ਦਲ ਬਦਲੂ

ਹਰਲਾਜ ਸਿੰਘ

(ਸਮਾਜ ਵੀਕਲੀ)

ਦਲ ਬਦਲੂਆਂ ਨੂੰ ਲੈ ਕੇ ਬਹੁਤ ਰੌਲਾ ਪੈਂਦਾ ਰਹਿੰਦਾ ਹੈ, ਜਦੋਂ ਕੋਈ ਲੀਡਰ ਦਲ ਬਦਲ ਕੇ ਸਾਡੀ ਪਾਰਟੀ ਵਿੱਚ ਆਉਂਦਾ ਹੈ ਉਦੋਂ ਉਹ ਇਮਾਨਦਾਰ ਹੁੰਦਾ ਹੈ, ਜਦੋਂ ਉਹ ਫਿਰ ਸਾਡੀ ਪਾਰਟੀ ਛੱਡ ਕੇ ਵਾਪਸ ਆਪਣੀ ਪਹਿਲੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਂਦਾ ਹੈ ਫਿਰ ਅਸੀਂ ਉਸ ਨੂੰ ਗੱਦਾਰ ਹੋਣ ਦਾ ਸਰਟੀਫਿਕੇਟ ਦੇ ਦਿੰਦੇ ਹਾਂ। ਇਹ ਨਹੀਂ ਸੋਚਦੇ ਕਿ ਜਿਸ ਦਿਨ ਉਹ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਵਿੱਚ ਆਇਆ ਸੀ ਕੀ ਓਦੋਂ ਉਹ ਗੱਦਾਰ ਨਹੀਂ ਸੀ ?

ਅਸਲ ਵਿੱਚ ਅਸੀਂ ਸਾਰੇ ਹੀ ਆਪਣੇ ਫਾਇਦੇ ਲਈ ਬਦਲਦੇ ਰਹਿੰਦੇ ਹਾਂ, ਵੋਟਰ ਵੀ ਬਦਲਦੇ ਹਨ, ਸਪੋਟਰ ਵੀ ਬਦਲਦੇ ਹਨ ਅਤੇ ਲੀਡਰ ਵੀ ਬਦਲਦੇ ਹਨ, ਸਭ ਆਪਣੇ ਵੱਲੋਂ ਠੀਕ ਕਰ ਰਹੇ ਹੁੰਦੇ ਹਨ, ਸਭ ਆਪਣੇ ਨਫੇ ਨੁਕਸਾਨ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਕਿਸੇ ਪਾਸਿਉਂ ਟੁੱਟ ਜਾਂਦੇ ਹਨ ਕਿਸੇ ਪਾਸੇ ਜੁੜ ਜਾਂਦੇ ਹਨ, ਧਾਰਮਿਕ ਖੇਤਰ ਵਿੱਚ ਵੀ ਲੋਕ ਬਦਲਦੇ ਰਹਿੰਦੇ ਹਨ, ਉੱਥੇ ਵੀ ਇਹੀ ਹਾਲ ਹੁੰਦਾ ਹੈ, ਜਦੋਂ ਕੋਈ ਹੋਰ ਧਰਮ ਦਾ ਬੰਦਾ ਸਾਡੇ ਧਰਮ ਵਿੱਚ ਆ ਜਾਵੇ ਤਾਂ ਬਹੁਤ ਚੰਗਾ, ਜੇ ਕੋਈ ਸਾਡੇ ਧਰਮ ਨੂੰ ਛੱਡ ਕੇ ਦੂਜੇ ਧਰਮ ਵਿੱਚ ਚਲਾ ਜਾਵੇ, ਫਿਰ ਗੱਦਾਰ ਜਾਂ ਵਿਕ ਗਿਆ।

ਜੇ ਗੁਰੂ ਘਰ ਦੀ ਕਮੇਟੀ ਨੂੰ ਠੀਕ ਨਾ ਲੱਗੇ ਤਾਂ ਗੁਰੂ ਘਰ ਦੀਆਂ ਕਮੇਟੀਆਂ ਗ੍ਰੰਥੀਆਂ, ਰਾਗੀਆਂ ਨੂੰ ਬਦਲ ਦਿੰਦੀਆਂ ਹਨ, ਜੇ ਗ੍ਰੰਥੀਆਂ, ਰਾਗੀਆਂ ਨੂੰ ਠੀਕ ਨਾ ਲੱਗੇ ਤਾਂ ਉਹ ਵੀ ਗੁਰੂ ਘਰ ਬਦਲ ਦਿੰਦੇ ਹਨ, ਅਸੀਂ ਆਪਣੇ ਆਂਢ ਗੁਆਂਢ ਵਿੱਚ ਵੀ ਬਦਲਦੇ ਰਹਿੰਦੇ ਹਾਂ, ਅੱਜ ਕਿਸੇ ਗੁਆਂਢੀ ਨਾਲ ਨੇੜਤਾ ਹੈ ਕੱਲ੍ਹ ਨੂੰ ਕਿਸੇ ਹੋਰ ਨਾਲ ਹੋ ਜਾਂਦੀ ਹੈ। ਜਿੰਨੇ ਉਮੀਦਵਾਰ ਜਿੱਤਦੇ ਹਨ ਉਸ ਤੋਂ ਕਈ ਗੁਣਾ ਵੱਧ ਉਮੀਦਵਾਰ ਹਾਰਦੇ ਵੀ ਹਨ, ਕਈ ਵਾਰ ਚੰਗੇ ਉਮੀਦਵਾਰ ਵੀ ਹਾਰ ਜਾਂਦੇ ਹਨ, ਕੀ ਫਿਰ ਉਹ ਵੀ ਵੋਟਰਾਂ ਨੂੰ ਗੱਦਾਰ ਕਹਿਣਗੇ ? ਕਈ ਵਾਰ ਉਸ ਬੰਦੇ ਦੀ ਗੱਲ ਵੀ ਸਹੀ ਹੋ ਸਕਦੀ ਹੈ ਜਿਸ ਨਾਲ਼ ਕੋਈ ਵੀ ਨਹੀਂ ਹੁੰਦਾ, ਜਰੂਰੀ ਨਹੀਂ ਹੁੰਦਾ ਕਿ ਹਰ ਵਾਰ ਬਹੁ ਗਿਣਤੀ ਦਾ ਫੈਸਲਾ ਸਹੀ ਹੋਵੇ, ਮੋਦੀ ਦੀ ਸਰਕਾਰ ਬਣਾਉਣਾ ਸਾਡੇ ਭਾਰਤੀਆਂ ਦੀ ਬਹੁ ਗਿਣਤੀ ਦਾ ਕਿੰਨਾ ਮਾੜਾ ਫੈਸਲਾ ਸੀ, ਉਹ ਅੱਜ ਸਭ ਦੇ ਸਾਹਮਣੇ ਹੈ, ਮੇਰੀ ਸੋਚ ਮੁਤਾਬਿਕ ਮਾੜਾ ਹੋਣਾ ਮਾੜਾ ਹੈ ਬਦਲਣਾ ਮਾੜਾ ਨਹੀਂ ਹੁੰਦਾ।

ਕਈ ਵਾਰ ਅਸੀਂ ਮਾੜੇ ਲੀਡਰ ਮਗਰ ਲੱਗ ਜਾਂਦੇ ਹਾਂ, ਕੀ ਫਿਰ ਸਾਨੂੰ ਬਦਲਣਾ ਨਹੀਂ ਚਾਹੀਂਦਾ ? ਕਈ ਵਾਰ ਲੀਡਰ ਵੀ ਗਲਤ ਪਾਰਟੀ ਵਿੱਚ ਚਲਾ ਜਾਂਦਾ ਹੈ ਕੀ ਫਿਰ ਉਸ ਨੂੰ ਉੱਥੇ ਹੀ ਰਹਿਣਾ ਚਾਹੀਂਦਾ ਹੈ ? ਜਿਹੜੇ ਲੀਡਰ ਸਾਰੀ ਉਮਰ ਪਾਰਟੀ ਨਹੀਂ ਬਦਲਦੇ ਜਰੂਰੀ ਨਹੀਂ ਹੈ ਕਿ ਉਹ ਇਮਾਨਦਾਰ ਜਾਂ ਲੋਕ ਪੱਖੀ ਹੋਣ, ਇਹ ਵੀ ਜਰੂਰੀ ਨਹੀਂ ਹੁੰਦਾ ਕਿ ਪਾਰਟੀ ਬਦਲਣ ਵਾਲੇ ਬੇਈਮਾਨ ਜਾਂ ਲੋਕ ਵਿਰੋਧੀ ਹੋਣ, ਸਾਨੂੰ ਪਾਰਟੀ ਜਾਂ ਧਰਮ ਆਦਿ ਬਦਲਣ ਤੇ ਰੌਲਾ ਪਾਉਣ ਵਾਲਿਆਂ ਨੂੰ ਚਾਹੀਂਦਾ ਹੈ ਕਿ ਅਸੀਂ ਸਾਡੇ ਚੁਣੇ ਹੋਏ ਲੀਡਰਾਂ ਦੀ ਕਾਰਗੁਜ਼ਾਰੀ ਨੂੰ ਵੇਖੀਏ ਕਿ ਉਸ ਨੇ ਲੋਕਾਂ ਲਈ ਕੀ ਕੀਤਾ ਹੈ, ਕਿਤੇ ਉਸ ਨੇ ਲੋਕਾਂ ਦੇ ਹੱਕ ਤਾਂ ਨਹੀਂ ਮਾਰੇ, ਉਸ ਤੋਂ ਹਿਸਾਬ ਮੰਗੋ ਕਿ ਤੈਂ ਪੰਜ ਸਾਲਾਂ ਵਿੱਚ ਕੀ ਕੀਤਾ ਹੈ, ਉਸ ਨੂੰ ਪੁੱਛੋ ਕਿ ਤੈਂ ਜੰਤਾ ਦੇ ਕਿੰਨੇ ਪੈਸੇ ਤਨਖਾਹਾਂ ਅਤੇ ਭੱਤਿਆਂ ਵਿੱਚ ਹੜੱਪ ਕੀਤੇ ਹਨ,

ਆਪਣੇ ਲੀਡਰਾਂ ਨੂੰ ਪੁੱਛੋ ਕਿ ਤੁਹਾਡੀਆਂ ਤਨਖਾਹਾਂ ਇੰਨੀਆਂ ਕਿਉਂ ਹਨ, ਜੋ ਲੀਡਰ ਸਾਨੂੰ ਇੱਕੋ ਥਾਂ ਟਿਕ ਕੇ ਖਾ ਰਹੇ ਹਨ ਉਹਨਾਂ ਵਾਰੇ ਤਾਂ ਅਸੀਂ ਬੋਲਦੇ ਨਹੀਂ, ਜਦੋਂ ਕਿ ਇੱਥੇ ਬੋਲਣਾ ਸਾਡਾ ਹੱਕ ਹੈ, ਪਰ ਅਸੀਂ ਆਪਣੇ ਹੱਕਾਂ ਲਈ ਬੋਲਣ ਦੀ ਥਾਂ ਦੂਜੇ ਦੇ ਹੱਕਾਂ ਵਿਰੁੱਧ ਬੋਲਣ ਨੂੰ ਹੀ ਆਪਣੇ ਹੱਕ ਸਮਝਦੇ ਹਾਂ, ਅਸੀਂ ਸਭ ਆਪਣੇ ਫੈਸਲੇ ਲੈਣ ਲਈ ਅਜਾਦ ਹਾਂ, ਅਸੀਂ ਜੋ ਮਰਜੀ ਕਰੀਏ, ਇਸ ਲਈ ਕਿਸੇ ਨੂੰ ਪਾਰਟੀ ਜਾਂ ਧਰਮ ਆਦਿ ਬਦਲਣ ਤੇ ਮੰਦਾ ਨਹੀਂ ਬੋਲਣਾ ਚਾਹੀਂਦਾ, ਹਾਂ ਤੁਹਾਨੂੰ ਉਹ ਪਸੰਦ ਨਹੀਂ ਹੈ ਤੁਸੀਂ ਉਸ ਦਾ ਸਾਥ ਨਾ ਦਿਓ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePhilippines rejects call for probe into anti-drug campaign
Next articleਰੁਲ਼ਦੂ ਅੰਮ੍ਰਿਤ ਵੇਲ਼ੇ ਬੋਲਿਆ