ਪੁਆੜੇ ਦੀ ਜੜ੍ਹ ਚੰਡੀਗੜ੍ਹ !

ਯਾਰੋ ਭੁਖੇ ਕੁਤੇ ਵਾਂਗੂ
ਆਕੜ ਨਾ ਭੰਨਿਓ
ਕੋਈ ਸੰਵਾਦ ਲਿਖਿਓ
ਜੇ ਪੰਜਾਬੀ ਹੋ ਨਹੀ
ਮੇਰੇ ਪੇਜ ਤੋਂ ਪਾਸੇ ਹੋ ਜੋ

(ਸਮਾਜ ਵੀਕਲੀ)- ਜਿਹਨਾਂ ਦਿਨਾਂ ਦੇ ਵਿੱਚ ਬਾਦਲਕਿਆਂ ਨੇ ਧਰਮ ਯੁੱਧ ਮੋਰਚਾ ਲਾਇਆ ਸੀ । ਉਨ੍ਹਾਂ ਹੀ ਦਿਨਾਂ ਦੇ ਵਿੱਚ ਗੁਰਸ਼ਰਨ ਭਾ ਜੀ ਦਾ ਨਾਟਕ ਆਇਆ ਸੀ ” ਚੰਡੀਗੜ੍ਹ ਪੁਆੜੇ ਦੀ ਜੜ੍ਹ ” ਉਹਨਾਂ ਨੇ ਇਸ ਨਾਟਕ ਵਿੱਚ ਚੰਡੀਗੜ੍ਹ ਦੇ ਬਾਰੇ ਬਹੁਤ ਹੀ ਮਜ਼ਾਹੀਆ ਤਰੀਕੇ ਇਸਦੇ ਲਾਭ ਤੇ ਹਾਨੀ ਬਾਰੇ ਦੱਸਿਆ ਸੀ । ਨਾਟਕ ਦੇਖ ਕੇ ਕੇਵਲ ਦਰਸ਼ਕ ਹੱਸਿਆ ਸੀ ਪਰ ਉਨ੍ਹਾਂ ਨੇ ਉਦੋਂ ਕੇਂਦਰ ਸਰਕਾਰ ਦੇ ਚੱਲ ਰਹੇ ਕੁਹਾੜੇ ਦੇ ਦਸਤੇ ਨੂੰ ਹੱਥ ਨਹੀਂ ਸੀ ਪਾਇਆ । ਉਸ ਵੇਲੇ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਸੀ । ਉਦੋਂ ਪੰਜਾਬ ਕੇਵਲ ਰੋਇਆ ਸੀ । ਸਿਆਸੀ ਲੋਕਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੀ । ਬਹੁਗਿਣਤੀ ਪੰਜਾਬੀਆਂ ਨੇ ਚੰਡੀਗੜ੍ਹ ਵੱਡੀਆਂ ਕੋਠੀਆਂ ਬਣਾ ਲਈਆਂ ਸੀ ।ਪਰ ਉਹ ਨਹੀਂ ਸੀ ਜਾਣਦੇ ਕਿ ਭਾਰਤੀ ਸਟੇਟ ਕਿਵੇਂ ਪੰਜਾਬ ਨੂੰ ਵੱਢ ਰਹੀ ਹੈ । ਸਿਆਸੀ ਪਾਰਟੀਆਂ ਦੇ ਬੀਜੇ ਕੰਡੇ ਹੁਣ ਰੁੱਖ ਬਣ ਗਏ ਹਨ । ਕੱਲ੍ਹ ਵਿਧਾਨ ਸਭਾ ਵਿੱਚ ਮਤਾ ਪਾਇਆ ਹੈ ਕਿ ” ਚੰਡੀਗੜ੍ਹ ਪੰਜਾਬ ਦਾ ਹੈ ਇਹ ਪੰਜਾਬ ਨੂੰ ਦਿੱਤਾ ਜਾਵੇ !” ਉਧਰ ਹਰਿਆਣੇ ਦੇ ਵਿੱਚ ਕੁੱਝ ਪਾਰਟੀਆਂ ਨੇ ਚੰਡੀਗੜ੍ਹ ਉਤੇ ਆਪਣਾ ਹੱਕ ਠੋਕਿਆ ਹੈ ।

ਕੇਂਦਰ ਸਰਕਾਰ ਵੱਲੋਂ ਆਰਾ ਲੈ ਕੇ ਪੰਜਾਬ ਦੇ ਹੁਣ ਕਈ ਟੋਟੇ ਕਰਨ ਦੀਆਂ ਖਬਰਾਂ ਵੀ ਹਨ । ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸੱਤਾ ਬਚਾਉਣ ਲਈ ਹੀ ਖੇਡਾਂ ਖੇਡੀਆਂ ਹਨ । ਪੰਜਾਬੀ ਸੂਬਾ ਮੋਰਚਾ ਵੇਲੇ ਜੇ ਚੰਡੀਗੜ੍ਹ ਦੀ ਥਾਂ ਪੰਜਾਬ ਦੇ ਵਿੱਚ ਕੋਈ ਰਾਜਧਾਨੀ ਬਣੀ ਹੁੰਦੀ ਤਾਂ ਇਹ ਦਿਨ ਵੀ ਨਾ ਦੇਖਣੇ ਪੈਦੇ । ਹੁਣ ਪੰਜਾਬ ਦਾ ਪਾਣੀ , ਭਾਖੜਾ ਡੈਮ, ਬਿਜਲੀ, ਚੰਡੀਗੜ੍ਹ ਤੇ ਹੋਰ ਬਹੁਤ ਕੁੱਝ ਗੁੰਮ ਰਿਹਾ ਹੈ । ਪੰਜਾਬ ਕਈ ਸਾਲਾਂ ਤੋਂ ਸੁਤਾ ਪਿਆ ਤੇ ਸਿਆਸੀ ਪਾਰਟੀਆਂ ਜਾਗਦੀਆਂ ਤੇ ਮੰਡੇ ਸੇਕ ਰਹੀਆਂ ਹਨ । ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਦੇ ਉਪਰ ਆਰਾ ਫੇਰਿਆ ਹੈ, ਇਸਦੇ ਵਿੱਚ ਸਿਆਸੀ ਪਾਰਟੀਆਂ ਦੇ ਨਾਲੋਂ ਪੰਜਾਬੀਆਂ ਦਾ ਬਹੁਤਾ ਕਸੂਰ ਹੈ , ਜਿਹੜੇ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਸਭ ਕੁੱਝ ਹੁੰਦਾ ਦੇਖਦੇ ਰਹੇ । ਪੰਜਾਬੀਆਂ ਨੇ ਕਿਸਾਨ ਅੰਦੋਲਨ ਕੀਤਾ ਤੇ ਜਿੱਤ ਲਿਆ ਪਰ ਪੱਲੇ ਕੀ ਪਿਆ ਹੈ ? ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਭਾਵੇਂ ਕੁੱਝ ਖੱਟਿਆ ਹੋਵੇ ਪਰ ਪੰਜਾਬ ਨੇ 750 ਕਿਸਾਨ ਮਜ਼ਦੂਰ ਸ਼ਹੀਦ ਕਰਵਾਏ । ਕੀ ਪੰਜਾਬੀ ਮਰਨ ਲਈ ਹੀ ਜੰਮਦੇ ਹਨ ? ਹੁਣ ਅਸੀਂ ਇਤਿਹਾਸ ਨੂੰ ਯਾਦ ਕਰਕੇ ਇਹ ਕਹਿ ਰਹੇ ਹਨ ਕਿ ਸਾਡੇ ਪੁਰਖਿਆਂ ” ਆ ਕੀਤਾ ਸੀ ਓ ਕੀਤਾ ਸੀ ?” ਸਾਡੇ ਪੁਰਖਿਆਂ ਨੇ ਜੋ ਕਰਨਾ ਸੀ ਕਰ ਗਏ ਪਰ ਹੁਣ ਵਾਲਿਆਂ ਕੀ ਕੀਤਾ ? ਧਰਨੇ ਲਗਾਏ, ਲਾਠੀਚਾਰਜ ਹੋਏ । ਸਿਰ ਫੇਰ ਲੋਕਾਂ ਦੇ ਹੀ ਪਾਟੇ । ਖੱਟਿਆ ਕੀ ? ਛੁਣਛਣਾ ਜੋ ਲੋਕ ਵਜਾ ਰਹੇ ਹਨ ।

ਹੁਣ ਗੱਲ ਮਤਿਆਂ ਜਾਂ ਧਰਨਿਆਂ ਦੇ ਨਾਲ ਹਲ ਨਹੀਂ ਹੋਣੀ । ਹੁਣ ਤੇ ਆਰਪਾਰ ਦੀ ਜੰਗ ਦਾ ਵੇਲਾ ਹੈ ਪਰ ਪੰਜਾਬ ਦੇ ਕੋਲ ਹੁਣ ਜੰਗ ਲੜਨ ਦੇ ਲਈ ਬਾਬੇ ਬਚੇ ਹਨ ਤੇ ਜੁਆਨ ਤੇ ਗਏ ਕੈਨੇਡਾ । ਕੌਣ ਲੜਾਈ ਲੜੇਗਾ ? ਸਰਕਾਰ ਕੋਲ ਸੁਰੱਖਿਆ ਦਸਤੇ, ਫੌਜ, ਅਦਾਲਤਾਂ ਤੇ ਜੇਲਾਂ ਹਨ । ਸਰਕਾਰ ਕੋਲ ਬਹੁਤ ਬਹੁਤ ਹੈ ਪਰ ਲੋਕਾਂ ਦੇ ਕੋਲ ਵੀ ਤਾਕਤ ਘੱਟ ਨਹੀਂ । ਪਰ ਇਹ ਤਾਕਤ ਵੱਖ ਵੱਖ ਥਾਂਵਾਂ ਉਤੇ ਵੰਡੀ ਹੋਈ ਹੈ । ਕਿਸਾਨ ਮਜ਼ਦੂਰ ਯੂਨੀਅਨਾਂ ਦੇ ਬੱਤੀ ਹਨ ਤੇ ਸਿਆਸੀ ਪਾਰਟੀਆਂ ਦੇ ਡੇਢ ਦਰਜਨ ਪ੍ਰਧਾਨ ਹਨ । ਹਰ ਪਿੰਡ ਦੇ ਵਿੱਚ ਚਾਰ ਸਿਆਸੀ ਪਾਰਟੀਆਂ ਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਵਰਕਰ ਹਨ । ਸਭ ਇਕ ਦੂਜੇ ਦੇ ਦੁਸ਼ਮਣ ਹਨ । ਫੇਰ ਮਸਲੇ ਹਲ ਕਿਵੇਂ ਹੋਣਗੇ ? ਸਾਡੇ ਆਉਣ ਵਾਲੇ ਬੱਚੇ ਰੋਣਗੇ ਕਿ ਤੇ ਸਾਨੂੰ ਲਾਹਣਤਾਂ ਪਾਉਣਗੇ । ਕਿ ਸਾਡੇ ਪੁਰਖੇ ਕੀ ਕਰਦੇ ਰਹੇ ? ਸਿਰਫ ਆਪਸ ਵਿੱਚ ਹੀ ਲੜਾਈਆਂ ਕਰਦੇ ਤੇ ਮਰਦੇ ਰਹੇ ਜਾਂ ਜੇਲ੍ਹ ਜਾਂਦੇ ਰਹੇ । ਗੱਲ ਹੁਣ ਧਰਮ ਦੀ ਨਹੀਂ । ਜਿਉਂਦੇ ਰਹਿਣ ਦੀ ਹੈ । ਜਿਉਂਦੇ ਉਹ ਰਹਿੰਦੇ ਹਨ ਜਿਹਨਾਂ ਦੇ ਕੋਲ ਤਾਕਤ ਹੋਵੇ । ਹੁਣ ਤਾਕਤ ਸੱਤਾਧਾਰੀ ਧਿਰ ਕੋਲ ਹੈ । ਉਹ ਵਰਤ ਰਹੀ ਹੈ । ਸਾਡੇ ਹੀ ਜੁਆਨ ਹਨ ਜੋ ਸੁਰੱਖਿਆ ਦਸਤਿਆਂ ਵਿੱਚ ਹਨ ਉਹ ਹੀ ਸਾਡੇ ਸਿਰ ਪਾੜਨਗੇ । ਸਾਨੂੰ ਸਾਡਿਆਂ ਕੋਲੋਂ ਹੀ ਕੁੱਟਵਾਇਆ ਜਾਂਦਾ ਰਿਹਾ ਤੇ ਰਹੇਗਾ । ਕੀ ਖੱਟਿਆ ਹੈ ਦੇਸ ਦੀ ਸੇਵਾ ਕਰਕੇ ? ਸ਼ਹੀਦ ਬਣ ਕੇ ?

ਵਿਕਾਸ ਦੇ ਨਾਮ ਉਤੇ ਹਾਈਵੇ ਮਾਰਗ ਆਮ ਲੋਕਾਂ ਦੇ ਲਈ ਨਹੀਂ ਬਲਕਿ ਕਾਰਪੋਰੇਟੀਆਂ ਦੀ ਸਹੂਲਤ ਲਈ ਬਣੇ । ਜ਼ਮੀਨਾਂ ਪੰਜਾਬ ਦੀਆਂ ਹਨ ਤੇ ਨਿਗੂਣੇ ਜਿਹੇ ਮੁਆਵਜ਼ੇ ਦੇ ਲਾਲਚ ਵਿੱਚ ਅਗਲਿਆਂ ਲਈਆਂ । ਹੁਣ ਦਿੱਲੀ ਤੋਂ ਕਟੜਾ ਮਾਰਗ ਬਣ ਰਿਹਾ ਹੈ । ਹਰ ਹਾਈਵੇ ਦਾ ਸਬੰਧ ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੈ । ਪਾਕਿਸਤਾਨ ਦੇ ਵਿੱਚ ਬਣ ਰਹੀ ਖੁਸ਼ਕ ਬੰਦਰਗਾਹ ਦੇ ਨਾਲ ਇਹਨਾਂ ਸਾਰੇ ਮਾਰਗਾਂ ਨੇ ਜੁੜਨਾ ਹੈ । ਹਰ ਚੀਜ਼ ਉਤੇ ਟੈਕਸ ਲੋਕ ਦੇਦੇ ਹਨ ਤੇ ਨਜ਼ਾਰੇ ਸੱਤਾਧਾਰੀ ਲੈਦੇ ਹਨ । ਰੋੜ ਟੈਕਸ ਤੇ ਫੇਰ ਟੋਲ ਟੈਕਸ ਭਰਦੇ ਹਨ । ਹੋਰ ਕਿੰਨੇ ਟੈਕਸ ?

ਖੈਰ ਹੁਣ ਥੁੱਕ ਨਾਲ ਨਾ ਪਕੌੜੇ ਬਨਣੇ ਹਨ ਤੇ ਨਾ ਹੀ ਮਤੇ ਪਾਸ ਕਰਕੇ ਕਬੂਤਰ ਵਾਂਗੂੰ ਅੱਖਾਂ ਮੀਚ ਕਿ ਬਹਿ ਹੋਣਾ ਹੈ । ਹੁਣ ਕਰੋ ਮਰੋ ਜਾਂ ਡਰ ਕੇ ਬਾਹਰ ਤੁਰ ਜਾਓ ।
ਪੁਆੜੇ ਦੀ ਜੜ੍ਹ ਚੰਡੀਗੜ੍ਹ ਨਹੀਂ ਹੈ ਲੋਕਾਂ ਦਾ ਆਪਸੀ ਫੁੱਟ ਹੈ । ਜਦੋਂ ਤੱਕ ਅਸੀਂ ਕਿਸਾਨ ਦੇ ਚਾਰ ਪੁਤਰ ਵਾਲੀ ਕਹਾਣੀ ਨਹੀਂ ਨਹੀ ਸਮਝਦੇ ਤੇ ਕੋਈ ਮਸਲਾ ਹਲ ਨਹੀਂ ਹੋਣਾ । ਕਾਰਪੋਰੇਟ ਘਰਾਣਿਆਂ ਦੇ ਦਲਾਲ ਬਣੇ ਸਿਆਸੀ ਆਗੂਆਂ ਦੀ ਪਛਾਣ ਕਰੋ ਤੇ ਉਨ੍ਹਾਂ ਦਾ ਹੁੱਕਾ ਪਾਣੀ ਬੰਦ ਕਰੋ । ਨਹੀਂ ਫੇਰ ਮਰਨ ਲਈ ਜਾਂ ਜੇਲਾਂ ਵਿੱਚ ਸੜਨ ਲਈ ਤਿਆਰ ਰਹੋ । ਹੁਣ ਤੂਫਾਨ ਆ ਰਿਹਾ ਹੈ ਤੇ ਪੰਜਾਬ ਜਾ ਰਿਹਾ ਹੈ । ਪੰਜਾਬ ਇਤਿਹਾਸ ਦੀਆਂ ਕਿਤਾਬਾਂ ਦਾ ਹਿੱਸਾ ਬਣ ਜਾਵੇਗਾ ! ਹੁਣ ਕੀ ਕਰਨਾ ਹੈ ? ਜੰਗ ਆਰ ਪਾਰ ਦੀ ਕਰਨ ਦਾ ਵੇਲਾ ਹੈ ।
ਹੁਣ ਧਰਨਿਆਂ ਤੇ ਮਰਨਿਆਂ ਦਾ ਵੇਲਾ ਨਹੀਂ ਰਿਹਾ
ਜਿਉਂਦੇ ਹੋਣ ਤੇ ਰਹਿਣ ਦਾ ਵੇਲਾ ਹੈ
ਬਹੁਤ ਸ਼ਹੀਦੀਆਂ ਪਾ ਲਈਆਂ
ਬਹੁਤ ਹਾਰ ਪਵਾ ਲਏ
ਹੁਣ ਜਿਉਂਦੇ ਰਹਿਣ ਦਾ
ਕਿਵੇਂ ਜਿਉਂਦੇ ਰਹਿਣਾ ਹੈ
ਕਰਨ ਦਾ ਵੇਲਾ ਹੈ
ਨਹੀਂ ਆਉਣ ਵਾਲੀਆਂ ਪੀੜ੍ਹੀਆਂ
ਤੁਹਾਡੇ ਮੂੰਹ ਉਤੇ ਥੁੱਕਣਗੀਆਂ
ਕੀ ਪੰਜਾਬੀਆਂ ਦੀ ਨਸਲ ਤੇ ਫਸਲ ਬਦਲ ਗਈ
ਜੋ ਸੁਰੱਖਿਅਤ ਥਾਂਵਾਂ ਵੱਲ ਭੱਜ ਰਹੀ ਹੈ
ਭਲਾ ਭੱਜਦਾ ਕੌਣ ਹੁੰਦਾ ਹੈ ?
ਬਾਕੀ ਤੁਸੀਂ ਸਮਝੋ
ਜੈ ਹੋ…. !!!!!!!!!!

ਇਲਤੀ ਬਾਬਾ
9464370823

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਧੀਸੱਤਵ ਅੰਬੇਡਕਰ ਪਬਲਿਕ ਸਕੂਲ ਵਿੱਚ ਸਕੂਲ ਦੇ ਫਾਉਂਡਰ ਮੈਂਬਰ ਸਮੇਤ ਐਨ.ਆਰ.ਆਈਜ਼ ਨੇ ਕੀਤਾ ਦੌਰਾ –
Next articleओमप्रकाश वाल्मीकि स्मृति साहित्य सम्मान 2022 के लिए युवा कवि एवं लेखक रमन कुमार का नाम चयनित