ਬਾਲ ਮਜ਼ਦੂਰੀ, ਗਰੀਬੀ ‘ਚ ਮਜਬੂਰੀ”

(ਸਮਾਜ ਵੀਕਲੀ)

ਬਾਲ ਮਜ਼ਦੂਰੀ ਭਾਵੇਂ ਦੁਨੀਆਂ ਦੇ ਕਈ ਦੇਸ਼ਾਂ ਦੀ ਸਮੱਸਿਆ ਹੈ ਪਰ ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇਥੇ ਬਾਲ ਮਜ਼ਦੂਰੀ ਦੀ ਸਮੱਸਿਆ ਘਟਣ ਦੀ ਬਜਾਏ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਥੇ ਹਰ ਚਾਰ ਬੱਚਿਆਂ ਚੋ ਇੱਕ ਬੱਚਾ ਬਾਲ ਮਜ਼ਦੂਰੀ ਕਰ ਰਹਿਆ ਹੈ। ਭਾਵੇਂ ਸੰਵਿਧਾਨ ਦੀ ਧਾਰਾ 24 ਅਨੁਸਾਰ ਬੱਚਿਆਂ ਤੋਂ ਖ਼ਤਰਨਾਕ ਥਾਵਾਂ ‘ਤੇ ਕੰਮ ਕਰਵਾਉਣਾ ਕਾਨੂੰਨੀ ਜ਼ੁਰਮ ਹੈ ਜਿਸ ਲਈ 6 ਮਹੀਨੇ ਤੋਂ ਲੈਕੇ 2 ਸਾਲ ਦੀ ਸ਼ਜਾ ਤੇ 20 ਹਜ਼ਾਰ ਤੋਂ 750000 ਤੱਕ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ ਪਰ ਫਿਰ ਵੀ ਸਰਮਾਏਦਾਰੀ ਢਾਂਚੇ ਅੰਦਰ ਬਾਲ ਮਜ਼ਦੂਰੀ ਬੰਦ ਨਹੀਂ ਕੀਤੀ ਜਾ ਰਹੀ।

ਕਿਸੇ ਵੀ ਵਿਭਾਗ ਦੀ ਜਿੰਮਵਾਰੀ ਤਹਿ ਨਹੀਂ ਕੀਤੀ ਗਈ ਜੋ ਫੈਕਟਰੀਆਂ, ਹੋਟਲਾਂ ਸਮੇਤ ਹੋਰ ਥਾਵਾਂ ਤੇ ਜਾ ਕੇ ਬਾਲ ਮਜ਼ਦੂਰੀ ਕਰਦੇ ਬੱਚਿਆਂ ਨੂੰ ਦੇਖ ਸਕਣ ਅਤੇ ਉਨ੍ਹਾਂ ਨੂੰ ਉਥੋਂ ਅਜ਼ਾਦ ਕਰਵਾ ਸਕਣ । ਬਾਲ ਸਮਾਜ ਭਲਾਈ ਵਿਭਾਗ ਅਤੇ ਪੁਲਿਸ ਆਪਣੇ ਆਪ ਕੁਝ ਵੀ ਕਰਨ ਨੂੰ ਤਿਆਰ ਨਹੀਂ। ਸਰਕਾਰਾਂ 12 ਜੂਨ ਨੂੰ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾ ਕੇ ਸੁਰਖ਼ਰੂ ਹੋ ਜਾਂਦੀਆਂ ਹਨ। ਬੱਚਿਆਂ ਦਾ ਸ਼ੋਸਣ ਹੋਣਾ ਲਗਾਤਾਰ ਜਾਰੀ ਹੈ। ਬਾਲ ਮਜ਼ਦੂਰੀ ਦਾ ਰੁਝਾਨ ਸ਼ਹਿਰੀ ਖੇਤਰਾਂ ਨਾਲੋਂ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਹੈ ।

ਪੇਂਡੂ ਤਬਕੇ ਦੇ ਲੋਕ ਆਪਣੇ ਬੱਚਿਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਮਜ਼ਦੂਰੀ ਲਈ ਭੇਜ ਦਿੰਦੇ ਹਨ ਅਤੇ ਇਹ ਬੱਚੇ ਸ਼ਹਿਰਾਂ ਵਿੱਚ ਕਾਰਖਾਨਿਆਂ, ਦੁਕਾਨਾਂ, ਹੋਟਲਾਂ, ਢਾਬਿਆਂ ’ਤੇ ਕੰਮ ਕਰਦੇ ਹਨ। ਉਹ ਬਹੁਤ ਸਖ਼ਤ ਹਾਲਾਤ ਵਿੱਚ ਗੰਦਗੀ ਤੇ ਮਾਰੂ ਅਸਰ ਵਾਲੀਆਂ ਖ਼ਤਰਨਾਕ ਥਾਵਾਂ ’ਤੇ ਕੰਮ ਕਰਨ ਲਈ ਮਜਬੂਰ ਹਨ।

ਬਾਲ ਮਜ਼ਦੂਰੀ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਗ਼ਰੀਬੀ ਹੈ ਅਤੇ ਗ਼ਰੀਬੀ ਕਰਕੇ ਅਨਪੜ੍ਹਤਾ ਹੈ। ਇਸ ਹਾਲਾਤ ਵਿੱਚ ਜਦੋਂ ਮਾਂ-ਬਾਪ ਪਰਿਵਾਰ ਦੇ ਗੁਜ਼ਾਰੇ ਦੀ ਫਿਕਰ ਵਿੱਚ ਰਹਿੰਦੇ ਹਨ ਤਾਂ ਉਹ ਮਜਬੂਰੀ ਵੱਸ ਆਪਣੇ ਬੱਚਿਆਂ ਨੂੰ ਮਜ਼ਦੂਰੀ ਵਾਸਤੇ ਘਰੋਂ ਭੇਜਦੇ ਹਨ; ਜਿਵੇਂ ਕਿ-ਘਰਾਂ ਵਿੱਚ, ਖੇਤੀਬਾੜੀ, ਹੋਟਲਾਂ, ਢਾਬਿਆਂ, ਫੈਕਟਰੀਆਂ,ਉਸਾਰੀ ਦੇ ਕੰਮਾਂ ਵਿੱਚ। ਬਾਲ ਮਜ਼ਦੂਰੀ ਦਾ ਸਰਮਾਏਦਾਰਾਂ ਨੂੰ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚੇ ਮਾਲਕ ਦੀ ਝਿੜਕ-ਫਿਟਕਾਰ ਚੁੱਪ-ਚਾਪ ਸਹਿ ਲੈਂਦੇ ਹਨ ਤੇ ਉਨ੍ਹਾਂ ਦੇ ਵਿਰੋਧ ਕਰਨ ਦਾ ਖ਼ਤਰਾ ਵੀ ਨਹੀਂ ਹੁੰਦਾ। ਇਸੇ ਕਰਕੇ ਮਾਲਕ ਉਨ੍ਹਾਂ ਤੋਂ ਘੱਟ ਤਨਖ਼ਾਹ ’ਤੇ ਵੱਧ ਕੰਮ ਲੈਂਦੇ ਹਨ। ਇਸ ਤਰ੍ਹਾਂ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਦੋਵੇਂ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।ਬਹੁਤ ਸਾਰੇ ਗ਼ਰੀਬ ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਆਪਣੇ ਨਾਲ ਮਜ਼ਦੂਰੀ ਕਰਨ ਲਾ ਲੈਂਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਭੱਠਿਆਂ,ਸੜਕ ਨਿਰਮਾਣ ਅਤੇ ਫੈਕਟਰੀਆਂ ਵਿਚ ਲੱਗੇ ਮਜ਼ਦੂਰ ਹਨ। ਕੱਪੜਾ ਬਣਾਉਣ ਦੇ ਕਾਰਖਾਨਿਆਂ ਵਿੱਚ ਬੱਚੇ ਮਜ਼ਦੂਰੀ ਕਰ ਰਹੇ ਹਨ, ਜਿਨ੍ਹਾਂ ਨੂੰ ਹਫ਼ਤੇ ਦੇ 6-7 ਦਿਨ ਰੋਜ਼ਾਨਾ 12-12 ਘੰਟੇ ਕੰਮ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਸਾਨੂੰ ਘਰਾਂ ਤੇ ਹੋਟਲਾਂ ਵਿੱਚ ਛੋਟੇ-ਛੋਟੇ ਬੱਚੇ ਕੰਮ ਕਰਦੇ ਦਿਖਾਈ ਦਿੰਦੇ ਹਨ। ਇਨਾਂ ਬਾਲ ਮਜ਼ਦੂਰਾਂ ਨੂੰ ਭੀਖ ਮੰਗਣ ਤੋਂ ਲੈ ਕੇ ਘਰੇਲੂ ਕੰਮ, ਢਾਬਿਆਂ ‘ਤੇ ਭਾਂਡੇ ਮਾਂਜਣ, ਪੈਂਚਰ ਲਾਉਣ, ਭੱਠੀ ਵਿਚ ਕੋਲਾ ਸੁੱਟਣ, ਖ਼ਤਰਨਾਕ ਕੈਮੀਕਲ ਨਾਲ ਕੱਪੜੇ ਜਾਂ ਚਮੜੇ ਦੀ ਰੰਗਾਈ ਕਰਨ, ਰੋੜੀ ਕੁੱਟਣਾ , ਖੇਤਾਂ ਵਿਚ ਕੰਮ ਕਰਨਾ ਆਦਿ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਭਾਰਤ ਦੇਸ਼ ਵਿੱਚ ਲੱਗਭੱਗ ਇੱਕ 20% ਇਹੋ ਜਿਹਾ ਬਚਪਨ ਹੈ ਜਿਨ੍ਹਾਂ ਨੂੰ ਜ਼ਿਦਗੀ ਦੀ ਹਰ ਸਹੂਲਤ ਮਿਲਦੀ ਹੈ ਅਤੇ ਇਹ ਬੱਚੇ ਬਚਪਨ ਦਾ ਪੂਰਾ ਅਨੰਦ ਲੈਣ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਗ੍ਰਹਿਣ ਕਰਦੇ ਹਨ।ਪਰ ਦੂਜੇ ਪਾਸੇ 80% ਬਹੁਤ ਹੀ ਗ਼ਰੀਬ ਲੋਕਾਂ ਦੇ ਬੱਚਿਆਂ ਦਾ ਬਚਪਨ ਹੈ ਜੋ ਕਿ ਬਾਲ ਮਜ਼ਦੂਰੀ ਹੇਠਾਂ ਦੱਬ ਕੇ ਰਹਿ ਜਾਂਦਾ ਹੈ।

ਜੇਕਰ ਸਾਡੇ ਦੇਸ਼ ਦੀ ਵਿਵਸਥਾ ਚੰਗੀ ਹੋਵੇ, ਰਾਜਨੀਤੀ ਸਾਫ ਅਤੇ ਇਮਾਨਦਾਰ ਹੋਵੇ ਤਾਂ ਇਹੀ ਬੱਚੇ ਭੀਖ ਮੰਗਣ ਜਾਂ ਮਜ਼ਦੂਰੀ ਕਰਨ ਦੀ ਥਾਂ ਪੜ੍ਹ-ਲਿਖ ਕੇ ਕੁਝ ਬਣਨ ਦੇ ਰਾਹ ‘ਤੇ ਚੱਲਣ ਦੇ ਯੋਗ ਬਣ ਸਕਦੇ ਹਨ ਜੋ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾ ਸਕਦੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਦੀ ਮਜਬੂਰੀ ਨੂੰ ਗ਼ਰੀਬੀ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ ਅਤੇ ਸਵਾਲ ਇਹ ਉੱਠਦਾ ਹੈ ਕਿ ਸਰਕਾਰਾਂ ਗ਼ਰੀਬੀ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਦੀਆਂ ? ਭਾਰਤ ਨੂੰ ਅਬਾਦੀ ਵਧਣ ਤੋਂ ਰੋਕਣ ਲਈ ਵੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਬੁਰਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ-ਲਿਖਾਈ ਬੇਕਾਰ ਲੱਗਣ ਲੱਗਦੀ ਹੈ ਕਿਉਂਕਿ ਮਾਲਕਾਂ ਵਲੋਂ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਕਿ ਸਕੂਲ ਦੇ ਨਾਂ ਤੋਂ ਹੀ ਉਨ੍ਹਾਂ ਨੂੰ ਚਿੜ੍ਹ ਹੋਣ ਲੱਗਦੀ ਹੈ। ਇਸ ਹਾਲਤ ਵਿਚ ਸਰਕਾਰ ਅਤੇ ਕਾਨੂੰਨ ਤੋਂ ਜ਼ਿਆਦਾ ਉਮੀਦ ਰੱਖਣ ਦੀ ਬਜਾਏ ਬੁੱਧੀਜੀਵੀ ਨਾਗਰਿਕਾਂ ਨੂੰ ਵੀ ਅੱਗੇ ਆਉਣਾ ਪਵੇਗਾ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਸਾਲ ਬਾਲ ਦਿਵਸ ਮਨਾਉਣ ਦਾ ਵਿਖਾਵਾ ਕਰਨ ਅਤੇ ਇਸ ‘ਤੇ ਕਰੋੜਾਂ ਰੁਪਏ ਖ਼ਰਚਣ ਦੀ ਬਜਾਏ ਉਨ੍ਹਾਂ ਬੱਚਿਆਂ ਦੀ ਸਿੱਖਿਆ ਵਾਸਤੇ ਕੋਈ ਠੋਸ ਨੀਤੀ ਬਣਾਈ ਜਾਵੇ ਜਿਨ੍ਹਾਂ ਦੇ ਸਕੂਲ ਜਾਣ ਦੇ ਸੁਫ਼ਨੇ ਤੰਗੀਆਂ ਤੁਰਸ਼ੀਆਂ ਅਤੇ ਬਾਲ ਮਜ਼ਦੂਰੀ ਕਰਕੇ ਅਧੂਰੇ ਰਹਿ ਜਾਂਦੇ ਹਨ।

ਕੁਲਦੀਪ ਸਿੰਘ ਸਾਹਿਲ

9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੈਅ ਕਰ ਲਿਆ ਹੈ
Next article*ਧਰਤੀ ਦੀ ਪੁਕਾਰ*