ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਔਰਤਾਂ ਨੂੰ ਸਰਵਾਈਕਲ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਕਿ 14 ਸਾਲ ਤੱਕ ਦੀਆਂ ਬੱਚੀਆਂ ਨੂੰ ਐਚ.ਪੀ.ਵੀ. (ਹਿਊਮਨ ਪੈਪਿਲੋਮਾ ਵਾਇਰਸ) ਟੀਕਾਕਰਨ ਲਾਜ਼ਮੀ ਲਗਵਾਇਆ ਜਾਵੇ ਜਿਸ ਲਈ ਜ਼ਿਲ੍ਹੇ ਵਿਚ 28 ਫਰਵਰੀ ਤੋਂ ਟੀਕਾਕਰਨ ਮੁਹਿੰਮ ਲਗਾਤਾਰ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਹਿੰਮ ਤਹਿਤ 14 ਸਾਲ ਦੀਆਂ ਉਨ੍ਹਾਂ ਬੱਚੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ ਅਜੇ 15 ਸਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਅਸਰਦਾਰ ਢੰਗ ਹੈ ਅਤੇ ਇਹ ਵੈਕਸੀਨ ਇਕ ਹੀ ਖੁਰਾਕ ਵਜੋਂ ਦਿੱਤੀ ਜਾਂਦੀ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਔਰਤਾਂ ਵਿਚ ਛਾਤੀ ਵਿਚ ਕੈਂਸਰ ਤੋਂ ਬਾਅਦ ਸਰਵਾਈਕਲ ਕੈਂਸਰ ਦੂਜੇ ਨੰਬਰ ’ਤੇ ਆਉਂਦਾ ਹੈ, ਇਸ ਲਈ ਇਸ ਬੀਮਾਰੀ ਦੀ ਰੋਕਥਾਮ ਲਈ ਸਮੇਂ ਸਿਰ ਟੀਕਾਕਰਨ ਬਹੁਤ ਜ਼ਰੂਰੀ ਹੈ। ਸਰਕਾਰ ਨੇ ਸਾਲ 2030 ਤੱਕ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਹ ਮੁਹਿੰਮ ਉਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸੀ.ਐਚ.ਸੀ. ਟਾਂਡਾ, ਪੀ.ਐਚ.ਯੂ ਪਾਲਦੀ, ਪੀ.ਐਸ.ਸੀ ਮੰਡਮੰਡੇਰ, ਪੀ.ਪੀ. ਯੂਨਿਟ ਸਿਵਲ ਹਸਪਤਾਲ ਹੁਸ਼ਿਆਰਪੁਰ, ਸੀ.ਐਚ.ਸੀ. ਹਾਰਟਾ ਬਡਲਾ,ਪੀ.ਐਚ.ਸੀ. ਹਾਜੀਪੁਰ, ਸੀ.ਐਚ.ਸੀ. ਸ਼ਾਮ ਚੁਰਾਸੀ, ਪੀ.ਐਚ.ਸੀ. ਚਕੋਵਾਲ, ਪੀ.ਐਚ.ਸੀ. ਬੁੱਢਾਵੜ, ਸੀ.ਐਚ.ਸੀ. ਭੂੰਗਾ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਪੁਰਹੀਰਾਂ, ਪੀ.ਐਚ.ਸੀ.ਪੋਸੀ, ਸਬ ਡਵੀਜ਼ਨਲ ਹਸਪਤਾਲ ਮੁਕੇਰੀਆਂ, ਸੀ.ਐਚ.ਸੀ. ਮਾਹਿਲਪੁਰ, ਪੀ.ਐਚ.ਸੀ. ਕਮਾਹੀ ਦੇਵੀ, ਸਬ ਡਵੀਜ਼ਨਲ ਹਸਪਤਾਲ ਗੜਸ਼ੰਕਰ, ਅਰਬਨ ਪ੍ਰਾਈਮਰੀ ਹੈਲਥ ਸੈਂਟਰ ਇਸਲਾਮਾਬਾਦ, ਸਬ ਡਿਵੀਜ਼ਨਲ ਹਸਪਤਾਲ ਦਸੂਹਾ, ਸੀ.ਐਚ.ਸੀ. ਬੀਣੇਵਾਲ ਅਤੇ ਸੀ.ਐਚ.ਸੀ. ਭੋਲ ਕਲੋਤਾ ਸਮੇਤ ਵੱਖ-ਵੱਖ ਸਿਹਤ ਕੇਂਦਰਾਂ ਵਿਚ ਇਹ ਟੀਕਾਕਰਨ ਕੀਤਾ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


