ਮੋਰਿੰਡਾ (ਸਮਾਜ ਵੀਕਲੀ): ਇਲਾਕੇ ਦੀਆਂ ਮਿਲਕ ਸਭਾਵਾਂ ਦੇ ਪ੍ਰਧਾਨਾਂ ਨੇ ਸਮੂਹਿਕ ਤੌਰ ’ਤੇ ਦਾਣਾ ਮੰਡੀ ਮੋਰਿੰਡਾ ’ਚ ਪ੍ਰੈੱਸ ਕਾਨਫਰੰਸ ਕੀਤੀ। ਜਿਸਦੀ ਅਗਵਾਈ ਜ਼ੋਨ 5 ਤੋਂ ਉਮੀਦਵਾਰ ਤੇ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੁਹਾਲੀ ਪਰਮਿੰਦਰ ਸਿੰਘ ਚਲਾਕੀ ਨੇ ਕੀਤੀ। ਪ੍ਰੈੱਸ ਦੌਰਾਨ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜ਼ੋਨ ਨੰ. 4 ਤੇ 5 ’ਚ ਮਿਲਕ ਪਲਾਂਟ ਮੁਹਾਲੀ ਦੇ ਨਿਰਦੇਸ਼ਕਾਂ ਦੀ ਚੋਣ ’ਚ ਦਖਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸਾਰੇ ਹਲਕੇ ਦਾ ਪ੍ਰਤੀਨਿਧੀ ਹੁੰਦਾ ਹੈ ਨਾ ਕਿ ਕਿਸੇ ਖਾਸ ਲੋਕਾਂ ਦਾ।
ਮੀਟਿੰਗ ’ਚ ਹਾਜ਼ਰ ਸਮੂਹ ਦੁੱਧ ਉਤਪਾਦਕ, ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਤੇ ਮੈਂਬਰਾਂ ਨੇ ਰੋਸ ਕੀਤਾ ਕਿ ਚੰਨੀ ਵੱਲੋਂ ਆਪਣੇ ਚਹੇਤੇ ਸੰਭਾਵੀ ਉਮੀਦਵਾਰ ਲਈ ਕਾਨੂੰਨ ਛਿੱਕੇ ਟੰਗ ਦਿੱਤੇ ਹਨ। ਪਹਿਲਾਂ ਉਸਨੂੰ ਸਹਿਕਾਰੀ ਸਭਾ ਦਾ ਮੈਂਬਰ ਬਣਾਇਆ ਤੇ ਹੁਣ ਸਹਿਕਾਰੀ ਸਭਾ ਦੇ ਪ੍ਰਧਾਨਾਂ ਤੇ ਸਕੱਤਰਾਂ ’ਤੇ ਦਬਾਅ ਪਾ ਰਹੇ ਹਨ। ਸ੍ਰੀ ਚਲਾਕੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਰਾਜਵੀਰ ਸਿੰਘ ਕੈਬਨਿਟ ਮੰਤਰੀ ਦੇ ਇਸ਼ਾਰੇ ’ਤੇ ਸਾਰੀਆਂ ਸਭਾਵਾਂ ’ਤੇ ਚੰਨੀ ਦੇ ਚਹੇਤੇ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਚੰਨੀ ਸਰਕਾਰੀ ਮਸ਼ੀਨਰੀ ਨੂੰ ਵਰਤ ਕੇ ਉਨ੍ਹਾਂ ਦੇ ਉਮੀਦਵਾਰੀ ਦੇ ਨਾਮਜ਼ਦਗੀ ਪੱਤਰ ਵੀ ਰੱਦ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੋ ਚੰਨੀ ਦਾ ਸੰਭਾਵੀ ਉਮੀਦਵਾਰ ਜ਼ੋਨ ਨੰਬਰ 5 ਤੋਂ ਉਨ੍ਹਾਂ ਦੇ ਵਿਰੋਧ ’ਚ ਉਮੀਦਵਾਰ ਬਣਾਇਆ ਜਾ ਰਿਹਾ ਹੈ, ਉਹ ਸਹਿਕਾਰਤਾ ਵਿਭਾਗ ਦੇ ਕਾਨੂੰਨ ਮੁਤਾਬਕ ਸ਼ਰਤਾਂ ਵੀ ਪੂਰੀਆਂ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਹ ਕੈਬਨਿਟ ਮੰਤਰੀ ਦੀ ਬੇਵਜਾ ਦਖਲਅੰਦਾਜ਼ੀ ਨੂੰ ਦੇਖਦਿਆਂ ਅਦਾਲਤ ਦਾ ਵੀ ਦਰਵਾਜ਼ਾ ਖੜਕਾਉਣਗੇ ਤੇ ਸਰਕਾਰ ਤੋਂ ਮੰਗ ਕਰਨਗੇ ਕਿ ਇਹ ਚੋਣ ਕਿਸੇ ਸੀਨੀਅਰ ਆਈਏਐੱਸ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਤਾਂ ਜੋ ਚੋਣ ਨਿਰਪੱਖ ਕਰਾਈ ਜਾ ਸਕੇ। ਜੇ ਮੰਤਰੀ ਵੱਲੋਂ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਖਲਅੰਦਾਜ਼ੀ ਦਾ ਉਨ੍ਹਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਇਸ ਮੌਕੇ ਦਲਜੀਤ ਸਿੰਘ ਚਲਾਕੀ ਬੀਕੇਯੂ ਲੱਖੋਵਾਲ, ਰੇਸ਼ਮ ਸਿੰਘ ਵਡਾਲੀ ਬੀਕੇਯੂ ਕਾਦੀਆਂ, ਪਰਮਜੀਤ ਸਿੰਘ ਅਮਰਾਲੀ, ਕੁਲਵਿੰਦਰ ਸਿੰਘ ਉੱਧਮਪੁਰ ਬੀ.ਕੇ.ਯੂ. ਸਿੱਧੂਪੁਰ, ਮਨਪ੍ਰੀਤ ਸਿੰਘ ਰਾਣਾ ਪ੍ਰਧਾਨ ਫਤਿਹਪੁਰ, ਕਰਨੈਲ ਸਿੰਘ ਡੂਮਛੇੜੀ, ਬਲਦੀਪ ਸਿੰਘ ਪ੍ਰਧਾਨ ਸੰਗਤਪੁਰਾ, ਗੁਰਚਰਨ ਸਿੰਘ ਢੋਲਣਮਾਜਰਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly