ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ; ਅੱਜ ਲੈਣਗੇ ਹਲਫ਼

ਚੰਡੀਗੜ੍ਹ (ਸਮਾਜ ਵੀਕਲੀ) : ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਅੱਜ ਸਾਰੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ(58) ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਭਲਕੇ ਸੋਮਵਾਰ ਨੂੰ 11 ਵਜੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲੈਣਗੇ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ| ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ’ਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ|

ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਵਿੱਚ ਨਵਾਂ ਆਗੂ ਚੁਣਨ ਲਈ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ| ਕਾਂਗਰਸ ਹਾਈ ਕਮਾਨ ਵੱਲੋਂ ਅੱਜ ਦਿੱਲੀ ਵਿਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਲੰਮਾ ਮੰਥਨ ਕੀਤਾ ਗਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਫ਼ੈਸਲੇ ਲਈ ਮੀਟਿੰਗਾਂ ਦੇ ਦੌਰ ’ਚ ਲੱਗੇ ਰਹੇ| ਇੱਧਰ ਚੰਡੀਗੜ੍ਹ ਵਿਚ ਹਾਈ ਕਮਾਨ ਵੱਲੋਂ ਭੇਜੇ ਕੇਂਦਰੀ ਨਿਗਰਾਨਾਂ ਅਜੈ ਮਾਕਨ, ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਦੇ ਨਵੇਂ ਚਿਹਰੇ ਵਾਸਤੇ ਸਰਬ-ਪ੍ਰਵਾਨਗੀ ਹਾਸਲ ਕਰਨ ਲਈ ਮੀਟਿੰਗਾਂ ਕੀਤੀਆਂ| ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋਇਆ ਮੰਥਨ ਆਖਿਰ ਨੂੰ ਚਰਨਜੀਤ ਚੰਨੀ ਦੇ ਨਾਮ ’ਤੇ ਸਮਾਪਤ ਹੋ ਗਿਆ|

ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ| ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ| ਚੇਤੇ ਰਹੇ ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ| ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ| ਅਗਾਮੀ ਚੋਣਾਂ ਵਿਚ ਚੰਨੀ ਦਾ ਦਲਿਤ ਚਿਹਰਾ ਕਿੰਨਾ ਕੁ ਦਲਿਤ ਵੋਟ ਬੈਂਕ ਹਾਸਲ ਕਰਨ ਵਿਚ ਸਫਲ ਹੋਵੇਗਾ, ਫਿਲਹਾਲ ਕਹਿਣਾ ਮੁਸ਼ਕਲ ਹੈ, ਪਰ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਦੋਹਰਾ ਪੱਤਾ ਖੇਡਿਆ ਹੈ|

ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੇ ਪ੍ਰਾਈਵੇਟ ਪੰਜ ਤਾਰਾ ਹੋਟਲ ਵਿਚ ਸਿਆਸੀ ਹਲਚਲ ਬਣੀ ਰਹੀ| ਕਰੀਬ ਪੌਣੇ ਛੇ ਵਜੇ ਸ਼ਾਮੀਂ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਪੁਸ਼ਟੀ ਕੀਤੀ| ਉਸ ਮਗਰੋਂ ਹੀ ਚਰਨਜੀਤ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਆਦਿ ਨਾਲ ਰਾਜ ਭਵਨ ਲਈ ਰਵਾਨਾ ਹੋਏ| ਸ੍ਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਆਪਣਾ ਦਾਅਵਾ ਪੇਸ਼ ਕੀਤਾ| ਰਾਜ ਭਵਨ ਦੇ ਬਾਹਰ ਚੰਨੀ ਨੇ 7 ਵਜੇ ਸ਼ਾਮੀਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਕੋਲ ਦਾਅਵਾ ਪੇਸ਼ ਕਰ ਦਿੱਤਾ ਹੈ ਅਤੇ ਰਾਜਪਾਲ ਵਲੋਂ ਭਲਕੇ 11 ਵਜੇ ਹਲਫ਼ ਲੈਣ ਦਾ ਸਮਾਂ ਦਿੱਤਾ ਗਿਆ ਹੈ|

ਪਾਰਟੀ ਹਾਈ ਕਮਾਨ ਨੂੰ ਅੱਜ ਅੰਤਿਮ ਫੈਸਲਾ ਲੈੈਣ ਲਈ ਕਾਫੀ ਮੁਸ਼ਕਲ ਦੌਰ ਵਿਚੋਂ ਲੰਘਣਾ ਪਿਆ| ਕੇਂਦਰੀ ਨਿਗਰਾਨਾਂ ਨੇ ਅੱਜ ਦਿਨ ਵੇਲੇ ਵਿਧਾਇਕਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਰਾਏ ਮੰਗੀ। ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ’ਤੇ ਲੰਮੀ ਬਹਿਸ ਚੱਲੀ| ਹਾਈ ਕਮਾਨ ਵੱਲੋਂ ਸੁਨੀਲ ਜਾਖੜ ਨੂੰ ਅੱਗੇ ਕਰਕੇ ਹਿੰਦੂ ਪੱਤਾ ਖੇਡਣ ਬਾਰੇ ਸੋਚਿਆ ਗਿਆ ਸੀ, ਪਰ ਅੰਬਿਕਾ ਸੋਨੀ ਨੇ ਅਚਾਨਕ ਦੁਪਹਿਰ ਵਕਤ ਮੁੱਖ ਮੰਤਰੀ ਸਿੱਖ ਚਿਹਰਾ ਹੋਣ ਦਾ ਐਲਾਨ ਕਰ ਦਿੱਤਾ| ਹਾਈ ਕਮਾਨ ਦੀ ਇੱਛਾ ਸੀ ਕਿ ਨਵਾਂ ਚਿਹਰਾ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਵਾਲਾ ਹੋਵੇ|

ਦੇਰ ਸ਼ਾਮ ਰਾਜ ਭਵਨ ’ਚੋਂ ਰਵਾਨਾ ਹੋ ਕੇ ਚਰਨਜੀਤ ਚੰਨੀ ਸਿੱਧਾ ਆਪਣੀ ਰਿਹਾਇਸ਼ ’ਤੇ ਪੁੱਜੇ ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਧਾਇਕਾਂ ਨੇ ਚੰਨੀ ਨੂੰ ਮੁਬਾਰਕਾਂ ਦਿੱਤੀਆਂ| ਹੁਣ ਜਦੋਂ ਚੰਨੀ ਮੁੱਖ ਮੰਤਰੀ ਐਲਾਨੇ ਜਾ ਚੁੱਕੇ ਹਨ ਤਾਂ ਉਨ੍ਹਾਂ ਅੱਗੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਾ ਵੀ ਪਰਖ ਵਾਲੀ ਗੱਲ ਹੋਵੇਗੀ|

ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਨਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਭੂਮਿਕਾ ਲਈ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਮਹੱਤਵਪੂਰਨ ਹੈ। ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਨੂੰ ਮੁਬਾਰਕਾਂ ਦਿੱਤੀਆਂ ਹਨ। ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਬ੍ਰਹਮ ਮਹਿੰਦਰਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਵਧਾਈ ਦਿੱਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਨੇ ਅਸਤੀਫੇ ਤੋਂ ਪਹਿਲਾਂ ਸੋਨੀਆ ਨੂੰ ਲਿਖਿਆ ਪੱਤਰ
Next articleਉੱਤਰਾਖੰਡ ’ਚ ਸੱਤਾ ਵਿੱਚ ਆਉਣ ’ਤੇ ਦਿਆਂਗੇ ਬੇਰੁਜ਼ਗਾਰੀ ਭੱਤਾ: ਕੇਜਰੀਵਾਲ