ਲੁਧਿਆਣਾ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲੁਧਿਆਣਾ ਪਹੁੰਚੇ ਦਿੱਲੀ ਦੇ ਸਨਅਤ ਅਤੇ ਸਿਹਤ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਦੇ ਕਿਹਾ ਕਿ ਹੁਣ ਈਡੀ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਪਰ ਉਹ ਈਡੀ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਅੱਜ ਉਹ ਹਲਕਾ ਦਾਖਾ ’ਚ ‘ਆਪ’ ਉਮੀਦਵਾਰ ਡਾ. ਕੇਐੱਨਐੱਸ ਕੰਗ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਸਨ।
ਸਤੇਂਦਰ ਜੈਨ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਮੱਦੇਨਜ਼ਰ ਹੁਣ ਕੇਂਦਰ ਸਰਕਾਰ ‘ਆਪ’ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਹੀ ਹੈ, ਜਿਸ ਦੇ ਆਧਾਰ ’ਤੇ ਦਿੱਲੀ ਦੇ ਸਿਹਤ ਮੰਤਰੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਈਡੀ ਦੀਆਂ ਟੀਮਾਂ ਮੁੜ ਉਨ੍ਹਾਂ ਖ਼ਿਲਾਫ਼ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਅੱਜ ਇਸ ਸਬੰਧ ’ਚ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਪੰਜਾਬ ਚੋਣਾਂ ਦੌਰਾਨ ਵੀ ਈਡੀ ਨੇ ਉਨ੍ਹਾਂ ਖ਼ਿਲਾਫ਼ ਛਾਪਾ ਮਾਰਿਆ ਸੀ ਤੇ ਉਦੋਂ ਵੀ ਈਡੀ ਨੂੰ ਕੁਝ ਨਹੀਂ ਸੀ ਮਿਲਿਆ। ਇਸ ਵਾਰ ਵੀ ਈਡੀ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੀ ਯੋਜਨਾ ਬਣਾ ਰਹੀ ਹੈ। ਸਤੇਂਦਰ ਜੈਨ ਨੇ ਲੁਧਿਆਣਾ ’ਚ ਵੱਖ-ਵੱਖ ਹਲਕਿਆਂ ’ਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਪੰਜਾਬ ਵਿੱਚ ਮਿਲ ਕੇ ਚੋਣਾਂ ਲੜ ਰਹੀਆਂ ਹਨ। ਇਸ ਕਰਕੇ ਉਹ ਚੋਣਾਂ ਵਿੱਚ ‘ਆਪ’ ਨੂੰ ਨਿਸ਼ਾਨਾ ਬਣਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly