ਚੌਧਰ ਦੀ ਭੁੱਖ

ਹਰਪ੍ਰੀਤ ਪੱਤੋ

ਹਰਪ੍ਰੀਤ ਪੱਤੋ

(ਸਮਾਜ ਵੀਕਲੀ) ਬੰਤਾ ਚੰਗੇ ਖਾਂਦੇ ਪੀਂਦੇ ਘਰੋਂ ਸੀ। ਆਮ ਲੋਕਾਂ ਨਾਲੋਂ ਚੰਗਾ ਡੰਗ ਟਪਦਾ ਸੀ। ਲੋਕ ਬੰਤ ਸਿਉਂ ਕਹਿ ਕੇ ਬੁਲਾਉਂਦੇ, ਪਰ ਸੀ ਫੁੱਕਰਾ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ, ਬਸ’ ਕੰਮ ਕੋਈ ਕਰੇ, ਸ਼ਾਬਾਸ਼ ਬੰਤ ਸਿਉਂ ਨੂੰ ਮਿਲੇ, ਲੋਕ ਕਹਿਣ ਵਾਹ ਬਈ ਤੂੰ ਤਾਂ ਕਮਾਲ ਕਰ ਦਿੱਤੀ। ਹਰ ਵਕਤ ਇਹੀ ਫੁਰਨਾ ਫੁਰਦਾ ਅੰਦਰ, ਚੌਧਰ ਦੀ ਭੁੱਖ ਰਹਿੰਦੀ, ਮੌਕੇ ਦੀ ਨਾਜ਼ੁਕਤਾ ਨੂੰ ਭਾਂਪ ਲੈਂਦਾ, ਜੇ ਨੰਬਰ ਬਣਦੇ ਤਾਂ ਖੜ ਜਾਂਦਾ, ਨਹੀਂ ਤਾਂ ਨੌਂ ਦੋ ਗਿਆਰਾਂ ਹੋ ਜਾਂਦਾ। ਇਹ ਗੱਲ ਦਾ ਅੰਦਰੋਂ ਸਭ ਨੂੰ ਪਤਾ ਸੀ। ਇੱਕ ਵਾਰੀ ਵੋਟਾਂ ਆ ਗਈਆਂ, ਸਾਰਿਆਂ ਨੇ ਸੁਲਾਹ ਕੀਤੀ ਕਿ ਐਤਕੀਂ ਬੰਤੇ ਨੂੰ ਖੜਾ ਕਰੀਏ, ਕੱਠੇ ਹੋ ਕੇ ਉਸ ਕੋਲ ਗਏ ਤੇ ਕਹਿਣ ਲੱਗੇ, “ਬੰਤ ਸਿਆਂ ਐਕਤੀਂ ਤੈਨੂੰ ਸਰਪੰਚੀ ਦੀ
ਚੋਣ ਲੜਾਉਣਾ, ਨਾਲੇ ਤੇਰੇ ਕੋਲ
ਚਾਰ ਪੈਸੇ ਆ ਤੇ ਤੂੰ ਮੂੰਹ ਮੱਥੇ ਸਾਰਿਆਂ ਦੇ ਲੱਗਦਾ, ਤੇਰੀ ਪਿੰਡ ਚ’ ਚੰਗੀ ਜਾਣ ਪਛਾਣ ਆ। ਤੂੰ ਤਿਆਰੀ ਖਿੱਚ ਅੱਜ ਤੋਂ ਤੂੰ ਸਾਡਾ ਸਰਪੰਚ, ਬਸ! ਤੂੰ ਕਾਗਜ਼ ਭਰਨੇ
ਆ, ਬਾਕੀ ਅਸੀਂ ਜਾਣੀਏਂ ਜਾਂ ਸਾਡਾ ਕੰਮ ਜਾਣੇ”। ਸਾਰੇ ਲੋਕ ਉਸ ਨੂੰ ਸਰਪੰਚ ਕਹਿ ਕੇ ਬੁਲਾਉਣ ਲੱਗ ਪਏ। ਅਖੀਰ ਵੋਟਾਂ ਆ ਗਈਆਂ, ਪੂਰੀ ਤਿਆਰੀ ਨਾਲ, ਨਾਲ ਜਾ ਕੇ ਮੁਹਤਬਰ ਬੰਦਿਆਂ ਨੇ ਕਾਗਜ਼ ਭਰਾ ਦਿੱਤੇ। ਬਸ ਫੇਰ ਕੀ ਸੀ “ਬੰਤ ਸਿਉਂ ਚੜ੍ਹ ਗਿਆ ਕੀੜਿਆਂ ਵਾਲੇ ਜੰਡ ਤੇ” ਨਾ ਦਿਨੇ ਚੈਨ ਨਾ ਰਾਤ ਨੂੰ ਟਿਕਾ, ਦਸ ਬੰਦੇ ਆ ਗਏ ਵੀਹ ਉਠ ਗਏ, ਘਰ ਦੀਆਂ ਬੁੜੀਆਂ ਅੱਡ ਭੱਜੀਆਂ ਫਿਰਨ ਬਈ ਸਾਡੇ ਘਰ ਸਰਪੰਚੀ ਆਊ। ਨਾ ਦਿਨ ਦਾ ਪਤਾ ਨਾ ਰਾਤ ਦਾ, ਪਾਰਟੀ ਵਾਲੇ ਕਿਹਾ ਕਰਨ ਬਸ ਜਿੱਤ ਪੱਕੀ।
ਬੰਤੇ ਕੋਲ ਚਾਰ ਛਿੱਲੜ ਸੀ ਖਿਸਕਦਿਆ ਦੇਰ ਨਾ ਲੱਗੀ। ਚਾਹ ਪਾਣੀ ਰੋਟੀ ਸ਼ਰਾਬ ਦੇ ਲੰਗਰ, ਚੋਣ ਜਿੱਤਣਾ ਇੱਜ਼ਤ ਦਾ ਸਵਾਲ ਬਣ ਗਿਆ। ਗੱਡੀਆਂ ਦੇ ਖਰਚੇ ਹੋਰ ਗਲੀਆਂ ਨਾਲੀਆਂ ਠੀਕ ਕਰਨ ਦੇ ਪੈਸੇ ਕਈਆਂ ਨੂੰ ਨਕਦ ਨਾਮਾ, ਸ਼ਰਾਬ ਭੁੱਕੀ ਦਾ ਤਾਂ ਕਹਿਣਾ ਈ ਕੀ। ‘ਚੱਲ ਸੋ ਚੱਲ’ ਦੂਜੇ ਪਾਸੇ ਲੰਬੜਦਾਰਾਂ ਦਾ ਜੀਤਾ ਜੋ ਪਹਿਲਾਂ ਵੀ ਇੱਕ ਵਾਰ
ਚੋਣ ਲੜ ਚੁੱਕਿਆ ਸੀ, ਤੇ ਸਰਪੰਚੀ ਵੀ ਕੀਤੀ ਉਸ ਨੇ ਉਹ
ਕਾਫ਼ੀ ਸਿਆਸਤ ਦੇ ਦਾਅ ਪੇਚ ਜਾਣਦਾ ਸੀ। ਅਖੀਰ ਵੋਟਾਂ ਪਈਆਂ ਪੀਪੀਆਂ ਖੁੱਲੀਆਂ ਬੰਤ ਸਿਉਂ ਨੂੰ ਕੁਲ ਚਾਰ ਸੋ ਵੋਟ ਪਈ, ਤੇ ਵਿਰੋਧੀ ਜੀਤੇ ਨੂੰ ਬਾਰਾਂ ਸੌ! ਜੀਤੇ ਦੀ ਵੱਡੀ ਜਿੱਤ ਹੋਈ,ਬੰਤੇ ਦਾ ਨਤੀਜਾ ਸੁਣ ਘਰੇ ਆਉਣ ਨੂੰ ਦਿਲ ਨਾ ਕਰੇ, ਢਿੱਲਾ ਹੋ ਗਿਆ, ਸਰਪੰਚੀ ਵਾਲਾ ਭੂਤ ਨਿਕਲਦੇ ਨੂੰ ਟਾਇਮ ਨਾ ਲੱਗਿਆ, ਨਾਲ ਦੇ ਹੌਂਸਲਾ ਬਨਾਉਂਦੇ ਹੋਏ ਕਹਿਣ ਯਾਰ ਜ਼ੋਰ
ਬਹੁਤ ਲਾਇਆ ਸੀ। ਪਤਾ ਨੀ ਕੀ ਗੱਲ ਹੋ ਗਈ, ਬੰਤਾ ਖਿਝ ਕੇ ਕਹਿੰਦਾ “ਫਿਰ ਵੋਟਾਂ ਕਿਧਰ ਗਈਆਂ ਪੀਪੀ ਖਾਗੀ”। ਬੰਤੇ ਦਾ ਝੁੱਗਾ ਚੌੜ ਹੋ ਗਿਆ। ਪੂਰਾ ਵੀਹ ਲੱਖ ਲੱਗ ਗਿਆ। ਚੌਧਰ ਦੀ ਭੁੱਖ ਨੇ ਬੰਤੇ ਨੂੰ ਨਿਸਲ ਕਰਕੇ ਘਰੇ ਬਿਠਾ ਦਿੱਤਾ। ਉਂਗਲਾਂ ਭੰਨਦਾ ਰਹਿੰਦਾ ਵੀਹ ਲੱਖ ਨੂੰ ਚਾਰ ਸੌ ਨਾਲ ਭਾਗ ਕਰਕੇ ਵੇਖਿਆ ਇੱਕ ਵੋਟ ਪੰਜ ਹਜ਼ਾਰ ਚ’ ਪੈ ਗਈ। ਏਦੂ ਤਾਂ ਪਹਿਲਾਂ ਚੰਗੇ ਸੀ। ਕੀ ਲੈਣਾ ਸੀ ਇਹੋ ਜੇਹੀਆਂ ਚੌਧਰਾਂ ਤੋਂ ਨਾਲੇ ਪੈਸੇ ਲਾਏ ਨਾਲੇ ਵਾਧੂ ਦੀ ਬੇਜ਼ਤੀ ਕਰਵਾਈ। ਇਹ ਸੋਚਦਾ ਬੰਤ ਸਿਉਂ ਅੰਦਰ ਜਾ ਕੇ ਬਿਨਾਂ ਚਾਦਰ ਵਿਛਾਏ ਮੰਜੇ ਤੇ ਦੌਰਾ ਪੈਣ ਵਾਲਿਆਂ ਵਾਂਗੂੰ ਪੈ ਗਿਆ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾਵਾਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
Next articleਡਾ. ਪਰਮਜੀਤ ਸਿੰਘ ‘ਬਾਬਾ ਸ੍ਰੀ ਚੰਦ ਸਿਮਰਤੀ ਸਨਮਾਨ’ ਨਾਲ਼ ਸਨਮਾਨਿਤ