HOME ਕੇਂਦਰੀ ਟੀਮ ਵਲੋੰ ਮੀਹ ਦੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ...

ਕੇਂਦਰੀ ਟੀਮ ਵਲੋੰ ਮੀਹ ਦੇ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ

1

2025-26 ‘ਚ 51 ਚੈੱਕ ਡੈਮਾਂ ਦੀ ਉਸਾਰੀ ਦਾ ਟੀਚਾ ਰੱਖਿਆ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਮੀਂਹ ਦੇ ਪਾਣੀ ਦੀ ਸੰਭਾਲ ਅਤੇ ਸੁਚੱਜੇ ਪ੍ਰਬੰਧਨ ਲਈ ਜਲ ਸ਼ਕਤੀ ਮੰਤਰਾਲੇ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਸ਼ੁਰੂ ਕੀਤੇ ‘ਕੈਚ ਦੀ ਰੇਨ’ ਪ੍ਰੋਗਰਾਮ-2025 ਲਈ ਕੇਂਦਰੀ ਟੀਮ ਵਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕਰਕੇ ਜ਼ਿਲੇ ਅੰਦਰ ਪਾਣੀ ਦੀ ਸੰਭਾਲ ਲਈ ਉਸਾਰੇ ਗਏ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਕੇਂਦਰੀ ਟੀਮ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਵਿਸਥਾਰਤ ਮੀਟਿੰਗ ਕਰਕੇ ਜ਼ਿਲੇ ਅੰਦਰ ਵੱਖ ਵੱਖ ਵਿਭਾਗਾਂ ਵਲੋਂ ਸਾਲ 2024-25 ਦੌਰਾਨ ਕੀਤੇ ਕਾਰਜਾਂ ਦੀ ਜਾਣਕਾਰੀ ਵੀ ਹਾਸਲ ਕੀਤੀ ਗਈ। ਕੇਂਦਰੀ ਟੀਮ ਤੋਂ ਆਏ ਉਦਯੋਗ ਵਿਭਾਗ ਦੇ ਡਾਇਰੈਕਟਰ ਅਤੇ ਜਲ ਸ਼ਕਤੀ ਪ੍ਰੋਗਰਾਮ ਦੇ ਕੇਂਦਰੀ ਤਕਨੀਕੀ ਨੋਡਲ ਅਧਿਕਾਰੀ ਸੁਰੇਸ਼ਵਰ ਸਿੰਘ ਬੋਨਾਲ ਅਤੇ ਕੇਂਦਰੀ ਜਲ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਵਿਕਰਮ ਗਰਗ ਨੇ ਜ਼ਿਲੇ ਵਿਚ ‘ਕੈਚ ਦੀ ਰੇਨ’ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਮੁਲਾਕਾਤ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਨੇ ਟੀਮ ਨੂੰ ਜਲ ਸ਼ਕਤੀ ਅਭਿਆਨ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜਿਲੇ ਅੰਦਰ ਮੀਂਹ ਦੇ ਪਾਣੀ ਦੀ ਸੰਭਾਲ ਲਈ 18 ਚੈੱਕ ਡੈਮਾਂ ਦੀ ਉਸਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ 119 ਨੂੰ ਰਿਚਾਰਜਿੰਗ ਸਟਰਕਚਰ ਉਸਾਰ ਕੇ ਬਰਸਾਤੀ ਪਾਣੀ ਨੂੰ ਧਰਤੀ ਹੇਠ ਰਿਚਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲੇ ਅੰਦਰ 227 ਟੋਭਿਆਂ ਨੂੰ ਸਾਫ ਕਰਕੇ ਰਿਚਾਰਜਿੰਗ ਯੋਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਤਹਿਤ ਹੀ ਜਿਲੇ ਅੰਦਰ ਲਗਭਗ ਚਾਰ ਲੱਖ ਬੂਟੇ ਲਗਾਏ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2025-26 ਦੌਰਾਨ ਜ਼ਿਲੇ ਅੰਦਰ 51 ਚੈੱਕ ਡੈਮਾਂ ਦੀ ਉਸਾਰੀ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿੱਚੋਂ 12 ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ 40 ਰੂਫ ਟਾਪ ਰੇਨ ਵਾਟਰ ਰਿਚਾਰਜਿੰਗ ਸਟਰਕਚਰ ਅਤੇ 71 ਸੋਕ ਪਿਟ ਵੀ ਬਣਾਏ ਗਏ ਹਨ। ਉਨ੍ਹਾਂ ਨੇ ਟੀਮ ਨੂੰ ਜਾਣੂੰ ਕਰਵਾਇਆ ਕਿ ਜ਼ਿਲੇ ਅੰਦਰ ਬਰਸਾਤੀ ਪਾਣੀ ਦੀ ਸੁਚੱਜੀ ਸੰਭਾਲ ਲਈ ਲੋਕਾਂ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਸੰਬੰਧੀ ਜਾਗਰੂਕ ਕਰਨ ਲਈ 41 ਜਾਗਰੂਕਤਾ ਕੈਂਪ ਵੀ ਲਾਏ ਜਾ ਚੁੱਕੇ ਹਨ। ਕੇਂਦਰੀ ਟੀਮ ਵਲੋਂ ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਵਲੋਂ ਜਲ ਸ਼ਕਤੀ ਅਭਿਆਨ ਤਹਿਤ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਜ਼ਿਲੇ ਅੰਦਰ ਜਲ ਸ਼ਕਤੀ ਕੇਂਦਰ ਨੂੰ ਸਮੇ ਦੀ ਲੋੜ ਅਨੁਸਾਰ ਕਾਰਜਸ਼ੀਲ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਕੇਂਦਰੀ ਟੀਮ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਤਾਕੀਦ ਕੀਤੀ ਕਿ ਜਲ ਸ਼ਕਤੀ ਅਭਿਆਨ ਤਹਿਤ ਜਿਲੇ ਦਾ ਵਾਟਰ ਕੰਜਰਵੇਸ਼ਨ ਪਲਾਨ ਜਲਦ ਤਿਆਰ ਕਰਕੇ ਭੇਜਿਆ ਜਾਵੇ। ਮੀਟਿੰਗ ਵਿੱਚ ਜਿਲੇ ਅੰਦਰ ਪਾਣੀ ਦੀ ਸੰਭਾਲ ਲਈ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਉਪਰਾਲਿਆਂ ਸੰਬੰਧੀ ਤਿਆਰ ਕੀਤੀ ਪੀ.ਪੀ.ਟੀ. ਵੀ ਦਿਖਾਈ ਗਈ।। ਮੀਟਿੰਗ ਦੌਰਾਨ ਵਣ-ਮੰਡਲ ਅਧਿਕਾਰੀ ਹਰਭਜਨ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨਿਧੀ ਸਿਨਹਾ, ਉਪਮੰਡਲ ਭੂਮੀ ਰੱਖਿਆ ਅਫਸਰ ਕ੍ਰਿਸ਼ਨ ਦੁੱਗਲ, ਸਹਾਇਕ ਡਾਇਰੈਕਟਰ ਬਾਗਵਾਨੀ ਰਾਜੇਸ਼ ਕੁਮਾਰ, ਹਰਵਿੰਦਰ ਸਿੰਘ ਜ਼ਿਲੇ ਦੇ ਸਮੂਹ ਬੀ.ਡੀ.ਪੀ.ਓਜ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਹਰ ਔਰ ਲੱਕੜਹਾਰੇ ਹੈ, ਫਿਰ ਭੀ ਪੇਡ ਕਹਾਂ ਹਾਰੇ ਹੈਂ” ਸਲੌਗਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਬੂਟੇ ਲਗਾਏ-ਸੀ.ਜੇ.ਐਮ-ਕਮ-ਸਕੱਤਰ ਡਾ.ਅਮਨਦੀਪ
Next articleਜ਼ਿਲੇ ‘ਚ ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਦਾ ਜਲਦ ਹੋਵੇਗਾ ਗਠਨ – ਡਿਪਟੀ ਕਮਿਸ਼ਨਰ