ਸਮਾਜ ਵੀਕਲੀ
ਕੋਰੋਨਾ ਮਹਾਂਮਾਰੀ ਨੇ ਸਿਹਤ ਸਬੰਧੀ ਤਾਂ ਸੰਕਟ ਪੈਦਾ ਕੀਤਾ ਹੀ ਹੈ,ਅੱਜ ਦੀ ਨੌਜਵਾਨਾਂ ਪੀੜ੍ਹੀ ਵਿਚ ਇਕ ਡਰ ਦਾ ਮਹੌਲ ਵੀ ਬਣਾ ਦਿੱਤਾ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਭਵਿੱਖ ਦੀ ਚਿੰਤਾਂ ਲੱਗੀ ਹੋਈ ਹੈ।ਇਸ ਤਰ੍ਹਾਂ ਨਹੀ ਹੈ ਕਿ ਇਸ ਤੋਂ ਪਹਿਲਾਂ ਕਦੇ ਏਹੋ ਜਿਹੀ ਸਥਿਤੀ ਨਹੀ ਹੋਈ,ਪਰ ਉਦੋਂ ਲੋਕਾਂ ਵਿਚ ਇਸ ਤਰ੍ਹਾਂ ਦਾ,ਖਾਸ ਕਰਕੇ ਮੌਤ ਨੂੰ ਲੈ ਕੇ ਕੋਈ ਡਰ ਨਹੀ ਹੁੰਦਾ ਸੀ,ਫਿਰ ਕੋਰੋਨਾ ਮਹਾਂਮਾਰੀ ਆਉਣ ਤੇ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਲੋਕ ਜੀਵਨ ਦੀ ਸੱਚਾਈ ਜਾਣਦੇ ਹੋਏ ਵੀ ਆਪਣੇ ਅੰਦਰ ਡਰ ਪੈਦਾ ਕਰਨ ਲੱਗੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਘਟਨਾਵਾਂ ਤੋਂ ਬਹੁਤ ਕੁਝ ਸਾਫ ਸਾਫ ਸਮਝਿਆ ਜਾ ਸਕਦਾ ਹੈ।ਕੁਝ ਦਿਨ ਪਹਿਲਾਂ ਇੰਦੌਰ ਵਿਚ ਹੋਈ ਇਕ ਪਤੀ ਦੀ ਕੋਰੋਨਾ ਕਾਰਨ ਮੌਤ ਹੋਣ ਤੋਂ ਬਾਅਦ ਪਤਨੀ ਨੇ ਹਸਪਤਾਲ ਵਿਚ ਹੀ ਨੌਵੀ ਮੰਜਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ।ਇਕ ਹੋਰ ਘਟਨਾ ਵਿਚ ਪ੍ਰੋਫੈਸਰ ਪਤੀ ਦੀ ਕੋਰੋਨਾ ਕਾਰਨ ਇਕ ਨਿਜੀ ਹਸਪਤਾਲ ਵਿਚ ਮੌਤ ਹੋਣ ਤੇ ਉਸ ਦੀ ਪ੍ਰੌਫੈਸਰ ਪਤਨੀ ਨੇ ਆਪਣੇ ਘਰ ਵਿਚ ਹੀ ਜਾਨ ਦੇ ਦਿੱਤੀ।
ਕੋਟਾ ਸ਼ਹਿਰ ਵਿਚ ਇਕ ਬਜੁਰਗ ਜੋੜੇ ਨੇ ਕੋਰੋਨਾ ਦੇ ਲੱਛਣ ਆਉਣ ਤੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।ਉਹਨਾਂ ਨੇ ਇਸ ਕਰਕੇ ਆਪਣੀ ਜਾਨ ਦੇ ਦਿੱਤੀ ਕਿ ਘਰ ਵਿਚ ਕਿਸੇ ਹੋਰ ਮੈਬਰ ਨੂੰ ਕੋਰੋਨਾ ਨਾ ਹੋ ਜਾਏ।ਇਸ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਕਿਉਦਾਹਰਣ:-ਪਰਿਵਾਰ ਵਿਚ ਕਿਸੇ ਇਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਬਾਕੀ ਮੈਂਬਰਾਂ ਨੂੰ ਜਿੰਮੇਦਾਰੀ ਸਮਝਦੇ ਹੋਏ ਬਾਕੀ ਰਹਿੰਦੇ ਕੰਮਾਂ ਵਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਉਸ ਮਰੇ ਹੋਏ ਮੈਂਬਰ ਦੇ ਨਾਲ ਹੀ ਖਤਮ ਕਰ ਲਈਏ।ਇਹ ਵੀ ਇਕ ਸੱਚਾਈ ਹੈ ਕਿ ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਮੌਤ ਹੋਣ ਜਾਣ ਤੇ ਸਦਮਾ ਤਾਂ ਲੱਗਦਾ ਹੀ ਹੈ,ਪਰ ਦੂਸਰੇ ਮੈਂਬਰਾਂ ਵਲ ਦੇਖ ਕੇ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ,ਆਖਰ ਕਿਉਂ ਲੋਕ ਇਸ ਤਰ੍ਹਾਂ ਦੇ ਕਦਮ ਉਠਾਉਣ ਦੇ ਲਈ ਮਜ਼ਬੂਰ ਹੋ ਜਾਂਦੇ ਹਨ?
ਇਹ ਵਿਗਿਆਨ ਦਾ ਯੁੱਗ ਹੈ,ਏਥੇ ਮਨੁੱਖੀ ਭਾਵਨਾਵਾਂ ਤੋਂ ਉਪਰ ਉਠ ਕੇ ਤਰਕ ਨੂੰ ਪਹਿਲ ਦਿੱਤੀ ਜਾਂਦੀ ਹੈ,ਕਿਉਂ ਇਸ ਮੁਸ਼ਕਲ ਦੀ ਘੜੀ ਵਿਚ ਮਨੁੱਖ ਤਰਕਾਂ ਦੇ ਵਿਚ ਖੋਇਆ ਜਾ ਰਿਹਾ ਹੈ?ਆਖਰ ਮਨੁੱਖ ਏਨਾ ਕਿਉਂ ਆਪਣੇ ਆਪ ਨੂੰ ਡਰਿਆਂ ਡਰਿਆਂ ਜਿਹਾ ਮਹਿਸੂਸ ਕਰ ਰਿਹਾ ਹੈ?ਡਰ ਦੇ ਕਾਰਨ ਹੀ ਸਹੀ ਫੈਸਲਾ ਲੈਣ ਤੋਂ ਮਨੁੱਖ ਆਪਣੇ ਆਪ ਨੂੰ ਅਸਮਰਥ ਸਮਝਣ ਲੱਗਾ ਹੈ।ਇਹ ਬਿਲਕੁਲ ਸੱਚਾਈ ਹੈ ਕਿ ਜਿਸ ਤਰ੍ਹਾਂ ਦਾ ਦੇਸ਼ ਅੰਦਰ ਮਹੌਲ ਬਣਿਆ ਹੋਇਆ ਹੈ,ਉਹਦੇ ਵਿਚ ਹਰ ਇਨਸਾਨ ਡਰ ਦੇ ਸਾਏ ਅੰਦਰ ਜਿਊਣ ਲਈ ਮਜ਼ਬੂਰ ਹੋਇਆ ਪਿਆ ਹੈ,ਕਿਉਕਿ ਕੋਈ ਵੀ ਦਰਦਨਾਕ ਤੇ ਅਚਾਨਕ ਮੌਤੇ ਮਰਨਾ ਨਹੀ ਚਾਹੁੰਦਾ।
ਇਹ ਜਾਣਦੇ ਹੋਏ ਵੀ ਕਿ ਜੋ ਚੀਜ਼ ਪੈਦਾ ਹੋਈ ਹੈ ਉਸ ਨੇ ਸਮਾਪਤ ਵੀ ਹੋਣਾ ਹੀ ਹੈ,ਫਿਰ ਸ਼੍ਰਿਸ਼ਿਟੀ ਦੀ ਇਸ ਸੱਚਾਈ ਤੋਂ ਕਿਉਂ ਇਨਸਾਨ ਭੱਜਦਾ ਨਜ਼ਰ ਆ ਰਿਹਾ ਹੈ?ਇਹ ਸਵਾਲ ਅੱਜ ਸਮਾਜ ਸ਼ਾਸ਼ਤਰੀਆਂ ਲਈ ਵੀ ਅਹਿਮ ਬਣ ਗਿਆ ਹੈ।ਇਸ ਕਰਕੇ ਇਹਨਾਂ ਯਤਨਾਂ ਤੇ ਚਿੰਤਨ ਕਰਨਾ ਜਰੂਰੀ ਹੋ ਗਿਆ ਹੈ,ਜਿਸ ਨਾਲ ਇਸ ਮੁਸ਼ਕਲ ‘ਚੋਂ ਕੱਢਿਆ ਜਾ ਸਕੇ।ਵਿਗਿਆਨ ਵੀ ਮੰਨਦਾ ਹੈ ਕਿ ਮਨੁੱਖ ਹੀ ਇਕ ਐਸਾ ਪ੍ਰਾਣੀ ਹੈ ਜਿਸ ਦੇ ਕੋਲ ਵਿਕਸਿਤ ਦਿਮਾਗ਼ ਹੈ ਕਿਉਕਿ ਉਸ ਨੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨੂੰ ਤਿਆਰ ਕਰਕੇ ਇਹ ਸਿੱਧ ਕਰ ਦਿੱਤਾ ਹੈ।
ਦੂਸਰੇ ਪਾਸੇ ਇਕ ਵਿਰੋਧਤਾ ਵੀ ਸਮਾਜ ਵਿਚ ਦੇਖਣ ਨੂੰ ਮਿਲ ਰਹੀ ਹੈ।ਕੁਝ ਐਸੇ ਵੀ ਲੋਕ ਹਨ ਜਿੰਨਾਂ ਨੇ ਡਰ ਦੇ ਮਹੌਲ ਵਿਚ ਵੀ ਲਾਲਚ ਨਹੀ ਛੱਡਿਆ,ਬਲਕਿ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਡਰ ਦਾ ਇਕ ਨਵਾਂ ਬਜ਼ਾਰ ਤਿਆਰ ਕਰ ਲਿਆ ਹੈ।ਦਵਾਈਆਂ,ਟੀਕੇ ਆਕਸੀਜ਼ਨ ਹਰ ਚੀਜ਼ ਦੀ ਕਾਲਾ ਬਜ਼ਾਰੀ ਹੋਣ ਲੱਗ ਪਈ ਹੈ।ਇਥੋਂ ਤੱਕ ਕਿ ਕਫਨ ਅਤੇ ਸ਼ਮਸ਼ਾਨ ਘਾਟ ਵਿਚ ਵੀ ਕਾਲਾ ਬਜ਼ਾਰੀ ਹੋਈ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁਸ਼ਕਲ ਦੀ ਘੜੀ ਵਿਚ ਕੁਝ ਲੋਕ ਏਨੇ ਸੁਆਰਥੀ ਹੋ ਸਕਦੇ ਹਨ ਕਿ ਮੌਤ ਦਾ ਸੌਦਾ ਕਰਨ ਤੋਂ ਵੀ ਨਹੀ ਹਿੱਚਕਚਾ ਰਹੇ।ਡਰ ਦਾ ਬਜ਼ਾਰ ਲੋਕਾਂ ਨੂੰ ਡਰਾਉਣ ਨਹੀ ਘੱਟ ਸੀ ਕਿ ਮੌਤ ਦਾ ਬਜ਼ਾਰ ਵੀ ਤਿਆਰ ਕਰ ਦਿੱਤਾ।ਏਥੇ ਹੀ ਬੱਸ ਨਹੀ,ਕੋਰੋਨਾ ਮਰੀਜ਼ ਦੀ ਦੇਖਭਾਲ ਦੇ ਲਈ ਹਸਪਤਾਲ ਜਾਂ ਘਰ ਵਿਚ ਕੁਝ ਲੋਕਾਂ ਨੂੰ ਕਿਰਾਏ ਤੇ ਲਿਆਇਆ ਜਾ ਰਿਹਾ ਹੈ,ਕਿਉਂਕਿ ਉਹਨਾਂ ਦੇ ਆਪਣੇ ਖੁਨ ਦੇ ਰਿਸ਼ਤੇ ਨੇ ਉਨਾਂ ਤੋਂ ਮੂੰਹ ਮੋੜ ਲਿਆ ਹੈ।
ਉਨਾਂ ਨੂੰ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਅਸੀ ਨਾ ਕੋਰੋਨਾ ਦੀ ਲਪੇਟ ਵਿਚ ਆ ਜਾਈਏ,ਤੇ ਸਾਨੂੰ ਵੀ ਕਿਤੇ ਮੌਤ ਦਾ ਸਾਹਮਣਾ ਨਾ ਕਰਨਾ ਪੈ ਜਾਏ।ਇਸ ਕਰਕੇ ਦੇਖਭਾਲ ਕਰਨ ਵਾਲੇ, ਚਾਰ ਸੌ ਤੋਂ ਅੱਠ ਸੌ ਲੈਣ ਵਾਲਿਆ ਬਾਰੇ ਕਦੇ ਇਹ ਨਹੀ ਸੋਚਿਆ ਕਿ ਉਨਾਂ ਵਿਚ ਵੀ ਤਾਂ ਜਾਨ ਹੀ ਹੈ,ਇਹਨਾਂ ਜਰੂਰਤਮੰਦਾ ਦੀ ਜਾਨ ਦੀ ਕੋਈ ਕੀਮਤ ਨਹੀ ਹੈ?ਇਹ ਵੀ ਆਪਣੀ ਅਤੇ ਅਪਣੇ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੀ ਜਾਨ ਜੋਖਮ ਵਿਚ ਪਾਉਣ ਲਈ ਮਜਬੂਰ ਹਨ,ਕਿਉਂਕਿ ਇਹਨਾਂ ਦੇ ਕੋਲ ਹੋਰ ਕੋਈ ਬਦਲ ਨਹੀ ਹੈ।ਫਰਕ ਸਿਰਫ ਏਨਾ ਹੈ ਕਿ ਕੁਝ ਲੋਕ ਖੁਦ ਨੂੰ ਜਿਊਦਾ ਰੱਖਣ ਦੇ ਲਈ ਆਪਣਿਆ ਤੋਂ ਦੂਰ ਹੋ ਰਹੇ ਹਨ,ਅਤੇ ਕੁਝ ਆਣਿਆ ਦਾ ਜੀਵਨ ਬਚਾਉਣ ਦੇ ਲਈ ਆਪਣੇ ਆਪ ਨੂੰ ਜੋਖਮ ਵਿਚ ਪਾ ਰਹੇ ਹਨ।
ਸਮਾਜ ਸ਼ਾਸ਼ਤਰੀ ਅਲਰਿਚ ਬੈਕ ਨੇ 1986 ਵਿਚ ਆਪਣੀ ਪੁਸਤਕ ਰਿਸਕ ਸੁਸਾਇਟੀ ਵਿਚ ਕਿਹਾ ਸੀ ਕਿ ਭਵਿੱਖ ਵਿਚ ਤਕਨੀਕੀ ਵਿਕਾਸ ਤੇਜ ਹੋਣ ਦੇ ਕਾਰਨ ਵਾਤਾਵਰਣ ਵੀ ਅਸਰੱਖਿਅਤ ਵਧੇਗਾ,ਅੱਜ ਉਹੀ ਕੁਝ ਹੋ ਰਿਹਾ ਹੈ।ਬੈਕ ਦਾ ਤਰਕ ਸੀ ਕਿ ਅਗਿਆਨਤਾ ਦੇ ਦੌਰ ਵਿਚ ਵੱਡੇ ਪੈਮਾਨੇ ਤੇ ਨਵੇਂ ਤਰ੍ਹਾਂ ਦੀਆਂ ਚਨੌਤੀਆਂ ਦਾ ਨਿਰਮਾਣ ਹੋਵੇਗਾ,ਅਤੇ ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਅਗਿਆਨਤਾ ਨੇ ਮਨੁੱਖੀ ਸਮਾਜ ਦੇ ਸਾਹਮਣੇ ਅਨੇਕਾਂ ਹੀ ਤਰ੍ਹਾਂ ਦੇ ਖਤਰੇ ਪੈਦਾ ਕਰ ਦਿੱਤੇ ਹਨ।ਇਹ ਖਤਰੇ ਜਗਾ,ਸਮ੍ਹਾਂ ਅਤੇ ਸਮਾਜਿਕ ਭੇਦਭਾਵ ਦੀਆਂ ਸਾਰੀਆਂ ਇੱਛਾਵਾਂ ਤੋਂ ਦੂਰ ਹੈ।ਜੋ ਖਤਰਾ ਕਲ ਸਾਡੇ ਤੋਂ ਬਹੁਤ ਦੂਰ ਸੀ,ਉਹ ਅੱਜ ਅਤੇ ਭਵਿੱਖ ਵਿਚ ਸਾਡੇ ਸਾਹਮਣੇ ਖੜਾ ਮਿਲੇਗਾ।
ਅੱਜ ਕੋਰੋਨਾ ਮਹਾਂਮਾਰੀ ਅਤੇ ਇਹਦੇ ਤੋਂ ਬਣੇ ਹਾਲਾਤ ਤੁਹਾਡੇ ਸਾਹਮਣੇ ਉਦਾਹਰਣ ਹਨ।ਬੈਕ ਇਹ ਵੀ ਮੰਨਦੇ ਹਨ ਕਿ ਜੋਖਮ ਭਰੇ ਸਮਾਜ ਨਾਲ ਨਿਪਟਣ ਦੇ ਲਈ ਇਸ ਦੀ ਮੂਲ ਪ੍ਰੇਰਣਾ ਸ਼ਕਤੀ ਮਤਲਬ ਡਰ ਦੀ ਭਾਵਨਾ ਦੇ ਵਿਸ਼ੇ ਵਿਚ ਵਿਚਾਰ ਕਰਨਾ ਹੋਵੇਗਾ।ਉਨਾਂ ਦਾ ਤਰਕ ਹੈ ਕਿ ਜੇਕਰ ਅਸੀ ਡਰ ਦੇ ਕਾਰਨਾ ਨੂੰ ਦੂਰ ਨਹੀ ਕਰ ਸਕਦੇ ਤਾਂ ਅਸੀ ਡਰ ਦਾ ਸਾਹਮਣਾ ਕਿਵੇਂ ਕਰ ਸਕਦੇ ਹਾਂ?ਦੇਖਾ ਜਾਏ ਤਾਂ ਜੋਖਮ ਤਾਂ ਮਨੁੱਖੀ ਸਮਾਜ ਦੇ ਪੁਰਾਣੇ ਸਮ੍ਹੇਂ ਤੋਂ ਹੀ ਹਨ। ਪਰ ਐਟਮੀ ਤਾਕਤ,ਰਸਾਇਣਕ ਅਤੇ ਪ੍ਰਮਾਣੂ ਹਥਿਆਰ ਵਰਗੇ ਜੋਖਮ ਤਾਂ ਨਵੇ ਹੀ ਹਨ।
ਤਕਨੀਕੀ ਦੇ ਇਸ ਯੁੱਗ ਵਿਚ ਵਸਤੂਆਂ,ਸੇਵਾਵਾਂ ਅਤੇ ਸੂਚਨਾਵਾਂ ਦਾ ਹੀ ਵਿਸ਼ਵੀਕਰਨ ਨਹੀ ਹੋਇਆ ਹੈ,ਇਸ ਦੇ ਨਾਲ ਨਾਲ ਨਵੇ ਜੋਖਮਾਂ ਤੇ ਸੰਕਟਾਂ ਦਾ ਵੀ ਵਿਸ਼ਵੀਕਰਨ ਹੋਇਆ ਹੈ।
ਇਸ ਕਰਕੇ ਬੈਕ ਆਪਣੀ ਕਿਤਾਬ ਵਿਚ ਆਉਣ ਵਾਲੇ ਸਮ੍ਹੇਂ ਵਿਚ ਆਉਣ ਵਾਲੀਆਂ ਆਫਤਾਂ ਨੂੰ ਨਾਕਾਰਦੇ ਹਨ।ਇਹੀ ਕਾਰਨ ਹੈ ਕਿ ਇਸ ਕੋਰੋਨਾ ਮਹਾਂਮਾਰੀ ਨੇ ਅਮੀਰ-ਗਰੀਬ,ਊਚ-ਨੀਚ,ਜਾਤ-ਪਾਤ ਤੇ ਧਰਮ ਕਿਸੇ ਵਿਚ ਵੀ ਕੋਈ ਫਰਕ ਨਹੀ ਰੱਖਿਆ।ਵਿਕਸਿਤ,ਵਿਕਾਸ਼ਸ਼ੀਲ ਅਤੇ ਅਵਿਕਸਿਤ ਸਾਰੇ ਦੇਸ਼ ਇਸ ਬੀਮਾਰੀ ਦੀ ਲਪੇਟ ਵਿਚ ਹਨ ਅਤੇ ਇਸ ਸੰਕਟ ਨਾਲ ਲੜ ਰਹੇ ਹਨ। ਇਹ ਗੱਲ ਵੀ ਕਹਿਣ ਤੋਂ ਕੋਈ ਗੁਰੇਜ਼ ਨਹੀ ਹੈ ਕਿ ਮੌਜੂਦਾ ਸਮ੍ਹਾਂ ਪੂੰਜ਼ੀਵਾਦ ਦਾ ਹੈ।ਜਿਸ ਵਿਚ ਸਮਾਜਿਕ ਬਰਾਬਰਤਾ ਬੜੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ,’ਤੇ ਪੂੰਜ਼ੀਵਾਦ ਏਨਾ ਭਾਰੂ ਚੁੱਕਾ ਹੈ ਕਿ ਜਿਸ ਵਿਚ ਸਾਡੀਆਂ ਬੁਨਿਆਦੀ,ਆਰਥਿਕ, ਸਮਾਜਿਕ, ਪ੍ਰਕਿਰਿਆਵਾਂ ਲਗਾਤਾਰ ਨਵੇਂ-ਨਵੇਂ ਜੋਖਮ ਪੈਦਾ ਕਰ ਰਹੀਆਂ ਹਨ।
ਅੱਜ ਲੋੜ ਹੈ ਇਕ ਸੁਚੱਜਾ ਸਾਫ ਸੁਥਰਾ ਵਾਤਾਵਰਨ ਬਣਾਉਣ ਦੀ,ਲੋਕਾਂ ਵਲੋਂ ਆਪਣੇ ਅਤੇ ਆਪਣਿਆ ਤੇ ਮੁੜ ਵਿਸ਼ਵਾਸ਼ ਬਣਾਉਣ ਦੀ,ਇਹ ਉਮੀਦ ਬਣਾਉ ਕਿ ਕੋਈ ਡਰ ਜਾਂ ਸੰਕਟ ਕਿਸੇ ਵੀ ਮਨੁੱਖ ਦੇ ਹੌਸਲੇ ਤੋਂ ਵੱਡਾ ਨਹੀ ਹੋ ਸਕਦਾ। ਕੁਦਰਤੀ ਆਫਤਾਂ ਨੂੰ ਹਰਾਉਣਾ ਇਨਸਾਨ ਦੇ ਲਈ ਅਸੰਭਵ ਜਰੂਰ ਹੈ ਪਰ ਇਨਸਾਨ ਵਲੋਂ ਪੈਦਾ ਕੀਤੀਆਂ ਆਫਤਾਂ ਦਾ ਇਨਸਾਨ ਡਟ ਕੇ ਮੁਕਾਬਲਾ ਕਰ ਸਕਦਾ ਹੈ।ਆਪਣੀ ਸਹੀ ‘ਤੇ ਸਾਫ ਸੁਥਰੀ ਸੋਚ ਰੱਖ ਕੇ ਡਰ ਨੂੰ ਹਰਾ ਕੇ ਹੀ ਆਪਣੇ ਸਬੰਧਾਂ ਨੂੰ ਤੇ ਅਲੱਗ-ਥਲੱਗ ਹੋ ਰਹੇ ਸਮਾਜ ਨੂੰ ਇਕੱਠਾ ਕਰ ਸਕਦੇ ਹਾਂ।ਬਹੁਤ ਸਾਰੇ ਲੋਕ ਐਸੇ ਵੀ ਹੈ ਜੋ ਇਸ ਸੋਚ ਦੇ ਨਾਲ ਦੂਸਰਿਆਂ ਦੀ ਸਹਾਇਤਾ ਲਈ ਅੱਗੇ ਆਏ ਹੈ।ਪਰ ਇਕ ਇਕੱਠ ਦੇ ਤੌਰ ਤੇ ਇਹੋ ਜਿਹੀ ਮੁਹਿੰਮ ਚਲਣੀ ਚਾਹੀਦੀ ਹੈ।
ਅਮਰਜੀਤ ਚੰਦਰ
ਲੁਧਿਆਣਾ 9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly