‘ਬਦਲਦੇ ਮੌਸਮਾਂ ਅੰਦਰ’ ਗ਼ਜ਼ਲ ਸੰਗ੍ਰਹਿ ਦਾ ਰੀਵਿਊ

ਲੇਖਕ ਅਮਰਜੀਤ ਸਿੰਘ ‘ਜੀਤ’
(ਸਮਾਜ ਵੀਕਲੀ) ਬਦਲਦੇ ਮੌਸਮਾਂ ਅੰਦਰ ਸਮਰੱਥ ਗ਼ਜ਼ਲਕਾਰ ਅਮਰਜੀਤ ਸਿੰਘ ਜੀਤ ਦਾ ਦੂਸਰਾ ਗਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 2014 ਈਸਵੀ ਵਿੱਚ ਚਾਨਣ ਦਾ ਛਿੱਟਾ ਨਾਂ ਦੇ ਗ਼ਜ਼ਲ ਸੰਗ੍ਰਹਿ ਨਾਲ ਗ਼ਜ਼ਲ ਖੇਤਰ ਵਿਚ ਸਹਿਜ ਅਤੇ ਸੁਹਜ ਭਰੀ ਹਲਕੀ ਜਿਹੀ ਦਸਤਕ ਦੇ ਚੁੱਕਿਆ ਹੈ। ਹੱਥਲੇ ਸੰਗ੍ਰਹਿ ਨੂੰ ਜੀਤ ਆਪਣੇ ਪ੍ਰੇਰਨਾਸ੍ਰੋਤ ਸ਼ਾਇਰ ਪਿਤਾ ਸ੍ਰ. ਰੂਪ ਸਿੰਘ ਸ਼ਾਂਤ ਅਤੇ ਮਾਤਾ ਸ੍ਰੀਮਤੀ ਸਵਿੱਤਰੀ ਦੇਵੀ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਹੈ।ਵਿਚਾਰ ਅਧੀਨ ਗ਼ਜ਼ਲ ਸੰਗ੍ਰਹਿ ਦਾ ਨਾਮ ਹੀ ਇਹ ਸੰਕੇਤ ਦਿੰਦਾ ਹੈ ਕਿ ਵਰਤਮਾਨ ਸਮੇਂ ਹਰ ਖੇਤਰ ਮਸਲਨ- ਰਾਜਨੀਤਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਆਦਿ ਵਿੱਚ ਬੜੀ ਤੇਜੀ ਨਾਲ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਹਾਂ ਪੱਖੀ ਘੱਟ ਅਤੇ ਨਾਂਹ ਪੱਖੀ ਜ਼ਿਆਦਾ ਹਨ। ਇਹਨਾਂ ਨੇ ਸੰਸਾਰ ਪੱਧਰ ਤੇ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਿਆਂ ਉਸ ਦੇ ਅੱਗੇ ਅਣਗਿਣਤ ਮੁਸ਼ਕਿਲਾਂ ਅਤੇ ਚੁਣੌਤੀਆਂ ਖੜੀਆਂ ਕੀਤੀਆਂ ਹਨ।
ਇਸ ਸੰਗ੍ਰਹਿ ਦੀ ਭੂਮਿਕਾ ਵਿਚ ਪ੍ਰਸਿੱਧ ਆਲੋਚਕ ਸ੍ਰੀ ਗੁਰਦੇਵ ਖੋਖਰ ਵੀ ਇਹਨਾਂ ਤਬਦੀਲੀਆਂ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ, “ਅਮਰਜੀਤ ਸਿੰਘ ਜੀਤ ਆਧੁਨਿਕ ਜੀਵਨ ਦੀਆਂ ਵਿਸੰਗਤੀਆਂ, ਕੁਹਜ, ਧਰਮ-ਅਧਰਮ ਅਤੇ ਆਰਥਿਕ ਕਾਣੀ ਵੰਡ ਵਰਗੇ ਸਮਾਜਿਕ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਦਾ ਵਿਸ਼ਾ-ਵਸਤੂ ਬਣਾਉਂਦਾ ਹੈ।” ਸ਼ਾਇਰ ਖੁਦ ਵੀ ‘ਮੈਂ ਕਿਉਂ ਲਿਖਦਾ ਹਾਂ?’ ਅਨੁਵਾਨ ਵਿਚ ਇਸ ਪੁਸਤਕ ਦੇ ਪੰਨਾ ਨੰਬਰ 17-18 ਤੇ ਖੁਲਾਸਾ ਕਰਦਾ ਹੈ ਕਿ, “ਮੈਂ ਆਪਣੇ ਆਲੇ ਦੁਆਲੇ ਜੋ ਵੀ ਅਸਧਾਰਨ ਅਤੇ ਅਣਸੁਖਾਵਾਂ ਵਰਤਾਰਾ ਵੇਖਦਾ ਹਾਂ, ਉਸ ਦੇ ਪ੍ਰਤਿਕਰਮ ਵਜੋਂ ਆਪਣੇ ਮਨ ‘ਚ ਉਠਦੇ ਵਿਚਾਰਾਂ ਨੂੰ ਸ਼ਾਬਦਿਕ ਰੂਪ ਦੇ ਕੇ ਆਪਣੀ ਕਲਮ ਰਾਹੀਂ ਪਾਠਕਾਂ ਨਾਲ ਸਾਂਝਾ ਕਰਦਾ ਹਾਂ। ਆਪਣੀ ਸਿਰਜਣ ਸਮਰੱਥਾ ਅਨੁਸਾਰ ਹੀ ਮੈਂ ਸਮਾਜਿਕ ਕੁਰੀਤੀਆਂ, ਵਿਸੰਗਤੀਆਂ ਅਮਾਨਵੀ ਸ਼ਕਤੀਆਂ ਦੇ ਖਿਲਾਫ ਆਪਣੀ ਅਵਾਜ਼ ਚੁਕਦਾ ਹਾਂ।”
ਰਾਜਨੀਤੀ ਦਾ ਮਨੁੱਖੀ ਜ਼ਿੰਦਗੀ ਨਾਲ ਸਿੱਧਾ ਅਤੇ ਅਟੁੱਟ ਸੰਬੰਧ ਹੈ। ਸਮਾਜ ਦੇ ਬਾਕੀ ਪੱਖ ਰਾਜਨੀਤਕ ਪ੍ਰਬੰਧ ਦੇ ਅਧੀਨ ਹੀ ਕਾਰਜ ਕਰਦੇ ਹਨ। ਭਲੇ ਵੇਲਿਆਂ ਵਿਚ ਰਾਜੇ ਨੂੰ ਪਰਜਾ ਦਾ ‘ਰੱਬ’ (ਪਾਲਕ) ਕਿਹਾ ਜਾਂਦਾ ਸੀ ਪਰ ਵਰਤਮਾਨ ਕੂੜ ਅਤੇ ਕਾਲੇ ਸਮਿਆਂ ਵਿੱਚ ਭਾਵੇਂ ਲੋਕਤੰਤਰ ਹੈ ਪਰ ਰਾਜੇ ਦਾ ਕਿਰਦਾਰ ਰੱਬ ਤੋਂ ਯਮਦੂਤ ਵਾਲਾ ਬਣ ਗਿਆ ਹੈ। ਜਿਸ ਤਰ੍ਹਾਂ ਘਰ ਦਾ ਵਿਹੜਾ ਧੋਣ ਲਈ ਛੱਤ ਤੋਂ ਪਾਣੀ ਡੋਲਦਿਆ ਵਿਹੜਾ ਸਾਫ਼ ਹੋ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਰਾਜਨੀਤਕ ਢਾਂਚੇ ਨੇ ਹੇਠਲੇ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਂਦਿਆਂ ਮਨੁੱਖ ਦੇ ਦੁੱਖਾਂ ਸੁੱਖਾਂ ਦਾ ਖਿਆਲ ਰੱਖਣਾ ਹੁੰਦਾ ਹੈ।ਇਸ ਪੁਸਤਕ ਵਿਚ ਸ਼ਾਇਰ ਨੇ ਸਾਡੇ ਹਿੰਦੋਸਤਾਨ ਸਮੇਤ ਵਿਸ਼ਵ ਅਖੌਤੀ ਲੋਕਤਾਂਤਰਿਕ ਦੇਸ਼ਾਂ ਦੇ ਹਾਕਮਾਂ ਦੀ ਕਾਰਜ਼ ਸ਼ੈਲੀ ਬਾਰੇ ਥਾਂ ਥਾਂ ਸਵਾਲ ਚੁੱਕੇ ਹਨ। ਉਹ ਲਿਖਦਾ ਹੈ;
ਤੇਰੇ ਸੰਗਤ ਦਰਸ਼ਨ ਅੰਦਰ ਸੰਗਤ ਹੈ ਬੇ-ਚੈਨ,
ਲਾਲੋ ਹਿੱਸੇ ਕੁੱਟ-ਕੁਟਾਪਾ, ਭਾਗੋ ਲਈ ਵਰਦਾਨ। (ਪੰਨਾ-25)
ਕਰੀ ਜੇ ਕਸਰਤਾਂ ਜਾਂਦੇ ਨੇ ਇਸ ਟਾਹਣੀ ਤੋਂ ਉਸ ਟਾਹਣੀ,
ਬਚਾ ਕੇ ਬਾਗ਼ ਨੂੰ ਰੱਖੋ ਅਜੇਹੇ ਬਾਂਦਰਾਂ ਹੱਥੋਂ (ਪੰਨਾ-40)
ਦੇਸ਼ ਦੇ ਕਰੂਰ ਅਤੇ ਕਰੂਪ ਇਸ ਰਾਜਨੀਤਕ ਪ੍ਰਬੰਧ ਨੇ ਜਨ ਸਾਧਾਰਨ ਨੂੰ ਬੁਰੀ ਤਰ੍ਹਾਂ ਨਪੀੜਿਆ ਅਤੇ ਨਿਚੋੜਿਆ ਹੈ। ਆਜ਼ਾਦੀ ਦੀ ਪੌਣੀ ਸਦੀ ਤੋਂ ਬਾਅਦ ਵੀ 140 ਕਰੋੜ ਆਬਾਦੀ ਵਿਚੋਂ ਅੱਧੀ ਆਬਾਦੀ ਕੋਲ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵੀ ਨਾ-ਕਾਫੀ ਹਨ ਅਤੇ ਦੂਜੇ ਪਾਸੇ ਦੇਸ਼ ਦੇ ਮੰਤਰੀਆਂ, ਸੰਤਰੀਆਂ, ਅਫਸਰਾਂ, ਅਧਿਕਾਰੀਆਂ ਅਤੇ ਖ਼ਾਸ ਤੌਰ ਤੇ
ਕਾਰਪੋਰੇਟਾਂ ਕੋਲ ਅਣਤੋਲਵੀਂ ਧਨ ਦੌਲਤ ਅਤੇ ਜੀਵਨ ਜਿਉਣ ਦੇ ਹੀ ਨਹੀਂ, ਬਲਕਿ ਅਯਾਸ਼ੀ ਦੇ ਹਰ ਕਿਸਮ ਦੇ ਸੁਖ ਸਾਧਨ ਹਨ। ਇਸ ਆਰਥਿਕ ਲੁੱਟ ਖਸੁੱਟ ਅਤੇ ਕਾਣੀ ਵੰਡ ਨੂੰ ਸ਼ਾਇਰ ਥਾਂ ਥਾਂ ਆਪਣੀ ਕਲਮ ਦੀ ਨੋਕ ਤੇ ਰੱਖਦਾ ਹੈ;
ਕੀਮਤਾਂ ਅਸਮਾਨ ਨੂੰ ਹੁਣ ਛੋਂਹਦੀਆਂ ਬੇਸ਼ੱਕ ਨੇ,
ਦੇਖ ਲੇਬਰ ਚੌਕ ਵਿਚ ਬਾਜ਼ਾਰ ਮੰਦਾ ਹੋ ਗਿਆ।(ਪੰਨਾ-32)
ਜਿਨ੍ਹਾਂ ਲਈ ਅਹਿਮ ਹੋਣਾ ਸੀ ਮੁਲਕ ਖੁਸ਼ਹਾਲ ਦਾ ਮਸਲਾ।
ਉਹਨਾਂ ਦੇ ਸਿਰ ਤੇ ਹੁਣ ਭਾਰੂ ਹੈ ਆਟੇ ਦਾਲ ਦਾ ਮਸਲਾ।(ਪੰਨਾ-27)
ਸੂਚਨਾ ਕ੍ਰਾਂਤੀ, ਤਕਨਾਲੋਜੀ ਅਤੇ ਲੁੱਟ ਅਧਾਰਿਤ ਰਾਜਨੀਤਕ ਉੱਥਲ ਪੁਥਲ ਕਾਰਣ ਆਮ ਮਨੁੱਖ ਸਮਾਜਿਕ ਰੁਤਬਿਆਂ, ਸ਼ੋਹਰਤਾਂ, ਦੌਲਤਾਂ ਅਤੇ ਵਸਤੂਆਂ ਆਦਿ ਦੀ ਅੰਨੀ ਦੌੜ ਵਿਚ ਆਪਣੇ ਜੀਵਨ ਦੀ ਸਹਿਜ ਤੋਰ, ਸਕੂਨ ਅਤੇ ਸ਼ਾਂਤੀ ਗੁਆ ਚੁੱਕਾ ਹੈ। ਬੇਰੋਕ ਤੇਜ ਰਫਤਾਰ ਨਾਲ ਇਸ ਸਮਾਜਿਕ ਬਦਲਾਅ ਦੇ ਜਨ ਜੀਵਨ ਤੇ ਪਏ ਮਾੜੇ ਪ੍ਰਭਾਵਾਂ ਸੰਬੰਧੀ ਵੀ ਸ਼ਾਇਰ ਪਾਠਕ ਨੂੰ ਸੂਚਿਤ ਕਰਨ ਦੇ ਨਾਲ ਨਾਲ ਸੁਚੇਤ ਕਰਦਾ ਹੈ;
ਗੁਆ ਕੇ ਸਹਿਜ ਉਹ ਆਪਣਾ ਲੁਟਾਈ ਚੈਨ ਹੈ ਫਿਰਦਾ। ਪਿਆ ਹੈ ਉਲਝਿਆ ਤਾਈ ‘ਚ ਉਲਝੇ ਲੜ ਤਰ੍ਹਾਂ ਚਿਰਦਾ।(ਪੰਨਾ -56)
ਦੋਸ਼ ਕਿਸੇ ਇਕ ਨੂੰ ਵੀ ਦੇਣਾ ਵਾਜਬ ਨਈਂ,
ਇਸ ਮੰਡੀ ਦੇ ਦੌਰ ਨੇ ਹਰ ਇਕ ਨੂੰ ਭਰਮਾਇਆ ਹੈ।(ਪੰਨਾ-68)
ਪ੍ਰਾਚੀਨ ਸਮਿਆਂ ਵਿੱਚ ਜਿੱਥੇ ਧਰਮ ਰਾਜਿਆਂ ਨੂੰ ਅਗਵਾਈ ਦਿੰਦਾ ਸੀ ਉੱਥੇ ਜਨ ਸਾਧਾਰਨ ਵੀ ਧਰਮ ਦੀ ਬਦੌਲਤ ਮਾਨਵੀ ਜੀਵਨ ਮੁੱਲਾਂ ਅਨੁਸਾਰ ਸਾਦਾ, ਸਹਿਜ ਅਤੇ ਸੱਚਾ ਸੁੱਚਾ ਜੀਵਨ ਬਤੀਤ ਕਰਦਾ ਸੀ। ਅਜੋਕੇ ਦੌਰ ਵਿਚ ਜਿਥੇ ਰਾਜਨੀਤੀਵੇਤਾ ਧਰਮ ਦਾ ਸਹਾਰਾ ਲੈ ਕੇ ਸੱਤਾ ਦੇ ਮੰਦਰ ਸੰਸਦ ਦੀਆਂ ਪੌੜੀਆਂ ਚੜ੍ਹ ਰਹੇ ਹਨ ਉਥੇ ਚੁਸਤ ਚਲਾਕ ਧਾਰਮਿਕ ਲੋਕ ਵੀ ਧਰਮ ਦੀ ਆੜ ਤਹਿਤ ਅਨੈਤਿਕ ਕਾਰਜ ਕਰਨ ਦੇ ਨਾਲ ਨਾਲ ਮਾਇਆ ਨਾਲ ਵੀ ਖੂਬ ਹੱਥ ਰੰਗ ਰਹੇ ਹਨ। ਇਨ੍ਹਾਂ ਚੁਸਤ ਚਲਾਕ ਅਤੇ ਮਨੁੱਖ ਦੋਖੀ ਅਨਸਰਾਂ ਨੇ ਧਰਮ ਦੇ ਅਰਥ ਹੀ ਉਲਟਾ ਦਿੱਤੇ ਹਨ। ਸਿੱਟੇ ਵਜੋਂ ਅਸਲੀ ਧਰਮ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ। ਫਲਸਰੂਪ ਧਰਮ ਦੇ ਬਦਲਵੇਂ ਰੂਪ ਡੇਰਾਵਾਦ ਦਾ ਪ੍ਰਚਲਨ ਇਸ ਵਕਤ ਜ਼ੋਰਾਂ ਤੇ ਹੈ। ਧਰਮ ਦੇ ਇਸ ਮਾਨਵ ਵਿਰੋਧੀ ਬਦਲਾਅ ਨੂੰ ਵੀ ਅਮਰਜੀਤ ਸਿੰਘ ਜੀਤ ਥਾਂ ਥਾਂ ਆਪਣੀ ਸ਼ਾਇਰੀ ਵਿਚ ਜ਼ੋਰਦਾਰ ਢੰਗ ਨਾਲ ਪੇਸ਼ ਕਰਦਾ ਹੈ;
ਐਨਾ ਵਿਕਾਸ ਹੋਇਆ, ਵਧਿਆ ਵਪਾਰ ਇਉਂ,
ਡੇਰਾ ਸੀ ਕੱਲ੍ਹ ਤੱਕ ਜੋ, ਅੱਜ ਉਹ ਦੁਕਾਨ ਹੈ। (ਪੰਨਾ-21)
ਉਪਰੋਕਤ ਮਸਲਿਆਂ ਤੋਂ ਇਲਾਵਾ ਅਮਰਜੀਤ ਸਿੰਘ ਜੀਤ ਇਸ ਗ਼ਜ਼ਲ ਸੰਗ੍ਰਹਿ ਵਿਚ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ, ਪਲੀਤ ਹੋਇਆ ਵਾਤਾਵਰਨ ਤੇ ਰਿਸ਼ਤਾ ਨਾਤਾ ਪ੍ਰਬੰਧ, ਮਾਨਵੀ ਕੀਮਤਾਂ ਦਾ ਵਿਘਟਨ, ਬੰਦੇ ਦਾ ਦੋਗਲਾਪਣ, ਅਸਾਵਾਂ ਪ੍ਰਵਾਸ ਜਿਹੇ ਮੁੱਦੇ, ਮਸਲੇ ਅਤੇ ਮਾਨਵੀ ਸੰਕਟਾਂ ਦੀ ਪੇਸ਼ਕਾਰੀ ਕਰਦਾ ਹੈ ਅਤੇ ਆਵਾਮ ਨੂੰ ਇਨ੍ਹਾਂ ਸੰਕਟਾਂ ਪ੍ਰਤੀ ਜਾਗਰੂਕ ਵੀ ਕਰਦਾ ਹੈ
‘ਬਦਲਦੇ ਮੌਸਮਾਂ ਅੰਦਰ’ ਸ਼ਿਲਪਗਤ ਪਰਖ ਪੜਚੋਲ ਕਰਦਿਆਂ ਮੇਰਾ ਮੰਨਣਾ ਹੈ ਕਿ ਅਮਰਜੀਤ ਸਿੰਘ ਜੀਤ ਕੋਲ ਗ਼ਜ਼ਲ ਦੇ ਵਿਧੀ ਵਿਧਾਨ ਅਤੇ ਕਾਵਿ ਭਾਸ਼ਾ ਦੀ ਲੋੜੀਦੀ ਸੂਝ-ਬੂਝ ਅਤੇ ਸਮਰੱਥਾ ਹੈ। ਉਹ ਠੇਠ ਮਲਵਈ ਭਾਸ਼ਾ ਵਿਚ ਜੀਵਨ ਦੇ ਵੱਖ ਵੱਖ ਰੰਗਾਂ ਅਤੇ ਧੁੰਦਲੇ ਦ੍ਰਿਸ਼ਾਂ ਨੂੰ ਬੜੀ ਸਰਲਤਾ ਅਤੇ ਸਹਿਜਤਾ ਨਾਲ ਸਫਿਆਂ ਤੇ ਉਲੀਕਦਾ ਹੈ। ਸਪਾਟ ਬਿਆਨੀ ਬੇਸ਼ੱਕ ਭਾਵਾਂ ਵਿਚਾਰਾਂ ਦੇ ਸੰਦਰਭ ਵਿੱਚ ਤਾਂ ਬੇਹੱਦ ਸਹਾਈ ਹੁੰਦੀ ਹੈ ਪਰ ਗ਼ਜ਼ਲ ਕਾਵਿ ਰੂਪ ਦੇ ਪ੍ਰਮੁੱਖ ਤੱਤ ਤਗ਼ਜ਼ਲ ਲਈ ਗ਼ਜ਼ਲ ਉਸਤਾਦ, ਪ੍ਰਸਿੱਧ ਅਜੋਕੇ ਜਦੀਦ ਗ਼ਜ਼ਲਕਾਰ ਅਤੇ ਆਲੋਚਕ ਇਸ ਨੂੰ ਐਬ ਮੰਨਦੇ ਹਨ। ਸ਼ਾਇਰ ਕਈ ਥਾਵਾਂ ਉਤੇ ਇਸ ਐਬ ਦਾ ਸ਼ਿਕਾਰ ਹੋ ਜਾਂਦਾ ਹੈ। ਉਸਨੂੰ ਇਸ ਤੋਂ ਬਚਣ ਦੀ ਜ਼ਰੂਰਤ ਹੈ।
ਇਸ ਪੁਸਤਕ ਵਿਚ ਜਿੱਥੇ ਸ਼ਾਇਰ ਨੇ ਇਕੀਵੀਂ ਸਦੀ ਦੀਆਂ ਬਦਲਦੀਆਂ ਅਤੇ ਬਦਲ ਰਹੀਆਂ ਪ੍ਰਸਥਿਤੀਆਂ ਵੱਲ ਜਨ ਸਮੂਹ ਦਾ ਧਿਆਨ ਦੁਆਇਆ ਹੈ ਉਥੇ ਉਸਨੇ ਇਨ੍ਹਾਂ ਨਾਂਹ ਪੱਖੀ ਪ੍ਰਸਥਿਤੀਆਂ ਪ੍ਰਤੀ ਆਵਾਮ ਨੂੰ ਸੁਚੇਤ ਵੀ ਕੀਤਾ ਹੈ। ਉਸਦੇ ਅਜਿਹੇ ਅਨੇਕਾਂ ਸ਼ੇਅਰ ਇਸ ਪੁਸਤਕ ਦੇ ਪੰਨਿਆਂ ਤੇ ਚਿਰਾਗਾਂ ਵਾਂਗ ਜਗਦੇ ਦਿਖਾਈ ਦਿੰਦੇ ਹਨ;
ਐ ਜੁਝਾਰੂ! ਦੋਸਤੋ ਥੋਡੀ ਪਰਖ ਦੀ ਹੈ ਘੜੀ,
ਦੇਖਦੈ ਜ਼ਾਲਮ ਕਿ ਕਿਸ ਦਾ ਜੋਸ਼ ਠੰਡਾ ਹੋ ਰਿਹਾ।(ਪੰਨਾ-32)
ਫਸੇ ਨਾ ਜਾਲ ਵਿੱਚ ਰਹਿਣਾ ਰਜਾ ਭਗਵਾਨ ਦੀ ਮੰਨ ਕੇ,
 ਕਰੋ ਹਿੰਮਤ, ਜੜੋਂ ਕੱਟੇ ਤਲਿਸਮੀ ਜਾਲ ਦਾ ਮਸਲਾ। (ਪੰਨਾ-27)
 ਜਗਾਉਣੋ ਮੈਂ ਨਹੀਂ ਹਟਦਾ, ਬੁਝਾਉਣੇ ਉਹ ਨਹੀਂ ਹਟਦੀ, ਮੈਂ ਚਾਹਾਂ ਰੌਸ਼ਨੀ ਐਪਰ ਵਗੇ ਉਹ ਪੌਣ ਵੀ ਅੱਥਰੀ। (ਪੰਨਾ-53)
 ਲੋਕਾਂ ਦਿੱਤੀ ਚੌਕੀਦਾਰੀ ਉਹ ਜਾ ਰਲਿਆ ਚੋਰਾਂ ਸੰਗ,
ਜਾਗ ਪਏ ਨੇ ਲੋਕੀਂ ਹੁਣ ਤਾਂ ਉਸਨੂੰ ਪਾੜ ਚੋਂ ਫੜਨਾ ਹੈ।(ਪੰਨਾ-84)
ਇਸ ਤਰ੍ਹਾਂ ਅਮਰਜੀਤ ਸਿੰਘ ਜੀਤ ਦਾ ਇਹ ਗ਼ਜ਼ਲ ਸੰਗ੍ਰਹਿ ਬਦਲਦੇ ਮੌਸਮਾਂ ਅੰਦਰ ਜਿੱਥੇ ਵਿਸ਼ਵਵਿਆਪੀ ਬਦਲਾਵਾਂ ਵੱਲ ਪਾਠਕਾਂ ਦਾ ਧਿਆਨ ਦੁਆਉਂਦਾ ਹੈ ਉਥੇ ਪਾਠਕਾਂ ਨੂੰ ਮਨੁੱਖ ਦੋਖੀ ਹਾਲਤਾਂ ਅਤੇ ਤਾਕਤਾਂ ਅੱਗੇ ਅਡਿੱਗ, ਅਡੋਲ ਅਤੇ ਅਬਦਲ ਰਹਿਣ ਲਈ ਸੁਚੇਤ ਕਰਦਾ ਹੋਇਆ ਸੰਘਰਸ਼ਸ਼ੀਲ ਰਹਿਣ ਲਈ ਪ੍ਰੇਰਿਤ ਵੀ ਕਰਦਾ ਹੈ।
ਸੁਰਿੰਦਰਪ੍ਰੀਤ ਘਣੀਆਂ
98140-86961
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਰਜੀਤ ਸਿੰਘ ਮੱਕੜ ਦਾ ਅੰਤਿਮ ਸਸਕਾਰ ਕੀਤਾ ਗਿਆ
Next articleਹਰਭਜਨ ਦਾਸ ਲੇਖ ਨੂੰ ਵੱਖੋ ਵੱਖ ਵਰਗਾਂ ਵਲੋਂ ਦਿੱਤੀਆਂ ਗਈਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ