ ਸਮਾਜ ਤੇ ਹੀ ਪਾਉਂਦਾ ਹੈ।ਮੈਂ ਅੱਜ ਗੁਰਦਾਸ ਮਾਨ ਦਾ ਇੱਕ ਗਾਣਾ ਸੁਣ ਰਹੀ ਸੀ,ਜਿਸ ਨੇ ਮੈਨੂੰ ਸੋਚਣ ਅਤੇ ਲਿਖਣ ਲਈ ਮਜ਼ਬੂਰ ਕਰ ਦਿੱਤਾ।ਗਾਣੇ ਦੇ ਬੋਲ ਸਨ,”ਬੱਚੇ ਪਾਲਣੇ ਸੌਖੇ ਹੁੰਦੇ ਤੇ ਔਖੇ ਪਾਲਣੇ ਮਾਪੇ, ਪਿੱਛਲੇ ਉਮਰੇ ਇਸ ਨੁੱਕਤੇ ਦੀ ਸਮਝ ਆ ਜਾਂਦੀ ਆਪੇ।”ਇਹ ਕੌੜਾ ਸੱਚ ਹੈ।ਔਲਾਦ ਦੇ ਖਰਚੇ ਹਰ ਕੋਈ ਕਰਦਾ ਹੈ।ਇਸ ਵਕਤ ਜੰਮਦੇ ਬੱਚਿਆਂ ਦੇ ਬਰੈਂਡਿਡ ਕੱਪੜੇ ਪਾਏ ਜਾਂਦੇ ਹਨ।ਫਜ਼ੂਲ ਖਰਚੀ ਚਰਮ ਸੀਮਾਂ ਤੇ ਹੈ ਅਤੇ ਵਿਖਾਵੇ ਨੇ ਲੋਕਾਂ ਨੂੰ ਤੰਗ ਕਰਕੇ ਰੱਖਿਆ ਹੈ।ਪਰ ਦੂਸਰੇ ਪਾਸੇ ਮਾਪਿਆਂ ਨੂੰ ਘਰਾਂ ਵਿੱਚ ਰੱਖਣਾ ਬੋਝ ਸਮਝਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਵੀ ਫਾਲਤੂ ਲੱਗਦੀਆਂ ਹਨ ਅਤੇ ਖਰਚਾ ਚੁੱਭਦਾ ਹੈ।

ਵਕਤ ਬਦਲਿਆ, ਹਾਲਾਤ ਬਦਲੇ,ਪਰਿਵਾਰਾਂ ਦਾ ਢਾਂਚਾ ਬਦਲਿਆ ਅਤੇ ਸਮਾਜ ਦਾ ਸਾਰਾ ਤਾਣਾ ਬਾਣਾ ਉਲਝਣ ਲੱਗ ਗਿਆ।ਸਾਂਝੇ ਵੱਡੇ ਵੱਡੇ ਪਰਿਵਾਰਾਂ ਵਿੱਚ ਤਰੇੜਾਂ ਪੈਣ ਲੱਗ ਗਈਆਂ।ਬੱਚੇ ਪੜ੍ਹਾਈ ਕਰਕੇ ਪਿਤਾ ਪੁਰਖੀ ਕਿੱਤੇ ਤੋਂ ਮੂੰਹ ਮੋੜਨ ਲੱਗ ਗਏ।ਪਰਿਵਾਰ ਵਿੱਚ ਮਾਪੇ ਅਤੇ ਅੱਗੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਰਹਿਣ ਲੱਗੇ। ਤਾਇਆਂ ਚਾਚਿਆਂ ਨਾਲ ਰਹਿਣ ਦਾ ਰਿਵਾਜ਼ ਖਤਮ ਹੋ ਗਿਆ।ਪਰ ਨਿੱਜੀ ਜ਼ਿੰਦਗੀ ਦਾ ਭੂਤ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਗਿਆ।ਵਿਖਾਵੇ ਅਤੇ ਫੁਕਰੇਪਣ ਨੇ ਮਾਪਿਆਂ ਦੇ ਘਰ ਵਿੱਚ ਰਹਿਣ ਨੂੰ ਵੀ ਵੱਖਰਾ ਰੰਗ ਦੇ ਦਿੱਤੇ। ਨੂੰਹਾਂ ਪੁੱਤਾਂ ਨੂੰ ਇੰਜ ਲੱਗਣ ਲੱਗਾ ਕਿ ਮੇਰੇ ਦੋਸਤਾਂ ਦੇ ਸਾਹਮਣੇ ਜੇਕਰ ਮੇਰੇ ਮਾਪੇ ਆਉਣਗੇ ਤਾਂ ਮੇਰੀ ਬੇਇੱਜ਼ਤੀ ਹੋਏਗੀ।ਅਸਲ ਵਿੱਚ ਜਿਹੜੀ ਬੱਚਾ  ਉੱਚ ਅਹੁਦੇ ਤੇ ਜਾਕੇ ਆਪਣੇ ਮਾਪਿਆਂ ਦੇ ਘੱਟ ਪੜ੍ਹੇ ਹੋਣ ਤੇ ਫਖਰ ਮਹਿਸੂਸ ਕਰਦਾ ਹੈ,ਉਨ੍ਹਾਂ ਨੂੰ ਲੋਕਾਂ ਵਿੱਚ ਨਾਲ ਲੈਕੇ ਜਾਂਦਾ ਹੈ,ਉਹ ਰੱਬ  ਦੀਆਂ ਰਹਿਮਤਾਂ ਨਾਲ ਝੋਲੀ ਭਰ ਲੈਂਦਾ ਹੈ।ਪੜ੍ਹੇ ਲਿਖੇ ਮਾਪਿਆਂ,ਪੈਨਸ਼ਨ ਲੈਂਦੇ ਮਾਪਿਆਂ ਦੀ ਵੀ ਘਰਾਂ ਵਿੱਚ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ।ਮਾਪਿਆਂ ਨਾਲ ਕਈ ਥਾਂਵਾਂ ਤੇ ਪੈਸੇ ਅਤੇ ਜਾਇਦਾਦ ਕਰਕੇ ਵੀ ਸਮੱਸਿਆ ਹੁੰਦੀ ਹੈ।ਮਾਪੇ ਔਲਾਦ ਨੂੰ ਬਹੁਤ ਸਾਲਾਂ ਤੱਕ ਰੋਟੀ,ਕੱਪੜਾ,ਦਵਾਈਆਂ ਅਤੇ ਹੋਰ ਖਾਹਿਸ਼ਾਂ ਪੂਰੀਆਂ ਕਰਦੇ ਹਨ।ਔਲਾਦ ਕੋਈ ਕਮਾਈ ਨਹੀਂ ਕਰ ਰਹੀ ਹੁੰਦੀ,ਪਰ ਹਰ ਚੀਜ਼ ਵਧੀਆ ਚਾਹੀਦੀ ਹੁੰਦੀ ਹੈ।ਮਾਪਿਆਂ ਦੀ ਵੀ ਵਧੇਰੇ ਕਰਕੇ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪਾਲਿਆ ਜਾਵੇ।ਪਰ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤਾਂ ਉਹੀ ਔਲਾਦ ਉਨ੍ਹਾਂ ਨੂੰ ਰੋਟੀ ਦੇਣਾ ਵੀ ਵਾਧੂ ਖਰਚੇ ਦਾ ਬੋਝ ਸਮਝਦੀ ਹੈ।ਮਾਪੇ ਆਪਣੇ ਬੱਚਿਆਂ  ਨੂੰ ਜਿੰਨੇ ਵੀ ਹੋਣ ਪਾਲ ਸਕਦੀ ਹੈ।ਪਰ ਬਹੁਤੀ ਔਲਾਦ ਆਪਣੇ ਮਾਂ-ਬਾਪ ਜਾਂ ਇਕ ਨੂੰ ਵੀ ਪਾਲਣ ਲੱਗੀ ਔਖੀ ਹੋ ਜਾਂਦੀ ਹੈ।ਅਸਲ ਵਿੱਚ ਸਾਂਝੇ ਪਰਿਵਾਰਾਂ ਅਤੇ ਕੁੱਝ ਦਹਾਕੇ ਪਹਿਲਾਂ ਦੇ ਲੋਕਾਂ ਦੀ ਸੋਚ ਵੱਖਰੀ ਸੀ।ਬਜ਼ੁਰਗਾਂ ਦਾ ਘਰਾਂ ਵਿੱਚ ਮਾਣ ਸਤਿਕਾਰ ਕੀਤਾ ਜਾਂਦਾ ਸੀ।
ਮਾਪੇ ਬੱਚਿਆਂ ਨੂੰ ਬਹੁਤ ਲਾਡ ਪਿਆਰ ਨਾਲ ਪਾਲਦੇ ਹਨ।ਸ਼ਹਿਜਾਦਿਆਂ ਵਾਂਗ ਰੱਖਦੇ ਹਨ।ਪਰ ਬੱਚੇ ਆਪਣੇ ਮਾਪਿਆਂ ਨੂੰ ਬਾਦਸ਼ਾਹ ਵਾਂਗ ਤਾਂ ਕੀ ਰੱਖਣਾ,ਬਣਦੀ ਦੇਖਭਾਲ, ਸਤਿਕਾਰ ਅਤੇ ਪਿਆਰ ਵੀ ਨਹੀਂ ਦਿੰਦੇ।ਇਵੇਂ ਦੀਆਂ ਔਲਾਦਾਂ ਵਧੇਰੇ ਹਨ।ਅਜੇ ਵੀ ਕੁੱਝ ਬੱਚੇ ਮਾਪਿਆਂ ਦੀ ਬਹੁਤ ਦੇਖਭਾਲ ਕਰਦੇ ਹਨ।ਮਾਪੇ ਨੂੰ ਬੋਝ ਨਹੀਂ ਸਮਝਣਾ ਚਾਹੀਦਾ।ਜਿੰਨਾਂ ਮਾਪਿਆਂ ਨੇ ਕੀਤਾ,ਉਨਾਂ ਕਰਨਾ ਬਹੁਤ ਔਖਾ ਹੈ।ਮਾਪਿਆਂ ਦਾ ਕਰਜ਼ ਕਦੇ ਵੀ ਨਹੀਂ ਉਤਾਰਿਆ ਜਾ ਸਕਦਾ।ਇਕ ਫੋਨ ਆਇਆ ਜਿਸ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਦੇ ਸਾਰੀ ਸੰਭਾਲ ਖੁਦ ਕਰਦਾ ਹਾਂ।ਬਾਥਰੂਮ ਵੀ ਆਪ ਲੈਕੇ ਜਾਂਦਾ ਹਾਂ। ਪਰ ਪਰਿਵਾਰ ਦੇ ਦੂਸਰੇ ਮੈਂਬਰ ਕਰਦੇ ਵੀ ਨਹੀਂ ਅਤੇ ਮੇਰੇ ਇਵੇਂ ਕਰਨ ਤੇ ਵੀ ਔਖੇ ਹੁੰਦੇ ਹਨ।ਚੰਗੀ ਜਾਇਦਾਦ ਹੈ,ਵਧੀਆ ਬਿਜਨਸ ਹੈ ਜੋ ਮਾਪਿਆਂ ਦੀ ਦੇਣ ਹੈ।ਇਸ਼ਾਰਾ ਮੈਨੂੰ ਵੀ ਸਮਝ ਆ ਗਿਆ ਸੀ ਅਤੇ ਤੁਸੀਂ ਸਾਰੇ ਵੀ ਸਮਝ ਗਏ ਹੋਵੋਗੇ।ਮਾਪੇ ਨਦੀ ਕੰਢੇ ਰੁੱਖ ਹੈ।ਉਨ੍ਹਾਂ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਲੰਗਰ ਦੇ ਨਾਮ ਤੇ ਪ੍ਰੀਤੀ ਭੋਜਨ ਦੇਣ ਦਾ ਕੋਈ ਫਾਇਦਾ ਨਹੀਂ।ਮਾਪੇ ਵੀ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਪੁੱਤ ਬੁੱਕਲ ਵਿੱਚ ਲਵੇ।ਯਾਦ ਰੱਖੋ ਬਜ਼ੁਰਗ ਉਵੇਂ ਹੀ ਪਿਆਰ ਚਾਹੁੰਦੇ ਹਨ,ਜਿਵੇਂ ਬੱਚੇ ਚਾਹੁੰਦੇ ਹਨ।ਮਾਪਿਆਂ ਤੇ ਕੀਤਾ ਖਰਚਾ ਅਤੇ ਮਾਪਿਆਂ ਨੂੰ ਦਿੱਤਾ ਸਮਾਂ ਕਦੇ ਖਰਾਬ ਹੋਇਆ ਨਾ ਸਮਝੋ।ਇਸੇ ਦਾ ਫਲ ਕੁਦਰਤ ਨੇ ਦੇਣਾ ਹੈ।ਪਰ ਇਸ ਵੇਲੇ ਹਾਲਤ ਇਹ ਹੈ ਕਿ ਵਧੇਰੇ ਘਰਾਂ ਵਿੱਚ ਮਾਪਿਆਂ ਲਈ ਜਗ੍ਹਾ ਨਹੀਂ ਹੈ।ਬਹੁਤ ਵੱਡੀਆਂ ਕੋਠੀਆਂ/ਘਰਾਂ ਵਿੱਚ ਵੀ ਮਾਪਿਆਂ ਨੂੰ ਕਮਰਾ ਦੇਣਾ ਔਖਾ ਲੱਗਦਾ ਹੈ।ਆਮ ਤੌਰ ਤੇ ਬਿਰਧ ਆਸ਼ਰਮਾਂ ਵਿੱਚ ਚੰਗੇ ਪੈਸੇ ਵਾਲਿਆਂ ਦੇ ਮਾਪੇ ਵਧੇਰੇ ਹਨ।ਬੱਚਿਆਂ ਦੀ ਗਿੱਠ ਕੁ ਲੰਮੀ ਟੀ ਸ਼ਰਟ ਦੋ ਹਜ਼ਾਰ ਦੀ ਆ ਜਾਏਗੀ।ਪਰ ਮਾਪਿਆਂ ਦੇ ਕੱਪੜੇ ਬਜਟ ਵਿਗਾੜ ਦਿੰਦਾ ਹੈ,ਇਹ ਸੋਚ ਹੈ ਔਲਾਦ ਦੀ।ਸੱਚੀਂ  ਗਾਣਾ ਸਮਾਜ ਦੀ ਹਕੀਕਤ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
ਮੋਬਾਈਲ ਨੰਬਰ, 9815030221

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਾਈਸ ਪ੍ਰਿੰਸੀਪਲ ‘ਪਰੈਸਟਿਜੀਅਸ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨਿਤ ।
Next articleਅੰਜਨਾ ਮੈਨਨ ਦੁਆਰਾ ਸੰਪਾਦਿਤ ਬਾਲ ਸ਼ਾਇਰਾਂ ਦੀ ਪੁਸਤਕ “ਨਵੀਂਆਂ ਕਲਮਾਂ ਨਵੀਂ ਉਡਾਣ” ਦਾ ਲੋਕ ਅਰਪਣ